ਸਰਕਾਰੀ ਪ੍ਰਾਇਮਰੀ ਸਕੂਲ ਅਮਲਾ ਸਿੰਘ ਵਾਲਾ ਵਿਖੇ ਲਗਾਇਆ ਲਾਇਬਰੇਰੀ ਲੰਗਰ ਬਰਨਾਲਾ(ਸੁਖਵਿੰਦਰ ਭੰਡਾਰੀ / ਕੇਸ਼ਵ ਵਰਦਾਨ ਪੁੰਜ) " ਜੇ ਪੂਰਾ ਕਰਨਾ ਖ਼ੁਆਬਾਂ ਨੂੰ, ਤਾਂ ਰੱਖਿਓ ਨਾਲ ਕਿਤਾਬਾਂ ਨੂੰ " ਦੇ ਆਦਰਸ਼ ਵਾਕ ਦੀ ਪੂਰਤੀ ਲਈ ਸਰਬਜੀਤ ਸਿੰਘ ਤੂਰ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਹੈੱਡ ਟੀਚਰ ਨਰਿੰਦਰ ਕੁਮਾਰ ਦੀ ਅਗਵਾਈ ਚ ਸਰਕਾਰੀ ਪ੍ਰਾਇਮਰੀ ਸਕੂਲ ਅਮਲਾ ਸਿੰਘ ਵਾਲਾ (ਬਲਾਕ ਮਹਿਲ ਕਲਾਂ) ਵਿਖੇ ਲਾਇਬਰੇਰੀ ਲੰਗਰ ਲਗਾਇਆ ਗਿਆ।ਇਸ ਕਿਤਾਬਾਂ ਦੇ ਲੰਗਰ ਚ ਜਿੱਥੇ ਵਿਦਿਆਰਥੀਆਂ ਨੇ ਕਿਤਾਬਾਂ ਜਾਰੀ ਕਰਵਾਈਆਂ, ਉਥੇ ਮਾਪਿਆਂ ਵਿੱਚ ਕਿਤਾਬਾਂ ਲੈਣ ਲਈ ਬਹੁਤ ਉਤਸ਼ਾਹ ਵੇਖਣ ਨੂੰ ਮਿਲਿਆ। ਮਾਪਿਆਂ ਦੀ ਭਾਰੀ ਸ਼ਮੂਲੀਅਤ ਦੇਖ ਕੇ ਹੈੱਡ ਟੀਚਰ ਨਰਿੰਦਰ ਕੁਮਾਰ ਨੇ ਕਿਹਾ ਕਿ ਅੱਜ ਸਾਡੇ ਵਿਦਿਆਰਥੀਆਂ ਨੂੰ ਮੋਬਾਇਲ ਦੀ ਜਗ੍ਹਾ ਕਿਤਾਬਾਂ ਦੀ ਲੋੜ ਹੈ ਜਿਸ ਲਈ ਸਾਰੇ ਮਾਪੇ ਗਰਮੀ ਦੀਆਂ ਛੁੱਟੀਆਂ ਵਿੱਚ ਬੱਚਿਆਂ ਨੂੰ ਮੋਬਾਇਲ ਦੀ ਥਾਂ ਹੱਥਾਂ ਵਿਚ ਕਿਤਾਬਾਂ ਦੇਣ ਤਾਂ ਕਿ ਦੇਸ਼ ਦਾ ਭਵਿੱਖ ਬਚਿਆ ਰਹੇ। ਉਨ੍ਹਾਂ ਕਿਹਾ ਕਿ ਕਿਤਾਬਾਂ ਮਨੁੱਖ ਦੀਆਂ ਸਭ ਤੋਂ ਵਧੀਆ ਦੋਸਤ ਹੁੰਦੀਆਂ ਹਨ ਜੋ ਕਿ ਹਰ ਸਮੇਂ ਮਨੁੱਖ ਦਾ ਸਹੀ ਮਾਰਗ ਦਰਸ਼ਨ ਕਰਦੀਆਂ ਰਹਿੰਦੀਆਂ ਹਨ ਅਤੇ ਕਿਤਾਬਾਂ ਪੜ੍ਹਨ ਨਾਲ ਵਿਦਿਆਰਥੀਆਂ ਦੇ ਵਿਹਲੇ ਸਮੇਂ ਦਾ ਸਦਉਪਯੋਗ ਹੁੰਦਾ ਹੈ। ਲਾਇਬਰੇਰੀ ਇੰਚਾਰਜ ਅਜੀਤ ਕੌਰ ਨੇ ਕਿਹਾ ਕਿ ਜਿਵੇਂ ਭੁੱਖ ਵਿਚ ਪ੍ਰਸ਼ਾਦੇ ਦੀ ਲੋੜ ਹੈ , ਉਵੇਂ ਗਿਆਨ ਦੀ ਭੁੱਖ ਪੂਰੀ ਕਰਨ ਲਈ ਕਿਤਾਬਾਂ ਦੀ ਲੋੜ ਹੈ। ਬੱਚਿਆਂ ਦੀ ਸ਼ਖ਼ਸੀਅਤ ਦੀ ਪੂਰਨ ਉਸਾਰੀ ਲਈ ਕਿਤਾਬਾਂ ਪੜ੍ਹਣੀਆਂ ਬਹੁਤ ਜ਼ਰੂਰੀ ਹਨ ਕਿਉਂਕਿ ਪੁਸਤਕਾਂ ਸਾਡੇ ਚਰਿੱਤਰ ਨਿਰਮਾਣ ਵਿੱਚ ਸਰਵੋਤਮ ਭੂਮਿਕਾ ਨਿਭਾਉਂਦੀਆਂ ਹਨ । ਇਸ ਲਈ ਬੱਚਿਆਂ ਨੂੰ ਕਿਤਾਬਾਂ ਦਾ ਸ਼ੌਕ ਹੋਣਾ ਬਹੁਤ ਜ਼ਰੂਰੀ ਹੈ । ਇਸ ਮੌਕੇ ਸਕੂਲ ਕਮੇਟੀ ਮੈਂਬਰ ਰਮਨਦੀਪ ਕੌਰ ਨੇ ਬੋਲਦਿਆਂ ਕਿਹਾ ਕਿ ਇੱਕ ਚੰਗੀ ਪੁਸਤਕ ਸੁਹਿਰਦ ਦੋਸਤ ਵਰਗੀ ਹੁੰਦੀ ਹੈ ਅਤੇ ਪੁਸਤਕਾਂ ਅਜਿਹਾ ਸ਼ਾਹੀ ਖ਼ਜ਼ਾਨਾ ਹੁੰਦੀਆਂ ਹਨ ਜਿਨ੍ਹਾਂ ਵਿੱਚ ਗਿਆਨ ਅਤੇ ਬੁੱਧੀ ਦੇ ਵਿਚਾਰ ਅਤੇ ਭਾਵਨਾਵਾਂ ਸੰਗ੍ਰਹਿ ਕਰਕੇ ਰੱਖੀਆਂ ਗਈਆਂ ਹੁੰਦੀਆਂ ਹਨ। ਇਸ ਮੌਕੇ ਕਮੇਟੀ ਮੈਂਬਰ ਜਸਪਾਲ ਕੌਰ ,ਨਵਜੋਤ ਕੌਰ ਅਤੇ ਸਟਾਫ ਮੈਂਬਰ ਹਰਜਿੰਦਰ ਸਿੰਘ ਅਤੇ ਸਤਨਾਮ ਸਿੰਘ ਹਾਜ਼ਰ ਸਨ। ਅੰਤ ਚ ਸਕੂਲ ਦੇ ਮੁੱਖ ਅਧਿਆਪਕ ਵੱਲੋਂ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਸਭਨਾਂ ਨੂੰ ਚਾਹ ਪਾਣੀ ਪਿਲਾਇਆ ਗਿਆ।
ਸਰਕਾਰੀ ਪ੍ਰਾਇਮਰੀ ਸਕੂਲ ਅਮਲਾ ਸਿੰਘ ਵਾਲਾ ਵਿਖੇ ਲਗਾਇਆ ਲਾਇਬਰੇਰੀ ਲੰਗਰ
- Title : ਸਰਕਾਰੀ ਪ੍ਰਾਇਮਰੀ ਸਕੂਲ ਅਮਲਾ ਸਿੰਘ ਵਾਲਾ ਵਿਖੇ ਲਗਾਇਆ ਲਾਇਬਰੇਰੀ ਲੰਗਰ
- Posted by :
- Date : मई 30, 2022
- Labels :
0 comments:
एक टिप्पणी भेजें