* ਬੱਚੇ ਨੂੰ ਦੁੱਧ ਪਿਲਾਉਣਾ ਮਾਂ ਲਈ ਵੀ ਵਰਦਾਨ: ਹਰਦੀਪ ਜਿੰਦਲ
'ਵਰਲਡ ਬਰੈਸਟਫੀਡਿੰਗ ਵੀਕ' ਤਹਿਤ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਦੁੱਧ ਝੁੰਘਾਉਣ ਵਾਲੀਆਂ ਮਾਵਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਕੀਤਾ ਗਿਆ ਯਾਗਰੂਕ
ਕਮਲੇਸ਼ ਗੋਇਲ ਖਨੌਰੀ
ਖਨੌਰੀ 08 ਅਗਸਤ - ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਸੰਗਰੂਰ ਡਾ ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਲਵਰਾਜ ਪਵਾਰ ਦੀ ਯੋਗ ਅਗੁਵਾਈ ਹੇਠ 75ਵੇਂ ਆਜਾਦੀ ਦੇ ਅਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਸਿਹਤ ਬਲਾਕ ਮੂਨਕ ਦੇ ਸਥਾਨਕ ਸਰਕਾਰੀ ਹਸਪਤਾਲ ਅਤੇ ਇਸ ਅਧੀਨ ਸਬ ਸੈਂਟਰਾਂ ਵਿੱਚ "ਛਾਤੀ ਦਾ ਦੁੱਧ ਚੁੰਘਾਉਣ ਲਈ ਕਦਮ ਵਧਾਓ : ਸਿੱਖਿਆ ਅਤੇ ਸਹਾਇਤਾ ਨਾਅਰੇ ਤਹਿਤ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈ. ਈ. ਸੀ./ਬੀ. ਸੀ. ਸੀ ਨੋਡਲ ਅਫ਼ਸਰ ਹਰਦੀਪ ਜਿੰਦਲ ਨੇ ਦੱਸਿਆ ਕਿ ਮਿਤੀ 1 ਤੋਂ 7 ਅਗਸਤ ਤੱਕ ਸਿਹਤ ਬਲਾਕ ਮੂਨਕ ਵਿੱਚ ਵਰਲਡ ਬ੍ਰੈਸਟਫੀਡਿੰਗ ਜਾਗਰੂਕਤਾ ਵੀਕ ਮਨਾਇਆ ਗਿਆ । ਆਈ. ਈ. ਸੀ/ਬੀ. ਸੀ. ਸੀ ਨੋਡਲ ਅਫ਼ਸਰ ਹਰਦੀਪ ਜਿੰਦਲ ਨੇ ਦੱਸਿਆ ਕਿ ਵਿਸ਼ਵ ਸਤਨਪਾਨ ਸਪਤਾਹ ਤਹਿਤ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਦੁੱਧ ਝੁੰਘਾਉਣ ਵਾਲੀਆਂ ਮਾਵਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਯਾਗਰੂਕ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਮਾਂ ਦਾ ਪਹਿਲਾ ਪੀਲਾ ਗਾੜ੍ਹਾ ਦੁੱਧ ਬੱਚੇ ਦੀ ਸਿਹਤ ਲਈ ਸਭ ਤੋਂ ਅਹਿਮ ਹੁੰਦਾ ਹੈ ਅਤੇ ਇਹ ਬੱਚੇ ਨੂੰ ਕੁਪੋਸ਼ਣ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ । ਸਾਧਾਰਨ ਡਿਲਿਵਰੀ ਵਿਚ ਇਕ ਘੰਟੇ ਦੇ ਅੰਦਰ ਅਤੇ ਸਿਜੇਰੀਅਨ ਡਿਲੀਵਰੀ ਵਿਚ ਚਾਰ ਤੋਂ ਛੇ ਘੰਟੇ ਦੇ ਅੰਦਰ ਅੰਦਰ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣਾ ਅਤਿ ਜ਼ਰੂਰੀ ਹੈ। ਛੇ ਮਹੀਨੇ ਤੋਂ ਬਾਅਦ ਬੱਚੇ ਨੂੰ ਅਨੁਪੂਰਕ ਖ਼ੁਰਾਕ ਦਿੱਤੀ ਜਾ ਸਕਦੀ ਹੈ ਜਿਵੇਂ ਖਿਚੜੀ , ਦਲੀਆ ਉੱਬਲਿਆ ਹੋਇਆ ਆਲੂ , ਕੇਲਾ , ਦਾਲ ਦਾ ਪਾਣੀ ਆਦਿ l ਬੱਚੇ ਨੂੰ ਡੇਢ ਤੋਂ ਦੋ ਸਾਲ ਤੱਕ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ ਜਾਂ ਇਸ ਤੋਂ ਵੱਧ ਸਮੇਂ ਤਕ ਵੀ ਮਾਂ ਦਾ ਦੁੱਧ ਦਿੱਤਾ ਜਾ ਸਕਦਾ ਹੈ। ਬੱਚਾ ਬਿਮਾਰ ਵੀ ਹੋਵੇ ਤਾਂ ਵੀ ਬੱਚੇ ਨੂੰ ਮਾਂ ਦਾ ਦੁੱਧ ਦਿੰਦੇ ਰਹਿਣਾ ਚਾਹੀਦਾ ਹੈ । ਇਸ ਨਾਲ ਬੱਚੇ ਦੀ ਸਿਹਤ ਵਿਚ ਜਲਦੀ ਸੁਧਾਰ ਹੁੰਦਾ ਹੈ । ਇਸ ਵਿਚ ਬੱਚੇ ਦੀ ਸਿਹਤ ਲਈ ਲੋੜੀਂਦੇ ਸਾਰੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪਹਿਲੇ ਛੇ ਮਹੀਨੇ ਤੱਕ ਬੱਚੇ ਨੂੰ ਸਿਰਫ਼ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ , ਇਥੋਂ ਤੱਕ ਕਿ ਬੱਚੇ ਨੂੰ ਪਾਣੀ ਵੀ ਨਹੀਂ ਦੇਣਾ ਚਾਹੀਦਾ। ਦੁੱਧ ਦੇ ਪੌਸ਼ਟਿਕ ਤੱਤਾਂ ਨਾਲ ਜਿੱਥੇ ਬੱਚਾ ਬਿਮਾਰੀਆਂ ਨਾਲ ਲੜਣ ਦੀ ਤਾਕਤ ਹਾਸਲ ਕਰਦਾ ਹੈ ਉਥੇ ਹੀ ਸਮਾਜ ਵਿਚ ਔਰਤ ਦੀ ਮਹੱਤਤਾ ਬਾਰੇ ਵੀ ਸਿੱਖਦਾ ਹੈ। ਮਾਂ ਦੇ ਦੁੱਧ ਨਾਲ ਬੱਚੇ ਨੂੰ ਪ੍ਰੋਟੀਨ , ਖਣਿਜ ਪਦਾਰਥ ਤੇ ਵਿਟਾਮਿਨਜ਼ ਦੀ ਮਾਤਰਾ ਸੰਪੂਰਨ ਰੂਪ ਵਿਚ ਮਿਲਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣ ਨਾਲ ਬੱਚੇ ਨੂੰ ਮੋਟਾਪਾ, ਅਸਥਮਾ, ਦਿਲ ਦੀਆਂ ਬਿਮਾਰੀਆਂ, ਸ਼ੂਗਰ (ਟਾਈਪ 2) ਦਾ ਖ਼ਤਰਾ ਘੱਟ ਹੁੰਦਾ ਹੈ। ਉਨ੍ਹਾਂ ਕਿਹਾ ਕਿ ਛੇ ਮਹੀਨੇ ਤੋਂ ਬਾਅਦ ਬੱਚਿਆਂ ਨੂੰ ਮਾਂ ਦੇ ਦੁੱਧ ਦੇ ਨਾਲ - ਨਾਲ ਤਰਲ ਭੋਜਣ ਦੇਣਾ ਚਾਹੀਦਾ ਹੈ। ਬੱਚੇ ਨੂੰ ਘੱਟੋ ਘੱਟ 2 ਸਾਲ ਤੱਕ ਮਾਂ ਦਾ ਦੁੱਧ ਜ਼ਰੂਰ ਪਿਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੁੱਧ ਪਿਲਾਉਣਾ ਮਾਂ ਲਈ ਵੀ ਬਹੁਤ ਲਾਭਦਾਇਕ ਹੈ ਜਿਵੇਂ ਮਾਂ ਨੂੰ ਛਾਤੀ ਅਤੇ ਬੱਚੇਦਾਨੀ ਦਾ ਕੈਂਸਰ ਹੋਣ ਦਾ ਖਤਰਾ ਘੱਟ ਜਾਂਦਾ ਹੈ। ਇਸ ਤੋਂ ਇਲਾਵਾ ਦਿਲ ਦੀਆਂ ਬਿਮਾਰੀਆਂ ਤੇ ਮੋਟਾਪਾ ਹੋਣ ਦਾ ਖਤਰਾ ਵੀ ਬਹੁਤ ਘੱਟ ਜਾਂਦਾ ਹੈ।
ਕੈਪਸ਼ਨ - ਵਿਸ਼ਵ ਬਰੈਸਟਫੀਡਿੰਗ ਜਾਗਰੂਕਤਾ ਵੀਕ ਮੌਕੇ ਸਿਹਤ ਵਿਭਾਗ ਦੇ ਮੁਲਾਜਮ ਅਤੇ ਹੋਰ।
0 comments:
एक टिप्पणी भेजें