ਲਿਬਰੇਸ਼ਨ ਵੱਲੋਂ ਤਪਾ ਤਹਿਸੀਲ ਦਾ ਇਜਲਾਸ ਕਰਕੇ ਕਾਮਰੇਡ ਸਵਰਨ ਸਿੰਘ ਜੰਗੀਆਣਾ ਨੂੰ ਤਹਿਸੀਲ ਸਕੱਤਰ ਚੁਣਿਆ।
ਬਰਨਾਲਾ,16 ਜਲਾਈ (ਸੁਖਵਿੰਦਰ ਸਿੰਘ ਭੰਡਾਰੀ)
ਸੀਪੀਆਈ (ਐਮ ਐਲ) ਲਿਬਰੇਸ਼ਨ ਵੱਲੋਂ ਤਹਿਸੀਲ ਤਪਾ ਦਾ ਡੈਲੀਗੇਟ ਇਜਲਾਸ ਭਦੌੜ ਵਿਖੇ ਨੈਣੇਵਾਲੀਆਂ ਦੀ ਧਰਮਸ਼ਾਲਾ ਵਿੱਚ ਕੀਤਾ ਇਜਲਾਸ ਦੀ ਪ੍ਰਧਾਨਗੀ ਕਾਮਰੇਡ ਧੰਨਾ ਸਿੰਘ ਭਦੌੜ,ਬੂਟਾ ਸਿੰਘ ਧੌਲਾ,ਮੋਹਨ ਲਾਲ ਤਪਾ, ਸਰਪੰਚ ਕਮਲਜੀਤ ਕੌਰ ਭਦੌੜ, ਤੇ ਹਰਪ੍ਰੀਤ ਕੌਰ ਛੰਨਾ ਨੇ ਕੀਤੀ । ਇਜਲਾਸ ਵਿਚ ਇਕ ਦਰਜਨ ਤੋਂ ਵੱਧ ਪਿੰਡਾਂ ਦੇ ਪਾਰਟੀ ਆਗੂਆਂ ਨੇ ਹਿੱਸਾ ਲਿਆ ਇਜਲਾਸ ਵਿਚ ਪਿਛਲੇ ਸਾਲਾਂ ਵਿੱਚ ਪਾਰਟੀ ਕੰਮਕਾਜ ਦੀ ਰਿਪੋਰਟ ਪੇਸ਼ ਕੀਤੀ ਅਤੇ 11ਮੈਬਰੀ ਕਮੇਟੀ ਚੁਣੀ ਗਈ ਕਮੇਟੀ ਨੇ ਸਰਬਸੰਮਤੀ ਨਾਲ ਕਾਮਰੇਡ ਸਵਰਨ ਸਿੰਘ ਜੰਗੀਆਣਾ ਨੂੰ ਤਹਿਸੀਲ ਸਕੱਤਰ ਚੁਣਿਆ।
ਇਜਲਾਸ ਦਾ ਉਦਘਾਟਨ ਕਰਦੇ ਹੋਏ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਕਾਮਰੇਡ ਪੁਰਸ਼ੋਤਮ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਮੁਕੰਮਲ ਤਬਦੀਲੀ ਲਈ ਕਮਿਊਨਿਸਟ ਲਹਿਰ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਤੇ ਬਾਦਲ ਦਲ ਨੂੰ ਮੁੜ ਸਤਾ ਵਿਚ ਆਉਣੋ ਰੋਕਣ ਅਤੇ ਫਾਸੀਵਾਦੀ ਭਾਜਪਾ ਦੇ ਮਨਸੂਬਿਆਂ ਨੂੰ ਚਕਨਾਚੂਰ ਕਰਨ ਲਈ ਲਾਲ ਝੰਡੇ ਨੂੰ ਸਿਆਸੀ ਬਦਲ ਵਜੋਂ ਉਭਰਨਾ ਪਵੇਗਾ। ਕਾਮਰੇਡ ਸ਼ਰਮਾ ਨੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਪਿੰਡ-ਪਿੰਡ ਜਾ ਕੇ ਜਥੇਬੰਦੀ ਦੀ ਉਸਾਰੀ ਕਰਦਿਆਂ ਭਗਵੰਤ ਮਾਨ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ , ਜਨਤਕ ਦਬਾਅ ਬਣਾਉਣ ਲਈ ਲੋਕ ਲਹਿਰ ਦੀ ਅਗਵਾਈ ਕਰਨ।
ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਤੇ ਸੂਬਾਈ ਆਗੂ ਕਾਮਰੇਡ ਗੁਰਪ੍ਰੀਤ ਰੂੜੇਕੇ ਨੇ ਕਿਹਾ ਕਿ ਸਾਡੀ ਲੜਾਈ ਲੁੱਟ-ਖਸੁੱਟ ਕਰਨ ਵਾਲੇ ਸਰਮਾਏਦਾਰਾਂ, ਵੱਡੇ ਜਾਗੀਰਦਾਰਾਂ ਅਤੇ ਉਨ੍ਹਾਂ ਦੀ ਸਰਕਾਰ ਨਾਲ ਹੈ। ਅਸੀਂ ਮਜ਼ਦੂਰ ਜਮਾਤ ਦੀ ਪਾਰਟੀ ਹਾਂ, ਯਾਨੀ ਕਿ ਮਜ਼ਦੂਰ ਜਮਾਤ। ਜਦੋਂ ਸੱਤਾ ਮਜ਼ਦੂਰ ਜਮਾਤ ਦੇ ਹੱਥਾਂ ਵਿੱਚ ਆਵੇਗੀ ਤਾਂ ਹੀ ਮਜ਼ਦੂਰਾਂ ਅਤੇ ਕਿਸਾਨਾਂ ਦੇ ਹਿੱਤ ਵਿੱਚ ਕਾਨੂੰਨ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਆਪਣੇ ਸਿਆਸੀ ਦੋਸਤਾਂ ਅਤੇ ਦੁਸ਼ਮਣਾਂ ਦੀ ਪਛਾਣ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਮਜ਼ਦੂਰ ਕਿਸਾਨਾਂ ਤੇ ਕਿਰਤੀ ਲੋਕਾਂ ਦੀ ਪਾਰਟੀ, ਸਿਰਫ਼ ਕਮਿਊਨਿਸਟ ਪਾਰਟੀ ਹੈ। ਸਾਨੂੰ ਲੋਕਾਂ ਦੇ ਮਸਲਿਆਂ ਲਈ ਹੀ ਨਹੀਂ ਸਗੋਂ ਪਿੰਡਾਂ ਵਿੱਚ ਮਜ਼ਦੂਰਾਂ, ਕਿਸਾਨਾਂ, ਵਿਦਿਆਰਥੀ ਨੌਜਵਾਨਾਂ ਦੀ ਸਿਆਸੀ ਲਾਮਬੰਦੀ ਲਈ ਵੀ ਪੰਜ ਸਾਲ ਲੜਨਾ ਪਵੇਗਾ। ਉਹਨਾਂ ਇਹ ਵੀ ਕਿਹਾ ਕਿ ਜਿਲੇ ਅੰਦਰ ਪਾਰਟੀ ਦੀ ਮਜਬੂਤੀ ਲਈ ਤਪਾ, ਬਰਨਾਲਾ ਦੀਆਂ ਤਹਿਸੀਲ ਤਹਿਸੀਲ ਕਮੇਟੀਆਂ ਚੁਣੀਆਂ ਗਈਆਂ ਹਨ ਤੇ 23 ਜੁਲਾਈ ਨੂੰ ਬਰਨਾਲਾ ਜਿਲ੍ਹੇ ਦੀ ਚੋਣ ਹੋਵੇਗੀ ਇਜਲਾਸ ਦੇ ਅਖੀਰ ਵਿਚ ਸਰਬਸੰਮਤੀ ਨਾਲ ਚੁਣੀ ਪਾਰਟੀ ਦੀ 11 ਮੈਬਰੀ ਟੀਮ ਨੇ ਪਾਰਟੀ ਨੂੰ ਮਜਬੂਤ ਕਰਨ ਦਾ ਵਿਸ਼ਵਾਸ ਦਿਵਾਇਆ । ਬਜੁਰਗ ਆਗੂ ਕਾਮਰੇਡ ਧੰਨਾ ਸਿੰਘ ਭਦੌੜ ਨੇ ਆਏ ਹੋਏ ਪਾਰਟੀ ਮੈਂਬਰ ਦਾ ਧੰਨਵਾਦ ਕੀਤਾ ।
0 comments:
एक टिप्पणी भेजें