*ਪੰਜਾਬ ਵਾਸੀਆਂ ਨੂੰ ਵਧਾਈਆਂ, ਪੰਜਾਬ ਵਿੱਚ ਵੀ ਪੈਟਰੋਲ ਦੀ ਕੀਮਤ 100 ਪ੍ਰਤੀ ਲੀਟਰ ਤੋਂ ਪਾਰ ਹੋਈ : ਵਿਜੇ ਧੀਰ*
*ਜ਼ਿਲ੍ਹਾ ਇੰਟਕ ਵਰਕਰਾਂ ਨੇ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ*
ਮੋਗਾ (28 ਜੂਨ) ਕੈਪਟਨ ਸੁਭਾਸ਼ ਚੰਦਰ ਸ਼ਰਮਾ: =ਪੰਜਾਬ ਵਾਸੀਆਂ ਨੂੰ ਕੇਂਦਰ ਦੀ ਮੋਦੀ ਸਰਕਾਰ ਤੇ ਗਿਲਾ ਸੀ ਕਿ ਜਦੋਂ ਦੇਸ਼ ਦੇ ਹੋਰ ਸੂਬਿਆਂ ਵਿਚ ਪੈਟਰੋਲ ਦੀ ਕੀਮਤ 100 ਰੁਪਏ ਤੋਂ ਵੱਧ ਹੈ ਤਾਂ ਪੰਜਾਬ ਨਾਲ ਇਹ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਨੇ ਕਿਸਾਨਾਂ ਦੇ ਬੀਤੇ 7 ਮਨੀਨਿਆਂ ਤੋਂ ਖੇਤੀ ਵਿਰੋਧੀ ਤਿੰਨੇ ਕਾਲ਼ੇ ਕਾਨੂੰਨਾਂ ਨੂੰ ਰੱਦ ਕਰਨ ਲਈ ਕੀਤੈ ਜਾ ਰਹੇ ਅੰਦੋਲਨ ਦਾ ਸਮਾਧਾਨ ਕਰਨ ਦੀ ਬਜਾਏ ਪੰਜਾਬ ਵਿੱਚ ਪੈਟਰੋਲ ਦੀ ਕੀਮਤ 100 ਪ੍ਰਤੀ ਲੀਟਰ ਕਰਨ ਨੂੰ ਤਰਜੀਹ ਦੇ ਕੇ ਪੰਜਾਬ ਵਾਸੀਆਂ ਨਾਲ ਵਿਤਕਰਾ ਕੀਤੇ ਜਾਣ ਦਾ ਗਿਲਾ ਦੂਰ ਕਰਦਿਆਂ ਪੰਜਾਬ ਵਿੱਚ ਵੀ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੋਂ ਉੱਪਰ ਕਰ ਦਿੱਤੀ ਹੈ। ਇਨ੍ਹਾਂ ਵਿਅੰਗਾਤਮਕ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਅੱਜ ਇਥੇ ਮਾਲਵੇ ਦੇ ਉੱਘੇ ਮਜ਼ਦੂਰ ਆਗੂ ਅਤੇ ਕਾਂਗਰਸ ਪੱਖੀ ਮਜ਼ਦੂਰ ਸੰਗਠਨ ਇੰਟਕ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਉਸ ਸਮੇਂ ਪ੍ਰਗਟ ਕੀਤੇ ਜਦ ਉਹ ਪੰਜਾਬ ਵਿੱਚ ਵੀ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਪਾਰ ਕਰ ਜਾਣ ਤੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਜ਼ਿਲ੍ਹਾ ਇੰਟਕ ਵਰਕਰ ਮੋਦੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਸਨ। ਧੀਰ ਨੇ ਇਸ ਮੌਕੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦਾ ਢੀਠਪੁਣਾ ਅਤੇ ਬੇਸ਼ਰਮੀ ਇਸ ਕਦਰ ਵੱਧ ਗਈ ਹੈ ਕਿ ਇੱਕ ਪਾਸੇ ਕੋਰੋਨਾ ਮਹਾਂਮਾਰੀ ਕਾਰਨ ਲੋਕਾਂ ਦੇ ਕਾਰੋਬਾਰ ਖ਼ਤਮ ਹੋਣ ਦੇ ਕਗਾਰ ਤੇ ਹਨ ਅਤੇ ਲੋਕਾਂ ਦਾ ਕਚੂੰਬਰ ਨਿਕਲਿਆ ਪਿਆ ਹੈ ਅਤੇ ਲੋਕਾਂ ਲੲੀ ਦੋ ਵਕਤ ਦੀ ਰੋਟੀ ਕਮਾਉਣੀ ਔਖੀ ਹੋਈ ਪਈ ਹੈ, ਦੂਜੇ ਪਾਸੇ ਅਜਿਹੇ ਔਖੇ ਸਮੇਂ ਵਿੱਚ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਘਟਣ ਦੇ ਬਾਵਜੂਦ ਕੇਂਦਰ ਸਰਕਾਰ ਲਗਾਤਾਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਾ ਕੇ ਬੇਹਤਾਸ਼ਾ ਮੁਨਾਫ਼ਾ ਕਮਾ ਰਹੀ ਹੈ। ਧੀਰ ਨੇ ਕਿਹਾ ਕਿ ਇਸ ਕੰਮ ਵਿੱਚ ਰਾਜ ਸਰਕਾਰਾਂ ਵੀ ਕੇਂਦਰ ਸਰਕਾਰ ਨਾਲ ਰਲੀਆਂ ਹੋਈਆਂ ਹਨ। ਧੀਰ ਨੇ ਕਿਹਾ ਕਿ ਮੋਗਾ ਸਮੇਤ ਪੰਜਾਬ ਦੇ ਮੋਹਾਲੀ ਅਤੇ ਰੋਪੜ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੋਂ ਪਾਰ ਕਰ ਚੁੱਕੀ ਹੈ। ਧੀਰ ਨੇ ਇਸ ਮੌਕੇ ਕਿਹਾ ਕਿ ਦੇਸ਼ ਦੇ 149 ਜ਼ਿਲਿਆਂ ਵਿਚ ਇਸ ਸਮੇਂ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੋਂ ਪਾਰ ਕਰ ਚੁੱਕੀ ਹੈ। ਇਸ ਮੌਕੇ ਸਮੂਹ ਇੰਟਕ ਵਰਕਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਮੋਦੀ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ। ਧੀਰ ਨੇ ਕਿਹਾ ਡਾਕਟਰ ਮਨਮੋਹਨ ਸਿੰਘ ਦੀ ਕਾਂਗਰਸ ਸਰਕਾਰ ਸਮੇਂ ਜਦੋਂ ਪੈਟਰੋਲ ਦੀ ਕੀਮਤ 65 ਰੁਪਏ ਪ੍ਰਤੀ ਲੀਟਰ ਸੀ ਤਾਂ ਗੁਜਰਾਤ ਦਾ ਮੁੱਖ ਮੰਤਰੀ ਹੁੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾਕਟਰ ਮਨਮੋਹਨ ਸਿੰਘ ਸਰਕਾਰ ਨੂੰ ਫੇਲ ਸਰਕਾਰ ਦੱਸਿਆ ਸੀ, ਉਸ ਹਿਸਾਬ ਨਾਲ ਮੋਜੂਦਾ ਮੋਦੀ ਸਰਕਾਰ ਡਬਲ ਫੇਲ ਸਰਕਾਰ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਦੇਸ਼ ਇੰੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੋੜਾਂ, ਪ੍ਰਦੇਸ਼ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ, ਈ ਰਿਕਸ਼ਾ ਮਜ਼ਦੂਰ ਸੰਘ ਦੇ ਪ੍ਰਧਾਨ ਜਸਵੰਤ ਸਿੰਘ ਜੱਸਾ, ਸਰਵਨ ਸਿੰਘ, ਸ਼ਿੰਦਰ ਪਾਲ, ਮਨੋਹਰ ਲਾਲ, ਪਰਸ਼ੋਤਮ ਲਾਲ, ਚੰਨਾਂ, ਸੰਨੀ, ਸ਼ੁਕਲਾ, ਰਜੇਸ਼ ਚੋਪੜਾ, ਸੋਮੀ, ਬੱਬੂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
0 comments:
एक टिप्पणी भेजें