ਲਿਬਰੇਸ਼ਨ ਵਲੋਂ ਸ਼ਹੀਦ ਭਗਤ ਸਿੰਘ ਬਾਰੇ ਮਾਨ ਦੇ ਬਿਆਨ ਦੀ ਨਿੰਦਾ
ਸਾਡੇ ਇਨਕਲਾਬੀ ਨਾਇਕਾ ਬਾਰੇ ਬੇਹੂਦਾ ਗੱਲਾਂ ਕਰਨ ਦੀ ਬਜਾਏ, ਸ. ਮਾਨ ਨੂੰ ਪੰਜਾਬ, ਪੰਜਾਬੀਆਂ ਤੇ ਧਾਰਮਿਕ ਘੱਟਗਿਣਤੀਆਂ ਦੇ ਉਨਾਂ ਅਹਿਮ ਮੁੱਦਿਆਂ ਬਾਰੇ ਆਵਾਜ਼ ਉਠਾਉਣੀ ਚਾਹੀਦੀ ਹੈ, ਜਿੰਨਾਂ ਲਈ ਸੰਗਰੂਰ ਦੇ ਵੋਟਰਾਂ ਨੇ ਉਨਾਂ ਨੂੰ ਚੁਣਿਆ ਹੈ
ਬਰਨਾਲਾ 16 ਜੁਲਾਈ 2022. (ਸੁਖਵਿੰਦਰ ਸਿੰਘ ਭੰਡਾਰੀ)
ਸਿਮਰਨਜੀਤ ਸਿੰਘ ਮਾਨ ਵਲੋਂ ਕੱਲ ਹਰਿਆਣਾ ਵਿਖੇ ਇਕ ਪ੍ਰੈਸ ਕਾ੍ਨਫਰੰਸ ਦੌਰਾਨ ਮੁੜ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਰਾਰ ਦੇਣ ਦੀ ਸੀਪੀਆਈ (ਐਮ ਐਲ) ਲਿਬਰੇਸ਼ਨ ਵਲੋਂ ਸਖਤ ਨਿੰਦਾ ਕੀਤੀ ਗਈ ਹੈ।
ਲਿਬਰੇਸਨ ਦੇ ਸੂਬਾਈ ਆਗੂ ਕਾਮਰੇਡ ਗੁਰਪ੍ਰੀਤ ਰੂੜੇਕੇ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸਰਦਾਰ ਮਾਨ ਨੂੰ ਸੰਗਰੂਰ ਦੇ ਵੋਟਰਾਂ ਨੇ ਸ਼ਹੀਦ ਭਗਤ ਸਿੰਘ ਦੀ ਬੇਹੁਰਮਤੀ ਕਰਨ ਲਈ ਨਹੀਂ, ਬਲਕਿ ਪੰਜਾਬ, ਪੰਜਾਬੀਆਂ ਤੇ ਧਾਰਮਿਕ ਘੱਟਗਿਣਤੀਆਂ ਦੇ ਅਹਿਮ ਮੁੱਦਿਆਂ ਬਾਰੇ ਆਵਾਜ਼ ਉਠਾਉਣ ਲਈ ਚੁਣਿਆ ਹੈ। ਇਸ ਲਈ ਉਨਾਂ ਨੂੰ ਇਹੋ ਜਹੀਆਂ ਜਬਲੀਆਂ ਮਾਰਨ ਦੀ ਬਜਾਏ ਸੰਸਦ ਵਿਚ ਸੰਘ-ਬੀਜੇਪੀ ਵਲੋਂ ਦੇਸ਼ ਦੇ ਫੈਡਰਲ ਤਾਣੇ ਬਾਣੇ ਤੇ ਜਮਹੂਰੀਅਤ ਹੱਕਾਂ ਅਧਿਕਾਰਾਂ ਉਤੇ ਧੜਾਧੜ ਕੀਤੇ ਜਾ ਰਹੇ ਫਾਸਿਸਟ ਹਮਲਿਆਂ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ। ਪੰਜਾਬੀ ਕਹਾਵਤ ਹੈ ਕਿ ਚੰਦ ਵੱਲ ਥੁੱਕਿਆ ਅਪਣੇ ਮੂੰਹ ਉਤੇ ਹੀ ਆ ਪੈਦਾ ਹੈ। ਸ. ਮਾਨ ਚੇਤੇ ਰੱਖਣ ਕਿ ਅਜਿਹੀਆਂ ਬੇਹੂਦਾ ਗੱਲਾਂ ਨਾਲ ਸ਼ਹੀਦ ਭਗਤ ਸਿੰਘ ਦਾ ਤਾਂ ਕੁਝ ਨਹੀਂ ਵਿਗੜਦਾ, ਪਰ ਉਨ੍ਹਾਂ ਦਾ ਆਪਣਾ ਪਿਛਾਖੜੀ ਹੀਜ਼ ਪਿਆਜ਼ ਜ਼ਰੂਰ ਨੰਗਾ ਹੋ ਰਿਹਾ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਇਤਿਹਾਸ ਗਵਾਹ ਹੈ ਕਿ ਮਾਨ ਵਰਗੇ ਸਾਮਰਾਜੀ ਸ਼ਕਤੀਆਂ ਦੇ ਪਿੱਠੂ ਬਹੁਤ ਪਹਿਲਾਂ ਤੋਂ ਸ਼ਹੀਦ ਭਗਤ ਸਿੰਘ ਦੇ ਖਿਲਾਫ ਇਹੋ ਕੁਝ ਬੋਲਦੇ ਆ ਰਹੇ ਹਨ, ਪਰ ਇਸ ਦੇ ਬਾਵਜੂਦ ਆਮ ਜਨਤਾ - ਖਾਸ ਕਰਕੇ ਨੌਜਵਾਨਾਂ ਵਿਚ ਭਗਤ ਸਿੰਘ ਬਾਰੇ ਜਾਨਣ ਤੇ ਅਧਿਐਨ ਕਰਨ ਦਾ ਰੁਝਾਨ ਘਟਣ ਦੀ ਬਜਾਏ, ਉਲਟਾ ਹੋਰ ਵਧਿਆ ਹੈ । ਜਿਸ ਦੇ ਫਲਸਰੂਪ ਭਗਤ ਸਿੰਘ ਦਾ ਕੱਦ ਜਨਤਾ ਦੀ ਨਜ਼ਰ ਵਿਚ ਪਹਿਲਾਂ ਦੇ ਮੁਕਾਬਲੇ ਹੋਰ ਉੱਚਾ ਹੋਇਆ ਹੈ। ਇਸੇ ਲਈ ਭਗਤ ਸਿੰਘ ਦੇ ਨਾਂ ਨਾਲ ਨਵੇਂ ਨਵੇਂ ਵਿਸ਼ੇਸ਼ਣ ਜੁੜਦੇ ਗਏ। ਜਿਵੇਂ ਜਿਵੇਂ ਭਗਤ ਸਿੰਘ ਬਾਰੇ ਖੋਜ ਅਤੇ ਅਧਿਅਨ ਦਾ ਦਾਇਰਾ ਵਧਿਆ, ਤਾਂ ਉਸ ਨੂੰ ਪਹਿਲਾਂ ਸ਼ਹੀਦ ਭਗਤ ਸਿੰਘ, ਫਿਰ ਸ਼ਹੀਦੇ - ਆਜ਼ਮ, ਇਨਕਲਾਬੀ ਚਿੰਤਕ ਅਤੇ ਕੌਮੀ ਨਾਇਕ ਵਰਗੇ ਵਿਸ਼ੇਸਨ ਲਾ ਕੇ ਸੰਬੋਧਤ ਕੀਤਾ ਜਾਣ ਲੱਗਾ। ਸਮਾਂ ਗੁਜ਼ਰਨ ਨਾਲ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਦੀ ਚਮਕ ਫਿੱਕੀ ਪੈਣ ਦੀ ਬਜਾਏ ਹੋਰ ਲਿਸ਼ਕਦੀ ਗਈ। ਹੌਲੀ ਹੌਲੀ ਪੰਜਾਬ ਤੇ ਭਾਰਤ ਦੀਆਂ ਹੱਦਾਂ ਨੂੰ ਪਾਰ ਕਰਦਿਆਂ ਸ਼ਹੀਦ ਭਗਤ ਸਿੰਘ ਨੂੰ ਸਮੁੱਚੇ ਭਾਰਤ ਉਪ ਮਹਾਂਦੀਪ ਦੀ ਜਨਤਾ ਲੋਕ ਮੁਕਤੀ ਸੰਘਰਸ਼ਾਂ ਦੇ ਨਾਇਕ ਵਜੋਂ ਸਵੀਕਾਰ ਕਰਨ ਲੱਗ ਪਈ ਹੈ ।
ਲਿਬਰੇਸ਼ਨ ਆਗੂ ਦਾ ਕਹਿਣਾ ਹੈ ਕਿ ਸਾਡੇ ਲਈ ਇਹ ਜਾਣਨਾ ਜਰੂਰੀ ਹੈ ਕਿ ਸਾਮਰਾਜ ਦੇ ਪਿੱਠੂ ਅਤੇ ਜਗੀਰੂ ਸੋਚ ਵਾਲੇ ਪਿਛਾਂਹ ਖਿੱਚੂ ਮੂਲਵਾਦੀ ਅਨਸਰ, ਜ਼ਾਹਰ ਹੈ ਹਰ ਇਤਿਹਾਸਕ ਵਰਤਾਰੇ ਤੇ ਸ਼ਖ਼ਸੀਅਤ ਬਾਰੇ ਆਪਣੇ ਜਮਾਤੀ ਨਜ਼ਰੀਏ ਤੇ ਸੁਆਰਥਾਂ ਮੁਤਾਬਿਕ ਹੀ ਸੋਚਣਗੇ ਤੇ ਬੋਲਣਗੇ। ਪਰ ਸ. ਮਾਨ ਯਾਦ ਰੱਖਣ ਕਿ ਇਤਿਹਾਸ ਹਰ ਕਿਸੇ ਦੇ ਲਿਖੇ ਤੇ ਬੋਲੇ ਸ਼ਬਦਾਂ ਨੂੰ ਆਪਣੇ ਪੱਲੂ ਵਿਚ ਸਾਂਭ ਰਿਹਾ ਹੈ ਅਤੇ ਇਤਿਹਾਸ ਦੇ ਹਵਾਲੇ ਨਾਲ ਸਾਡੀਆਂ ਅਗਲੀਆਂ ਪੀੜੀਆਂ ਮਾਨ ਵਰਗੇ ਲੋਕਾਂ ਦੀ ਅਸਲੀ ਖਸਲਤ ਤੇ ਕਿਰਦਾਰ ਦੀ ਪੁਣਛਾਣ ਕਰਕੇ ਇੰਨਾਂ ਨੂੰ ਇਤਿਹਾਸ ਦੇ ਕੂੜੇਦਾਨ ਹਵਾਲੇ ਕਰ ਦੇਣਗੀਆਂ।
0 comments:
एक टिप्पणी भेजें