Contact for Advertising

Contact for Advertising

Latest News

शनिवार, 24 सितंबर 2022

ਨਿਡਰ ਪੱਤਰਕਾਰੀ ਕਰਦਾ ਕਰਦਾ ਪੱਤਰਕਾਰ ‘ਬਲਦੇਵ ਸਿੰਘ ਜਨੂਹਾ’ ਜੇਲ੍ਹ ਵਿਚ

-ਨਿਡਰ ਪੱਤਰਕਾਰੀ ਕਰਦਾ ਕਰਦਾ ਪੱਤਰਕਾਰ 'ਬਲਦੇਵ ਸਿੰਘ ਜਨੂਹਾ' ਜੇਲ੍ਹ ਵਿਚ


-ਪੁਲੀਸ ‌ਅਧਿਕਾਰੀਆਂ ਅਤੇ ਇਕ ਅਖ਼ਬਾਰ ਦੇ ਪੱਤਰਕਾਰਾਂ ਨਾਲ ਸਿੱਧਾ ਪੰਗਾ ਲੈਣ ਦਾ ਭੁਗਤਣਾ ਪਿਆ ਖ਼ਮਿਆਜ਼ਾ

ਸਰਕਾਰਾਂ ਦੇ ਗੈਰ ਸਿਧਾਂਤਕ ਲੋਕ ਵਿਰੋਧੀ ਕੰਮਾਂ ਦੇ ਸੱਚ ਨੂੰ ਲਿਖਣਾ ਪੱਤਰਕਾਰ ਦਾ ਫ਼ਰਜ਼ ਹੈ, ਪੁਲੀਸ ਪ੍ਰਸ਼ਾਸਨ ਤੇ ਪੱਤਰਕਾਰਾਂ ਵੱਲੋਂ ਕੀਤੇ ਜਾਂਦੇ ਗ਼ਲਤ ਕੰਮਾਂ ਨੂੰ ਵੀ ਆਪਣੀ ਕਲਮ ਦਾ ਹਿੱਸਾ ਬਣਾਉਣਾ ਪੱਤਰਕਾਰ ਦਾ ਨੈਤਿਕ ਫ਼ਰਜ਼ ਹੈ। ਪਰ ਪੱਤਰਕਾਰੀ ਦਾ ਇਕ ਸਿਧਾਂਤ ਹੈ ਕਿ ਪੱਤਰਕਾਰ ਜਦੋਂ ਕਿਸੇ ਬਾਰੇ ਲਿਖਦਾ ਹੈ ਤਾਂ ਉਹ ਅਜਿਹੀ ਥਾਂ ਖੜ੍ਹਾ ਹੁੰਦਾ ਹੈ, ਜਿੱਥੇ ਉਸ ਨੂੰ ਇਕ ਪੈਰ ਚੁੱਕਣ ਤੋਂ ਬਾਅਦ ਦੂਜਾ ਪੈਰ ਧਰਨ ਲਈ ਥਾਂ ਦੀ ਲੋੜ ਹੁੰਦੀ ਹੈ। ਜੇਕਰ ਦੂਜਾ ਪੈਰ ਧਰਨ ਦੀ ਥਾਂ ਨਹੀਂ ਰੱਖੀ ਗਈ ਤਾਂ ਇਕ ਦਿਨ ਪੱਤਰਕਾਰ ਗਿਰ ਵੀ ਸਕਦਾ ਹੈ। ਪੁਲੀਸ ਦੇ ਹੱਥ ਵਿਚ ਬੜਾ ਕੁਝ ਹੁੰਦਾ ਹੈ, ਪੁਲੀਸ ਜੇਕਰ ਗੈਰ ਸਿਧਾਂਤਕ ਹੋ ਜਾਵੇ ਤਾਂ ਉਹ ਨਜਾਇਜ਼ ਤੌਰ ਤੇ ਝੂਠੇ ਮੁਕਾਬਲੇ ਕਰਕੇ ਵੀ ਮਾਂਵਾਂ ਦੇ ਪੁੱਤਾਂ ਨੂੰ ਮਾਰਦੀ ਰਹੀ ਹੈ। ਪੱਤਰਕਾਰ ਅਜਿਹੇ ਵੀ ਹੁੰਦੇ ਹਨ ਜੋ ਪੁਲੀਸ ਨਾਲ ਮਿਲ ਕੇ ਕਿਸੇ ਖ਼ਿਲਾਫ਼ ਕੁਝ ਵੀ ਕਰਵਾ ਸਕਦੇ ਹਨ। ਭਾਵ ਅੱਜ ਦੇ ਕੁਝ ਪੱਤਰਕਾਰ-ਕਾਰਜਪਾਲਿਕਾ ਤੇ ਵਿਧਾਨ ਪਾਲਿਕਾ ਹਮਬਿਸਤਰ ਹੋ ਰਹੇ ਹਨ। ਇਕ ਬਿਸਤਰੇ ਵਿਚ ਬੈਠ ਕੇ ਉਹ ਕੁਝ ਵੀ ਕਰ ਜਾਂਦੇ ਹਨ। ਮੈਂ ਅੱਜ ਦੀ ਗੱਲ ਕਰ ਰਿਹਾ ਹਾਂ ਸੰਗਰੂਰ ਤੋਂ ਛੋਟੇ ਤੋਂ ਵੱਡੇ ਅਖ਼ਬਾਰਾਂ ਵਿਚ ਕੰਮ ਕਰ ਚੁੱਕੇ ਤੇ ਕਰ ਰਹੇ ਪੱਤਰਕਾਰ 'ਬਲਦੇਵ ਸਿੰਘ ਜਨੂਹਾ' ਦੀ। ਜੋ ਅੱਜ ਕੱਲ੍ਹ ਧਾਰਾ 120-ਬੀ ਵਿਚ ਜੇਲ੍ਹ ਵਿਚ ਬੰਦ ਹਨ।
 ਬਲਦੇਵ ਸਿੰਘ ਜਨੂਹਾ ਦਾ ਜਨਮ 15 ਜਨਵਰੀ 1961 ਨੂੰ ਹੋਇਆ। ਉਹ ਫ਼ੌਜ ਵਿੱਚ ਭਰਤੀ ਹੋਇਆ, 17 ਸਾਲ ਦੀ ਨੌਕਰੀ ਕੀਤੀ, 1992 ਰਿਟਾਇਰ ਹੋਕੇ ਉਸ ਨੇ ਸ਼ੌਕੀਆ ਪੱਤਰਕਾਰੀ ਕਰਨ ਦਾ ਰਾਹ ਚੁਣਿਆ। ਸਭ ਤੋਂ ਪਹਿਲਾਂ 'ਹੱਕ ਸੱਚ' ਨਾਮ ਦੇ ਅਖ਼ਬਾਰ ਤੋਂ ਪੱਤਰਕਾਰੀ ਸ਼ੁਰੂ ਕੀਤੀ। ਉਸ ਤੋਂ ਬਾਅਦ 'ਨਵਾਂ ਜ਼ਮਾਨਾ', 'ਧੜੱਲੇਦਾਰ' ਅਖ਼ਬਾਰ, 'ਜੱਗ ਬਾਣੀ', 'ਪਹਿਰੇਦਾਰ' ਤੇ ਅੱਜ ਕੱਲ੍ਹ 'ਜੁਝਾਰ ਟਾਈਮ' ਦੀ ਪੱਤਰਕਾਰੀ ਕਰ ਰਹੇ ਹਨ। ਸੱਚ ਅਤੇ ਬੇਬਾਕ ਲਿਖਣ ਕਾਰਨ ਵਿਵਾਦਾਂ ਵਿੱਚ ਘਿਰੇ ਰਹਿੰਦੇ ਸਨ। ਇਕ ਡੀ ਐੱਸ ਪੀ, ਅਤੇ ਜਲੰਧਰੋਂ ਛਪਣ ਵਾਲੇ ਇਕ ਅਖ਼ਬਾਰ ਦੇ ਜ਼ਿਲ੍ਹਾ ਇੰਚਾਰਜ ਅਤੇ ਕੁਝ ਹੋਰ ਪੱਤਰਕਾਰਾਂ ਵਿਰੁੱਧ ਕਾਫ਼ੀ ਕੁਝ ਲਿਖਿਆ, ਪੱਤਰਕਾਰਾਂ ਨਾਲ ਅਦਾਲਤੀ ਕੇਸ ਚੱਲ ਰਹੇ ਹਨ। ਸਥਾਨਕ ਐਸਐਸਪੀ ਵਿਰੁੱਧ ਵੀ ਲਿਖਣ ਦਾ ਜੋਖ਼ਮ ਲੈ ਲਿਆ। ਬਲਦੇਵ ਸਿੰਘ ਜਨੂਹਾ ਨੇ ਇਕ ਅਜ਼ਾਦ ਪ੍ਰੈੱਸ ਕਲੱਬ ਨਾਮ ਦੀ ਸੰਸਥਾ ਵੀ ਬਣਾਈ ਹੋਈ ਹੈ। ਇਸ ਸੰਸਥਾ ਦੇ ਕਈ ਸਾਰੇ ਯੂ ਟਿਊਬ ਵਿਚ ਪੱਤਰਕਾਰੀ ਕਰਦੇ ਪੱਤਰਕਾਰ ਮੈਂਬਰ ਵੀ ਹਨ। ਇਨ੍ਹਾਂ ਪੱਤਰਕਾਰਾਂ ਵਿਰੁੱਧ ਪੁਲੀਸ ਨੇ ਕਾਰਵਾਈ ਕੀਤੀ। ਮੁੱਢਲੇ ਰੂਪ ਵਿਚ ਪਤਾ ਕਰਨ ਤੋਂ ਸਪਸ਼ਟ ਹੋਇਆ ਕਿ ਪੱਤਰਕਾਰ ਬਲਦੇਵ ਸਿੰਘ ਜਨੂਹਾ ਦਾ ਇਸ ਮਾਮਲੇ ਵਿਚ ਕੋਈ ਸਿੱਧੀ ਮਿਲੀ ਭੁਗਤ ਨਹੀਂ ਲੱਗੀ। ਪਰ ਪ੍ਰੈੱਸ ਕਲੱਬ ਦਾ ਪ੍ਰਧਾਨ ਹੋਣ ਕਰਕੇ ਅਤੇ ਪੁਲੀਸ ਖ਼ਿਲਾਫ਼ ਲਿਖਣ ਕਰਕੇ ਕੁਝ ਪੱਤਰਕਾਰਾਂ ਨਾਲ ਵਿਗਾੜਨ ਕਰਕੇ ਬਲਦੇਵ ਸਿੰਘ ਜਨੂਹਾ ਨੂੰ ਪੱਤਰਕਾਰਾਂ ਤੇ ਸੁਨਾਮ ਸਿਟੀ, ਧੂਰੀ ਅਤੇ ਸ਼ੇਰਪੁਰ ਵਿਚ ਦਰਜ ਹੋਏ ਕੇਸਾਂ ਵਿਚ 120-ਬੀ (ਅਪਰਾਧਿਕ ਸਾਜ਼ਿਸ਼ੀ ਕਰਤਾ) ਤਹਿਤ ਨਾਮਜ਼ਦ ਕਰ ਲਿਆ। ਜਿਸ ਕਰਕੇ ਉਸ ਦੀ ਗ੍ਰਿਫ਼ਤਾਰੀ ਹੋਈ, ਪੁਲੀਸ ਨੇ ਕਥਿਤ ਤੌਰ ਤੇ ਬਲਦੇਵ ਸਿੰਘ ਜਨੂਹਾ 'ਤੇ ਅੰਨ੍ਹਾ ਤਸ਼ੱਦਦ ਵੀ ਕੀਤਾ। ਹੁਣ ਬਲਦੇਵ ਸਿੰਘ ਜਨੂਹਾ ਦੀ ਇਕ ਕੇਸ ਵਿਚ ਜ਼ਮਾਨਤ ਹੋ ਚੁੱਕੀ ਹੈ, ਜਨੂਹਾ ਦੇ ਵਕੀਲਾਂ ਅਨੁਸਾਰ ਬਾਕੀ ਕੇਸਾਂ ਵਿਚ ਵੀ ਧਾਰਾ ਇੱਕੋ ਜਿਹੀ ਹੈ ਇਸ ਕਰਕੇ ਉਸ ਦੀ ਜ਼ਮਾਨਤ ਛੇਤੀ ਹੀ ਹੋ ਜਾਣ ਦੀ ਸੰਭਾਵਨਾ ਹੈ। 

-ਪੁਲੀਸ ਨਾਲ ਮੌਜੂਦਾ ਤੌਰ 'ਤੇ ਝਗੜੇ ਦਾ ਕਾਰਨ
ਧੂਰੀ ਦੇ ਵੱਖ ਵੱਖ ਪੱਤਰਕਾਰਾਂ ਨੇ ਦੱਸਿਆ ਕਿ ਦੋ ਪੱਤਰਕਾਰ ਅਤੇ ਇਕ ਵਕੀਲ ਥਾਣਾ ਸਦਰ ਧੂਰੀ ਵਿਚ ਕਿਸੇ ਕੰਮ ਗਏ ਸਨ। ਉੱਥੇ ਪੁਲੀਸ ਕਥਿਤ ਇਕ ਔਰਤ ਨਾਲ ਕੁੱਟਮਾਰ ਕਰ ਰਹੀ ਸੀ। ਪੱਤਰਕਾਰਾਂ ਨੇ ਔਰਤ ਨਾਲ ਹੋਈ ਕੁੱਟਮਾਰ ਦੀ ਵੀਡੀਓ ਬਣਾ ਲਈ, ਪੁਲੀਸ ਨੂੰ ਮੌਕੇ ਤੇ ਪਤਾ ਲੱਗ ਗਿਆ।  