ਕਹਾਣੀਕਾਰ ਪਰਮਜੀਤ ਮਾਨ ਹੋਏ ਵਿਦਿਆਰਥੀਆਂ ਦੇ ਰੂ-ਬ-ਰੂ
ਚੰਡੀਗੜ੍ਹ (ਡਾ ਰਾਕੇਸ਼ ਪੁੰਜ) ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਕਹਾਣੀਕਾਰ ਪਰਮਜੀਤ ਮਾਨ ਵਿਭਾਗ ਦੇ ਵਿਦਿਆਰਥੀਆਂ ਤੇ ਖੋਜਾਰਥੀਆਂ ਦੇ ਰੂ-ਬ-ਰੂ ਹੋਏ। ਇਸ ਰੂ-ਬ-ਰੂ ਪ੍ਰੋਗਰਾਮ ਵਿਚ ਪਰਮਜੀਤ ਮਾਨ ਨੇ ਆਪਣੀਆਂ ਸਿਰਜਣ ਪ੍ਰਕਿਰਿਆ ਅਤੇ ਜੀਵਨ ਅਨੁਭਵ ਬਾਰੇ ਗੱਲਾਂ ਕੀਤੀਆਂ।
ਵਿਭਾਗ ਦੇ ਮੁਖੀ ਡਾ. ਰਵੀ ਰਵਿੰਦਰ ਨੇ ਸੁਆਗਤੀ ਸ਼ਬਦ ਆਖੇ ਅਤੇ ਡਾ. ਬਲਜਿੰਦਰ ਨਸਰਾਲੀ ਨੇ ਪਰਮਜੀਤ ਮਾਨ ਨਾਲ ਵਿਦਿਆਰਥੀਆਂ ਦੀ ਜਾਣ ਪਛਾਣ ਕਰਵਾਈ।
ਪਰਮਜੀਤ ਮਾਨ ਨੇ ਵਿਦਿਆਰਥੀਆਂ ਨਾਲ ਆਪਣੀ ਜ਼ਿੰਦਗੀ ਦੇ ਤਜ਼ਰਬੇ ਸਾਂਝੇ ਕੀਤੇ। ਉਹਨਾਂ ਲੰਮਾ ਸਮਾਂ ਜਲ ਸੈਨਾ ਵਿਚ ਨੌਕਰੀ ਕਰਦਿਆਂ ਜੋ ਅਨੁਭਵ ਖੱਟਿਆ, ਉਸ ਨਾਲ ਵਿਦਿਆਰਥੀਆਂ ਦੀ ਸਾਂਝ ਪਵਾਈ। ਉਹਨਾਂ ਬਚਪਨ ਵਿਚ ਜਹਾਜ਼ ਦੀ ਸਵਾਰੀ ਕਰਨ ਦੇ ਸੁਪਨੇ ਤੋਂ ਲੈ ਕੇ 28 ਸਾਲ ਸਮੁੰਦਰ ਵਿਚ ਬਿਤਾ ਕੇ ਆਪਣੇ ਸੁਪਨੇ ਨੂੰ ਸੱਚ ਕਰ ਦਿਖਾਉਣ ਦੀ ਕਹਾਣੀ ਬਿਆਨ ਕੀਤੀ। ਉਹਨਾਂ ਮਨੁੱਖੀ ਜ਼ਿੰਦਗੀ ਵਿਚ ਸਮੁੰਦਰ ਦੀ ਅਹਿਮੀਅਤ, ਸਮੁੰਦਰੀ ਜੀਵਨ ਦੇ ਫ਼ਾਇਦੇ ਤੇ ਦੁਸ਼ਵਾਰੀਆਂ ਆਦਿ ਬਾਰੇ ਵਿਸਤਾਰ ਵਿਚ ਚਾਨਣਾ ਪਾਇਆ। ਉਹਨਾਂ ਜਲ ਸੈਨਾ ਦਾ ਹਿੱਸਾ ਹੁੰਦਿਆਂ ਭਾਰਤ-ਪਾਕਿਸਤਾਨ ਦੀ 1965 ਤੇ 1971 ਦੀ ਜੰਗ ਪ੍ਰਤੀ ਆਪਣੇ ਪ੍ਰਭਾਵ ਵੀ ਸਾਂਝੇ ਕੀਤੇ। ਉਹਨਾਂ ਆਪਣੀ ਕਹਾਣੀ 'ਹਮਲਾ' ਦੇ ਹਵਾਲੇ ਨਾਲ ਸਮੁੰਦਰੀ ਜੀਵਨ ਦੇ ਉਹਨਾਂ ਦੀ ਰਚਨਾਕਾਰੀ 'ਤੇ ਪਏ ਅਸਰ ਬਾਰੇ ਵੀ ਗੱਲਾਂ ਕੀਤੀਆਂ। ਇਹ ਰੂ-ਬ-ਰੂ ਵਿਦਿਆਰਥੀਆਂ ਲਈ ਕਾਫ਼ੀ ਪ੍ਰੇਰਣਾਦਾਇਕ ਰਿਹਾ।
ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਡਾ. ਕੁਲਵੀਰ ਗੋਜਰਾ ਨੇ ਨਿਭਾਈ। ਇਸ ਪ੍ਰੋਗਰਾਮ ਦੌਰਾਨ ਵਿਭਾਗ ਦੇ ਪ੍ਰੋਫ਼ੈਸਰ ਡਾ. ਜਸਪਾਲ ਕੌਰ, ਡਾ. ਯਾਦਵਿੰਦਰ ਸਿੰਘ, ਡਾ. ਨਛੱਤਰ ਸਿੰਘ ਅਤੇ ਡਾ. ਰਜਨੀ ਬਾਲਾ ਸ਼ਾਮਿਲ ਸਨ।
0 comments:
एक टिप्पणी भेजें