ਨਿਹੰਗ ਨੇ ਗੁਰਦੂਆਰੇ ਵਿੱਚ ਦਾਖ਼ਲ ਹੋ ਕੇ ਤਲਵਾਰ ਨਾਲ ਕੀਤਾ ਹਮਲਾ
ਬਰਨਾਲਾ,
ਧਨੌਲਾ ਦੇ ਗਰਮ ਖਿਆਲੀ ਧੜੇ ਨਾਲ ਸਬੰਧਤ ਝਿਰਮਲ ਸਿੰਘ ਗੱਗੀ ਨਿਵਾਸੀ ਬੰਗੇਹਰ ਪੱਤੀ ਧਨੌਲਾ ਨੇ ਗੁਰਦੁਆਰਾ ਰਾਮਸਰ ਸਾਹਿਬ ਅੰਦਰ ਦਾਖਲ ਹੋ ਕੇ ਤਲਵਾਰ ਨਾਲ ਗੁਰਦੁਆਰਾ ਰਾਮਸਰ ਸਾਹਿਬ ਪ੍ਰਬੰਧਕ ਕਮੇਟੀ ਦੇ ਸਕੱਤਰ ਹਰਿੰਦਰਜੀਤ ਸਿੰਘ ਅਤੇ ਉਸ ਦੇ ਚਾਚੇ ਦੇ ਬੇਟੇ ਗਗਨ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜਾਣਕਾਰੀ ਅਨੁਸਾਰ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਕਲੱਬ ਦੇ ਕਾਰਕੁਨ ਝਿਰਮਲ ਸਿੰਘ ਗੱਗੀ ਨੇ ਇਕ ਦਿਨ ਪਹਿਲਾਂ ਫੇਸਬੁੱਕ 'ਤੇ ਕੁਮੈਂਟ ਕਰ ਕੇ ਸਕੱਤਰ ਹਰਿੰਦਰਜੀਤ ਸਿੰਘ, ਸਾਬਕਾ ਪ੍ਰਧਾਨ ਸੁਰਜੀਤ ਸਿੰਘ ਅਤੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਰਜਨੀਸ਼ ਕੁਮਾਰ ਖ਼ਿਲਾਫ਼ ਇਕ ਪੋਸਟ ਪਾਈ ਸੀ ਜਿਸ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਉਕਤ ਤਿੰਨਾਂ ਵਿਅਕਤੀਆਂ ਨੇ ਪੁਲੀਸ ਨਾਲ ਮਿਲ ਕੇ ਗੁਰਮੀਤ ਸਿੰਘ ਕਾਲੇ ਮਾਨ ਨੂੰ ਗ੍ਰਿਫ਼ਤਾਰ ਕਰਵਾਇਆ ਹੈ।
ਅੱਜ ਸਵੇਰੇ ਹਰਿੰਦਰਜੀਤ ਸਿੰਘ ਨੇ ਇਸ ਗੱਲ ਦਾ ਵਿਰੋਧ ਕਰਦਿਆਂ ਝਿਰਮਲ ਸਿੰਘ ਗੱਗੀ ਤੋਂ ਇਸ ਬਾਰੇ ਪੁੱਛਿਆ ਅਤੇ ਆਪਣੇ ਸਾਥੀ ਕਮੇਟੀ ਮੈਂਬਰਾਂ ਨਾਲ ਗੱਲਬਾਤ ਕੀਤੀ। ਬਾਅਦ ਦੁਪਹਿਰ ਝਰਮਲ ਸਿੰਘ ਗੱਗੀ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਪੁੱਜ ਗਿਆ। ਕੁਝ ਸਮੇਂ ਬਾਅਦ ਹੀ ਹਰਿੰਦਰਜੀਤ ਸਿੰਘ ਹੋਰਾਂ ਨੇ ਇਕੱਠਿਆਂ ਹੋ ਕੇ ਝਿਰਮਲ ਸਿੰਘ ਤੋਂ ਇਸ ਵਰਤਾਰੇ ਬਾਰੇ ਪੁੱਛਿਆ। ਇਸੇ ਗੱਲ ਨੂੰ ਲੈ ਕੇ ਦੋਵਾਂ ਦਰਮਿਆਨ ਤਕਰਾਰ ਹੋ ਗਿਆ ਅਤੇ ਗੁੱਸੇ ਵਿੱਚ ਝਿਰਮਲ ਸਿੰਘ ਗੱਗੀ ਨੇ ਤਲਵਾਰ ਨਾਲ ਹਮਲਾ ਕਰ ਦਿੱਤਾ। ਸਿੱਟੇ ਵਜੋਂ ਹਰਿੰਦਰਜੀਤ ਸਿੰਘ ਸਕੱਤਰ ਅਤੇ ਉਸਦੇ ਚਾਚੇ ਦਾ ਬੇਟਾ ਗਗਨ ਗੰਭੀਰ ਜ਼ਖਮੀ ਹੋ ਗਏ।
ਗੁਰਦੁਆਰਾ ਰਾਮਸਰ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਰਾਜ ਸਿੰਘ ਪੰਧੇਰ ਨੇ ਆਖਿਆ ਕੀ ਵਧੀਕੀਆਂ ਕਰਨ ਵਾਲਿਆਂ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਡਾ. ਖੁਸ਼ਪ੍ਰੀਤ ਕੌਰ ਨੇ ਦੱਸਿਆ ਕਿ ਗਗਨਦੀਪ ਸਿੰਘ ਦੀ ਹਾਲਤ ਖਤਰੇ ਤੋਂ ਬਾਹਰ ਹੈ ਪਰ ਹਰਿੰਦਰ ਸਿੰਘ ਨੂੰ ਸੱਟ ਜ਼ਿਆਦਾ ਹੋਣ ਕਾਰਨ ਦੂਸਰੇ ਹਸਪਤਾਲ 'ਚ ਰੈਫਰ ਕਰਨਾ ਪਵੇਗਾ।
ਇਸ ਸਬੰਧੀ ਥਾਣਾ ਧਨੌਲਾ ਦੇ ਇੰਚਾਰਜ ਵਿਜੇ ਕੁਮਾਰ ਨੇ ਕਿਹਾ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ ਅਤੇ ਉਸ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮੁਲਜ਼ਮ ਖ਼ਿਲਾਫ਼ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
0 comments:
एक टिप्पणी भेजें