ਰਾਜ ਪੱਧਰੀ ਸਮਾਗਮ
ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਮੈਗਾ ਜਾਬ ਮੇਲਿਆਂ ਦੌਰਾਨ ਨੌਕਰੀਆਂ ਪ੍ਰਾਪਤ ਕਰਨ ਵਾਲੇ 270 ਨੌਜਵਾਨਾਂ ਦਾ ਸਨਮਾਨ
ਮਾਈਕ੍ਰੋਸਾਫਟ ਵਲੋਂ 20 ਹਜ਼ਾਰ ਲੜਕੀਆਂ ਨੂੰ ਦਿੱਤੀ ਜਾਵੇਗੀ ਸੂਚਨਾ ਤਕਨੀਕ ਦੀ ਸਿਖਲਾਈ
ਸੀਵਰਾਂ ਦੀ ਸਫਾਈ ਤਕਨੀਕੀ ਤਰੀਕੇ ਨਾਲ ਕਰਨ ਲਈ ਸੀਵਰਮੈਨਾਂ ਨੂੰ ਸਿੱਖਿਅਤ ਕਰਨ ਦਾ ਪ੍ਰਾਜੈਕਟ 20 ਦਸੰਬਰ ਤੋਂ
ਕਪੂਰਥਲਾ, 17 ਦਸੰਬਰ
ਕਪੂਰਥਲਾ ਤੋਂ ਰੋਹਿਤ ਸੰਗਰ ਦੀ ਸਪੈਸ਼ਲ ਰਿਪੋਰਟ
ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਅੱਜ ਆਈ.ਕੇ. ਗੁਜ਼ਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਖੇ ਰਾਜ ਪੱਧਰੀ ਸਨਮਾਨ ਸਮਾਗਮ ਦੌਰਾਨ 270 ਨੌਜਵਾਨਾਂ ਦਾ ਸਨਮਾਨ ਕੀਤਾ ਜਿਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਲਗਾਏ ਮੈਗਾ ਜਾਬ ਮੇਲਿਆਂ ਦੌਰਾਨ ਨੌਕਰੀਆਂ ਪ੍ਰਾਪਤ ਕੀਤੀਆਂ ।
ਉਨ੍ਹਾਂ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬ ਭਰ ਤੋਂ ਆਏ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੇ ਬਤੌਰ ਤਕਨੀਕੀ ਸਿੱਖਿਆ ਮੰਤਰੀ ਰੁਜਗਾਰ ਮੇਲਿਆਂ ਦੀ ਸ਼ਰੂਅੂਤ ਕੀਤੀ, ਉਸ ਤਹਿਤ ਹੁਣ ਤੱਕ ਲੱਖਾਂ ਨੌਜਵਾਨਾਂ ਨੂੰ ਨੌਕਰੀਆਂ ਪ੍ਰਾਪਤ ਕਰਨ ਤੇ ਸਵੈ ਰੁਜ਼ਗਾਰ ਸਥਾਪਿਤ ਕਰਨ ਵਿਚ ਸਹਾਇਤਾ ਦਿੱਤੀ ਗਈ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੀਆਂ 20,000 ਲੜਕੀਆਂ ਜੋ ਕਿ ਸੂਚਨਾ ਤਕਨੀਕ ਖੇਤਰ ਦੀ ਸਿੱਖਿਆ ਪ੍ਰਾਪਤ ਕਰ ਚੁੱਕੀਆਂ ਹਨ, ਨੂੰ ਮਾਈਕ੍ਰੋਸਾਫਟ ਵਲੋਂ ਸਿਖਲਾਈ ਦੇਣ ਦਾ ਸਮਝੌਤਾ ਸਹੀਬੰਧ ਕੀਤਾ ਗਿਆ ਹੈ। ਇਸ ਨਾਲ ਉਹ ਆਪਣੇ ਹੁਨਰ ਨੂੰ ਨਿਖਾਰਕੇ ਅੰਤਰਰਾਸ਼ਟਰੀ ਪੱਧਰ 'ਤੇ ਸੇਵਾਵਾਂ ਪ੍ਰਦਾਨ ਕਰ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਅਗਲਾ ਸਮਾਂ ਆਰਟੀਫੀਸ਼ਲ ਇੰਟੈਲੀਜੈਂਸ ਦਾ ਹੈ, ਜਿਸਦਾ ਸੂਚਨਾ ਤਕਨੀਕ ਤੇ ਖੇਤੀ ਦੇ ਖੇਤਰ ਵਿਚ ਅਹਿਮ ਯੋਗਦਾਨ ਹੋਵੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ 20 ਦਸੰਬਰ ਤੋਂ ਪੰਜਾਬ ਭਰ ਵਿਚ ਵੱਡੇ ਸ਼ਹਿਰਾਂ ਦੇ ਸੀਵਰਮੈਨਾਂ ਨੂੰ ਸਿਖਲਾਈ ਦੇਣ ਦਾ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਤਹਿਤ ਉਹ ਮਸ਼ੀਨੀਕਰਨ ਰਾਹੀਂ ਸੀਵਰ ਦੀ ਸਫਾਈ ਕਰਨ ਦੇ ਸਮਰੱਥ ਹੋਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਬਠਿੰਡਾ ਵਿਖੇ ਏਮਜ ਦੇ ਸਹਿਯੋਗ ਨਾਲ ਨਰਸਾਂ ਨੂੰ ਰੈਸਪੀਰੇਟਰੀ ਸਿਖਲਾਈ 60-60 ਦੇ ਬੈਚ ਵਿਚ ਸਿਖਲਾਈ ਦਿੱਤੀ ਜਾ ਰਹੀ ਹੈ, ਜਿਸ ਨਾਲ ਸਿਵਲ ਹਸਪਤਾਲਾਂ ਅੰਦਰ ਵੈਂਟੀਲੇਟਰ ਤੇ ਹੋਰ ਆਧੁਨਿਕ ਮਸ਼ੀਨਾਂ ਨੂੰ ਚਲਾਉਣ ਦੀ ਵਿਧੀ ਬਾਰੇ ਸਿੱਖਿਅਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੌਕਰੀ ਲਈ ਚੁਣੇ ਗਏ ਨੌਜਵਾਨਾਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ 270 ਵਿਚੋਂ 200 ਨੌਜਵਾਨਾਂ ਨੇ ਨਿੱਜੀ ਖੇਤਰ ਵਿਚ ਨੌਕਰੀਆਂ ਪ੍ਰਾਪਤ ਕੀਤੀਆਂ ਹਨ ਜਦਕਿ 70 ਨੇ ਸਵੈ ਰੁਜ਼ਗਾਰ ਸ਼ਥਾਪਿਤ ਕੀਤੇ ਹਨ।
ਇਸ ਮੌਕੇ ਡਾਇਰੈਕਟਰ ਰੁਜ਼ਗਾਰ ਉਤਪਤੀ ਐਮ.ਕੇ. ਅਰਵਿੰਦ ਕੁਮਾਰ ਨੇ ਕੈਬਨਿਟ ਮੰਤਰੀ ਦਾ ਸਵਾਗਤ ਕਰਦਿਆਂ ਕਿਹਾ ਕਿ ਪਿਛਲੇ 2 ਮਹੀਨਿਆਂ ਦੌਰਾਨ ਹੀ 1900 ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਤੋਂ ਇਲਾਵਾ ਸਵੈ ਰੁਜ਼ਗਾਰ ਲਈ 48 ਕਰੋੜ ਰੁਪੈ ਦੇ ਕਰਜ਼ ਮਨਜੂਰ ਕਰਵਾਏ ਗਏ ਹਨ।
ਇਸ ਮੌਕੇ ਹਿੰਦੂ ਕੰਨਿਆ ਕਾਲਜ ਦੀਆਂ ਵਿਦਿਆਰਥਣਾਂ ਨੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ। ਵਿਭਾਗ ਵਲੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ, ਮੇਅਰ ਕੁਲਵੰਤ ਕੌਰ, ਡਿਪਟੀ ਮੇਅਰ ਮਾਸਟਰ ਵਿਨੋਦ ਸੂਦ, ਪੰਜਾਬ ਸਰਕਾਰ ਦੇ ਸਲਾਹਕਾਰ ਸੰਦੀਪ ਕੌੜਾ, ਵਧੀਕ ਡਾਇਰੈਕਟਰ ਰੁਜ਼ਗਾਰ ਉਤਪਤੀ ਰਾਜੇਸ਼ ਤਿ੍ਰਪਾਠੀ, ਕਾਂਗਰਸੀ ਆਗੂ ਅਮਨਦੀਪ ਸਿੰਘ ਗੋਰਾ ਗਿੱਲ, ਯੂਨੀਵਰਸਿਟੀ ਦੇ ਵਿੱਤ ਅਧਿਕਾਰੀ ਡਾ. ਸੁਖਵੀਰ ਸਿੰਘ ਵਾਲੀਆ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐਸ ਪੀ ਆਂਗਰਾ, ਡੀਨ ਆਰ.ਪੀ. ਐਸ. ਬੇਦੀ, ਡਾਇਰੈਕਟਰ ਏਕ ਉਂਕਾਰ ਸਿੰਘ ਜੌਹਲ, ਇੰਜੀ ਨਵਦੀਪਕ ਸੰਧੂ ਤੇ ਹੋਰ ਹਾਜ਼ਰ ਸਨ।
ਕੈਪਸ਼ਨ-ਆਈ.ਕੇ. ਗੁਜ਼ਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਹੋਰ। ਕੈਮਰਾਮੈਨ ਮਦਨ ਕੁਮਾਰ ਕਪੂਰਥਲਾ
0 comments:
एक टिप्पणी भेजें