ਪੰਜਾਬ 'ਚ ਧਰਮ ਬਦਲੀ ਕੀਤੇ ਜਾਣ ਦੇ ਵੱਧਦੇ ਮਾਮਲਿਆਂ 'ਤੇ ਠੱਲ੍ਹ ਪਾਉਣ ਲਈ ਹੋਵੇਗੀ ''ਧਰਮ ਜਾਗਰੂਕਤਾ ਲਹਿਰ'' ਦੀ ਅਰੰਭਤਾ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਚਲਾਈ ਜਾਵੇਗੀ ''ਧਰਮ ਜਾਗਰੂਕਤਾ ਲਹਿਰ''
ਪੰਜਾਬ 'ਚ ਕਈ ਸਿੱਖ ਪਰਿਵਾਰਾਂ ਵੱਲੋਂ ਆਪਣੇ ਅਮੀਰ ਵਿਰਸੇ ਅਤੇ ਸ਼ਾਨਾਮਤੇ ਇਤਿਹਾਸ ਨੂੰ ਭੁੱਲ ਕੇ ਧਰਮ ਬਦਲੀ ਕੀਤੇ ਜਾਣ ਦੇ ਮਾਮਲਿਆਂ 'ਤੇ ਠੱਲ੍ਹ ਪਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ''ਧਰਮ ਜਾਗਰੂਕਤਾ ਲਹਿਰ'' ਆਰੰਭ ਕੀਤੀ ਜਾਵੇਗੀ ਜਿਸ ਦੀ ਰਸਮੀ ਅਰੰਭਤਾ ਭਲਕੇ ਸਵੇਰੇ ਅੰਮ੍ਰਿਤਸਰ ਸਥਿਤ ਗੁਰੂ ਤੇਗ ਬਹਾਦਰ ਯਾਤਰੀ ਨਿਵਾਸ, ਲਾਰੰਸ ਰੋਡ ਵਿਖੇ ਹੋਣ ਵਾਲੇ ਅਰਦਾਸ ਸਮਾਗਮ 'ਚ ਕੀਤੀ ਜਾਵੇਗੀ । ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਆਯੋਜਿਤ ਕੀਤੀ ਪ੍ਰੈਸ ਕਾਨਫੰਰਸ 'ਚ ਇਸ ਬਾਬਤ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦਿੱਲੀ ਕਮੇਟੀ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਦੇਸ਼-ਵਿਦੇਸ਼ 'ਚ ਵੱਸਦੇ ਕਈ ਪੰਥ ਦਰਦੀਆਂ ਅਤੇ ਸਿੱਖੀ ਨਾਲ ਪਿਆਰ ਕਰਨ ਵਾਲੇ ਕਈ ਸਿੱਖਾਂ ਨੇ ਉਨ੍ਹਾਂ ਨਾਲ ਰਾਬਤਾ ਕਾਇਮ ਕਰਕੇ ਪੰਜਾਬ ਦੇ ਨੌਜਵਾਨਾਂ 'ਚ ਵੱਧਦੇ ਪਤਿਤਪੁਣੇ, ਨਸ਼ਿਆਂ ਦੀ ਵਰਤੋਂ ਅਤੇ ਕਥਿਤ ਲੋਭ-ਲਾਲਚ 'ਚ ਵੱਸ ਕੇ ਧਰਮ ਬਦਲੀ ਕੀਤੇ ਦੇ ਮਾਮਲਿਆਂ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਮਾਮਲੇ 'ਚ ਕੋਈ ਪਹਿਲ ਕਰਨ ਦੀ ਅਪੀਲ ਕੀਤੀ ਸੀ । ਦਿੱਲੀ ਕਮੇਟੀ ਵੱਲੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਬੀਤੀ ਦਿਨੀਂ ਕਰਵਾਏ ਗਏ ਸਿੱਖ ਬੁੱਧੀਜੀਵੀਆਂ, ਸੰਤ ਸਮਾਜ ਅਤੇ ਸਿੰਘ ਸਭਾਵਾਂ ਦੀ ਸਾਂਝੀ ਮੀਟਿੰਗ ਦੌਰਾਨ ''ਧਰਮ ਜਾਗਰੂਕਤਾ ਲਹਿਰ'' ਚਲਾਉਣ ਸੰਬੰਧੀ ਸਰਬ-ਸੰਮਤੀ ਬਣੀ ਸੀ ਜਿਸ ਨੂੰ ਅਮਲੀ ਜਾਮਾ ਪਾਉਣ ਲਈ ਭਲਕੇ ''ਅਰਦਾਸ ਸਮਾਗਮ'' ਕਰਵਾਇਆ ਜਾਵੇਗਾ । ਸ. ਕਾਲਕਾ ਅਤੇ ਸ. ਕਾਹਲੋਂ ਵੱਲੋਂ ਪੰਜਾਬ 'ਚ ਇਸ ਲਹਿਰ ਦੀ ਸਫਲਤਾ ਲਈ ਸੰਤ ਸਮਾਜ ਅਤੇ ਵੱਖ-ਵੱਖ ਪੰਥਕ ਜਥੇਬੰਦੀਆਂ ਨਾਲ ਮਿਲ ਕੇ ਅਗਲੇਰੀ ਰੂਪ-ਰੇਖਾ ਤਿਆਰ ਕਰਨ ਦੀ ਜ਼ੁੰਮੇਵਾਰੀ ਟਕਸਾਲੀ ਆਗੂ ਸ. ਮਨਜੀਤ ਸਿੰਘ ਭੂਮਾ ਨੂੰ ਸੌਂਪੀ ਗਈ ਹੈ ।
ਇਸ ਮੌਕੇ ਸ. ਜਗਦੀਪ ਸਿੰਘ ਕਾਹਲੋਂ ਨੇ ਦੇਸ਼ਭਰ 'ਚ ਪ੍ਰੀਖਿਆਵਾਂ ਸਮੇਂ ਸਿੱਖ ਵਿਦਿਆਰਥੀਆਂ ਦੇ ਕਕਾਰ ਪਾਉਣ 'ਤੇ ਪਾਬੰਦੀ ਲਗਾਏ ਜਾਣ ਦੇ ਵੱਧਦੇ ਮਾਮਲਿਆਂ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਕਰਨਾਟਕ ਸਹਿਤ ਕਈ ਥਾਵਾਂ 'ਤੇ ਅਜਿਹੇ ਮਾਮਲੇ ਸਾਹਮਣੇ ਆਉਣ 'ਤੇ ਕਾਨੂੰਨੀ ਕਾਰਵਾਈ ਕਰਕੇ ਸਿੱਖ ਵਿਦਿਆਰਥੀਆਂ ਦੇ ਹੱਕ 'ਚ ਫੈਸਲਾ ਭੁਗਤਾਇਆ ਗਿਆ ਹੈ ਬਾਵਜ਼ੂਦ ਇਸ ਦੇ ਅੱਜ ਵੀ ਅਜਿਹੇ ਮਾਮਲੇ ਸਾਹਮਣੇ ਆਉਣਾ ਚਿੰਤਾ ਦਾ ਵਿਸ਼ਾ ਜ਼ਰੂਰ ਹਨ ਪਰੰਤੂ ਕਾਨੂੰਨੀ ਆਧਾਰ 'ਤੇ ਸਿੱਖਾਂ ਨੂੰ ਮਿਲੀ ਛੋਟ ਨੂੰ ਆਧਾਰ ਬਣਾ ਕੇ ਜਾਗਰੂਕਤਾ ਵਧਾਉਣੀ ਵੀ ਲਾਜ਼ਮੀ ਹੈ ਜਿਸ ਦੇ ਲਈ ਸੋਸ਼ਲ ਮੀਡੀਆ ਲਾਹੇਵੰਦ ਪਲੇਟਫਾਰਮ ਹੈ । ਸਿੱਖ ਵਿਦਿਆਰਥੀਆਂ ਅਤੇ ਸਿੱਖੀ ਦੇ ਹੱਕਾਂ ਦੀ ਰਾਖੀ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਗਲ ਸੈਲ ਦੀ ਟੀਮ ਹਰ ਸਮੇਂ ਕਮਰ ਕੱਸੇ ਹੋਏ ਹੈ । ਅਜਿਹਾ ਕੋਈ ਵੀ ਮਾਮਲਾ ਸਾਹਮਣੇ ਆਉਣ 'ਤੇ ਹੇਠਲੀ ਤੋਂ ਉਪਰਲੀ ਅਦਾਲਤ ਤਕ ਕਾਰਵਾਈ ਕਰਨ ਲਈ ਅਸੀਂ ਵਚਨਬੱਧ ਹਾਂ ।
0 comments:
एक टिप्पणी भेजें