ਅਜੇ ਇਹ ਨਹੀਂ ਦੱਸਿਆ ਕਿ ਚੋਣ ਆਜ਼ਾਦ ਉਮੀਦਵਾਰ ਵੱਜੋਂ ਜਾਂ ਕਿਸੇ ਹੋਰ ਪਾਰਟੀ ਦੀ ਟਿਕਟ 'ਤੇ ਲੜਨਗੇ ?
ਬਰਨਾਲਾ(ਕੇਸ਼ਵ ਵਰਦਾਨ ਪੁੰਜ)
ਕਾਂਗਰਸ ਪਾਰਟੀ ਵੱਲੋਂ ਟਿਕਟ ਕੱਟੇ ਜਾਣ ਤੋਂ ਬਾਅਦ ਅੱਜ ਵੱਡੀ ਗਿਣਤੀ ਵਿੱਚ ਪੁੱਜੇ ਸਮਰੱਥਕਾਂ ਨੇ ਕੇਵਲ ਸਿੰਘ ਢਿੱਲੋਂ ਨੂੰ ਆਜ਼ਾਦ ਉਮੀਦਵਾਰ ਵੱਜੋਂ ਚੋਣ ਮੈਦਾਨ ਵਿੱਚ ਨਿੱਤਰੇ ਲਈ ਪ੍ਰੇਰਿਤ ਕੀਤਾ, ਜਦਕਿ ਆਪਣੀਂ ਰਿਹਾਇਸ਼ 'ਤੇ ਆਏ ਸਮੱਰਥਕਾਂ ਦੀ ਰਾਇ ਨਾਲ ਸਹਿਮਤ ਹੁੰਦਿਆਂ ਕੇਵਲ ਢਿੱਲੋਂ ਨੇ ਕਿ ਜਲਦੀ ਹੀ ਐਲਾਨ ਕਰਨਗੇ ਕਿ ਉਹ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜਨਗੇ ਜਾਂ ਕਿਸੇ ਹੋਰ ਪਾਰਟੀ ਦੀ ਟਿਕਟ 'ਤੇ ਚੋਣ ਮੈਦਾਨ ਵਿੱਚ ਉਤਰਨਗੇ। ਕੇਵਲ ਸਿੰਘ ਢਿੱਲੋਂ ਦੀ ਰਿਹਾਇਸ਼ 'ਤੇ ਸਵੇਰੇ ਤੋਂ ਉਹਨਾਂ ਦੇ ਸਮਰਥਕ ਇੱਕਠੇ ਹੋਣੇ ਸ਼ੁਰੂ ਹੋ ਗਏ ਸਨ। ਇਹਨਾਂ ਸਮਰਥਕਾਂ ਵਿਚ ਹਲਕੇ ਦੇ ਪਿੰਡਾਂ ਦੇ ਪੰਚ-ਸਰਪੰਚ, ਨਗਰ ਕੌਂਸਲਾਂ ਦੇ ਐਮ ਸੀ ਅਤੇ ਪ੍ਰਧਾਨ, ਕਈ ਅਦਾਰਿਆਂ ਦੇ ਚੇਅਰਮੈਨ, ਕਾਂਗਰਸ ਪਾਰਟੀ ਦੇ ਵੱਖ-ਵੱਖ ਅਹੁਦੇਦਾਰ ਤੋਂ ਇਲਾਵਾ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਸ਼ਾਮਲ ਸਨ।
ਇੱਕਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਦਲਜੀਤ ਸਿੰਘ ਸਹੋਤਾ ਇੰਗਲੈਂਡ ਨੇ ਕੇਵਲ ਸਿੰਘ ਢਿੱਲੋਂ ਦੀ ਟਿਕਟ ਕੱਟੇ ਜਾਣ ਦੇ ਰੋਸ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ। ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਸੋਢੀ ਨੇ ਵੀ ਆਪਣੇ ਆਹੁਦੇ ਤੋਂ ਅਸਤੀਫਾ ਦਿੰਦਿਆਂ ਐਲਾਨ ਕੀਤਾ ਕਿ ਕੇਵਲ ਸਿੰਘ ਢਿੱਲੋਂ ਜਿਥੇ ਜਾਣਗੇ, ਉਹ ਉਹਨਾਂ ਦੇ ਨਾਲ ਹੀ ਜਾਣਗੇ। ਨਗਰ ਸੁਧਾਰ ਟਰੱਸਟ ਬਰਨਾਲਾ ਦੇ ਚੇਅਰਮੈਨ ਮੱਖਣ ਸ਼ਰਮਾ ਨੇ ਵੀ ਕਿਹਾ ਕਿ ਮੈਂ ਤੇ ਮੇਰਾ ਪਰਿਵਾਰ ਕੇਵਲ ਸਿੰਘ ਢਿੱਲੋਂ ਨਾਲ ਚਟਾਨ ਵਾਂਗ ਖੜਾ ਹੈ। ਉਹਨਾਂ ਹੋਰ ਕਾਂਗਰਸੀਆਂ ਨੂੰ ਵੀ ਅਪੀਲ ਕੀਤੀ ਕਿ ਦੋਗਲੀਆਂ ਗੱਲਾਂ ਛੱਡ ਕੇ ਉਹ ਵੀ ਕੇਵਲ ਢਿੱਲੋਂ ਨਾਲ ਡੱਟ ਜਾਣ। ਰਜੀਵ ਕੁਮਾਰ ਲੂਬੀ ਅਤੇ ਹੋਰ ਬੁਲਾਰਿਆਂ ਨੇ ਵੀ ਕਿਹਾ ਕਿ ਜਿਵੇਂ ਕੇਵਲ ਸਿੰਘ ਢਿੱਲੋਂ ਕਹੂਗਾ, ਅਸੀਂ ਉਵੇਂ ਹੀ ਕਰਾਂਗੇ। ਇਸ ਉਪਰੰਤ ਜਦੋਂ ਕੇਵਲ ਸਿੰਘ ਢਿੱਲੋਂ ਨੇ ਆਏ ਹੋਏ ਸਮਰਥਕਾਂ ਨੂੰ ਪੁਛਿਆ ਕਿ ਹੁਣ ਕੀ ਜਾਵੇ ਤਾਂ ਇਕੱਠ ਵਿੱਚੋਂ ਆਵਾਜ਼ਾਂ ਆਈਆਂ ਕਿ ਹਰ ਹਾਲਤ ਵਿੱਚ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜੀ ਜਾਵੇ। ਇਸ 'ਤੇ ਕੇਵਲ ਸਿੰਘ ਢਿੱਲੋਂ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਤੁਹਾਡਾ ਸਾਥ ਮੇਰੇ ਲਈ ਟਿਕਟ ਤੋਂ ਕਿਤੇ ਵੱਡਾ ਹੈ। ਮੈਂ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦਾ ਹਾਂ ਅਤੇ ਬਹੁਤ ਜਲਦੀ ਐਲਾਨ ਕਰਾਂਗਾ ਕਿ ਚੋਣ ਆਜ਼ਾਦ ਉਮੀਦਵਾਰ ਵੱਜੋਂ ਲੜੀ ਜਾਵੇ ਜਾਂ ਕਿਸੇ ਹੋਰ ਪਾਰਟੀ ਦੀ ਟਿਕਟ 'ਤੇ ਚੋਣ ਮੈਦਾਨ ਵਿੱਚ ਉਤਾਰਿਆ ਜਾਵੇ। ਇਥੇ ਇਹ ਵੀ ਕਨਸੋਆਂ ਮਿਲ ਰਹੀਆਂ ਹਨ ਕਿ ਕੇਵਲ ਸਿੰਘ ਢਿੱਲੋਂ ਧੀਰਜ ਕੁਮਾਰ ਦੱਧਾਹੂਰ ਦੀ ਥਾਂ ਭਾਜਪਾ ਦੀ ਟਿਕਟ 'ਤੇ ਚੋਣ ਲੜਨ ਦਾ ਜੁਗਾੜ ਕਰ ਰਹੇ ਹਨ। ਬਹਰਹਾਲ ਕਾਗਜ਼ ਭਰਨ ਲਈ ਸਿਰਫ ਕੱਲ ਦਾ ਦਿਨ ਬਚਿਆ ਹੈ, ਇਸ ਕੇਵਵ ਸਿੰਘ ਢਿੱਲੋਂ ਨੂੰ ਬਹੁਤ ਜਲਦੀ ਫੈਸਲਾ ਲੈਣਾ ਪਵੇਗਾ ਕਿ ਚੋਣ ਆਜ਼ਾਦ ਲੜਨੀ ਹੈ ਜਾਂ ਕਿਸੇ ਹੋਰ ਪਾਰਟੀ ਦੇ ਚੋਣ ਨਿਸ਼ਾਨ 'ਤੇ ਕਿਸਮਤ ਅਜ਼ਮਾਉਣੀ ਹੈ।
0 comments:
एक टिप्पणी भेजें