ਉਸੇ ਵੇਲੇ ਪੁਲੀਸ ਨੇ ਦੋ ਪੱਤਰਕਾਰਾਂ ਤੇ ਵਕੀਲ ਨੂੰ ਅੰਦਰ ਕਰ ਲਿਆ ਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਪੱਤਰਕਾਰਾਂ ਨੇ 12-13 ਅਗਸਤ 2022 ਨੂੰ ਥਾਣੇ ਦੇ ਬਾਹਰ ਧਰਨਾ ਲਗਾ ਦਿੱਤਾ। ਪਰ ਤਿੰਨ-ਚਾਰ ਦਿਨਾਂ ਬਾਅਦ ਹੀ ਬਿਨਾਂ ਕੋਈ ਠੋਸ ਕਾਰਵਾਈ ਦੇ ਧਰਨਾ ਚੁੱਕ ਲਿਆ। ਧਰਨੇ ਦੀ ਯੋਜਨਾ ਨਹੀਂ ਸੀ, ਉਸ ਵੇਲੇ ਇਨ੍ਹਾਂ ਪੱਤਰਕਾਰਾਂ ਦੇ ਧਰਨੇ ਵਿਚ ਮੁੱਖ ਅਖ਼ਬਾਰਾਂ ਜਾਂ ਟੀਵੀ ਚੈਨਲ ਦਾ ਪੱਤਰਕਾਰ ਕੋਈ ਨਹੀਂ ਆਇਆ। ਪੁਲੀਸ ਇਸ ਗੱਲ ਤੋਂ ਬੇਡਰ ਹੋ ਗਈ ਕਿ ਇਨ੍ਹਾਂ ਨਾਲ ਕੋਈ ਮੁੱਖ ਪੱਤਰਕਾਰ ਨਹੀਂ ਹੈ। ਧਰਨਾਕਾਰੀ ਪੱਤਰਕਾਰਾਂ ਨੇ ਉਂਜ ਹੀ ਖ਼ਬਰਾਂ ਵਿਚ ਪਾ ਦਿੱਤਾ ਕਿ ਜਿਸ ਪੁਲੀਸ ਮੁਲਾਜ਼ਮ ਨੇ ਥਾਣੇ ਵਿਚ ਦੋ ਪੱਤਰਕਾਰਾਂ ਤੇ ਵਕੀਲ ਦੀ ਕੁੱਟਮਾਰ ਕੀਤੀ ਸੀ ਉਹ ਲਾਇਨ ਹਾਜ਼ਰ ਕਰ ਲਿਆ। ਪਰ ਪੁਲੀਸ ਨੇ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ। ਪਰ ਜਦੋਂ ਵਕੀਲਾਂ ਨੇ ਦਬਾਅ ਪਾਇਆ ਤਾਂ ਵਕੀਲਾਂ ਦੀਆਂ ਪੁਲੀਸ ਨੇ ਸਾਰੀਆਂ ਗੱਲਾਂ ਮਨ ਵੀ ਲਈਆਂ ਤੇ ਮਾਫ਼ੀ ਵੀ ਮੰਗੀ। 
 ਇਸ ਘਟਨਾ ਤੋਂ ਕੁਝ ਦਿਨਾਂ ਬਾਅਦ ਹੀ ਪੱਤਰਕਾਰਾਂ ਖ਼ਿਲਾਫ਼ ਪੁਲੀਸ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਪੱਤਰਕਾਰਾਂ ਖ਼ਿਲਾਫ਼ ਧੂਰੀ ਵਿਚ ਕੇਸ ਦਰਜ ਕੀਤਾ ਗਿਆ। ਪੱਤਰਕਾਰਾਂ ਤੇ ਕਥਿਤ ਬਲੈਕਮੇਲਿੰਗ ਦੇ ਦੋਸ਼ ਲਗਾ ਕੇ ਸ਼ੇਰਪੁਰ ਵਿਚ ਵੀ ਕੇਸ ਦਰਜ ਕਰ ਲਿਆ ਗਿਆ। ਇਸੇ ਤਰ੍ਹਾਂ ਸੁਨਾਮ ਵਿਚ ਵੀ ਕੇਸ ਦਰਜ ਕਰ ਲਿਆ ਗਿਆ। ਜੋ ਵੀ ਪੱਤਰਕਾਰ ਥਾਣੇ ਬਾਹਰ ਧਰਨੇ ਵਿਚ ਸ਼ਾਮਲ ਸਨ ਸਾਰਿਆਂ ਨੂੰ ਹੀ ਪੁਲੀਸ ਨੇ ਸ਼ਿਕੰਜੇ ਵਿਚ ਲੈ ਲਿਆ। ਪਰ ਬਲਦੇਵ ਸਿੰਘ ਜਨੂਹਾ ਦਾ ਇਨ੍ਹਾਂ ਕੇਸਾਂ ਵਿਚ ਸਿੱਧੇ ਤੌਰ ਤੇ ਕੋਈ ਵੀ ਕਥਿਤ ਹੱਥ ਨਹੀਂ ਸੀ, ਉਸ ਦੇ ਅਜ਼ਾਦ ਪ੍ਰੈੱਸ ਕਲੱਬ ਤੇ ਕਾਰਡ ਇਨ੍ਹਾਂ ਪੱਤਰਕਾਰਾਂ ਕੋਲੋਂ ਮਿਲੇ ਤਾਂ ਪੁਲੀਸ ਨੇ ਬਲਦੇਵ ਸਿੰਘ ਜਨੂਹਾ ਨੂੰ ਮੁੱਖ ਤੌਰ ਤੇ ਬਲੈਕਮੇਲਿੰਗ ਦਾ ਸਾਜਿਸ਼ਕਰਤਾ ਬਣਾ ਕੇ ਉਸ ਨੂੰ ਵੀ ਅਪਰਾਧਿਕ ਸਾਜ਼ਿਸ਼ੀ ਕਰਤਾ (120-ਬੀ) ਵਿਚ ਇਸ ਕੇਸ ਵਿਚ ਸ਼ਾਮਲ ਕਰ ਲਿਆ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਹ 22 ਅਗਸਤ ਤੋਂ ਜੇਲ੍ਹ ਵਿਚ ਹੈ। 
 ਸੰਗਰੂਰ ਤੇ ਲੋਕਾਂ ਅਨੁਸਾਰ ਤੇ ਜ਼ਿਆਦਾ ਤਰ ਪੱਤਰਕਾਰਾਂ ਅਨੁਸਾਰ ਬਲਦੇਵ ਸਿੰਘ ਜਨੂਹਾ ਇਕ ਸਾਫ਼ ਸੁਥਰੇ ਕਿਰਦਾਰ ਦਾ ਵਿਅਕਤੀ ਹੈ। ਉਸ ਬਾਰੇ ਇਸ ਗੱਲ ਦੀ ਹਾਮੀ ਪੱਤਰਕਾਰ ਭਾਈਚਾਰਾ ਭਰਦਾ ਹੈ, ਉਸ ਬਾਰੇ ਆਮ ਤੌਰ ਤੇ ਸਥਾਨਕ ਪੱਤਰਕਾਰ ਕਹਿੰਦੇ ਹਨ ਕਿ ਬਲਦੇਵ ਸਿੰਘ ਜਨੂਹਾ ਬੇਬਾਕ ਲਿਖਦਾ ਸੀ, ਉਸ ਦੀ ਲੇਖਣੀ ਦੇ ਪੱਤਰਕਾਰ ਵੀ ਕਾਇਲ ਸਨ। ਪਰ ਉਸ ਤੇ ਪੁਲੀਸ ਵੱਲੋਂ ਕਥਿਤ ਤੌਰ ਤੇ ਬਦਲਾ ਲੈਣ ਦੀ ਕਾਰਵਾਈ ਕਰਨਾ ਗ਼ਲਤ ਹੈ। ਉਹ ਸਾਬਕਾ ਫ਼ੌਜੀ ਹੈ ਤੇ ਫ਼ੌਜੀ ਦੀ ਫ਼ਿਤਰਤ ਉਸ ਵਿਚ ਨਿਡਰ ਹੀ ਹੈ। ਉਸ ਦੇ ਦੋ ਪੁੱਤਰ ਹਨ। ਵਾਹਿਗੁਰੂ ਨੇ ਉਸ ਨੂੰ ਜੇਲ੍ਹ ਵਿਚ ਜਾਣ ਤੋਂ ਬਾਅਦ ਪੋਤੇ ਦੀ ਦਾਤ ਵੀ ਬਖ਼ਸ਼ੀ ਹੈ। ਇਹ ਪੱਤਰਕਾਰ ਜਲਦੀ ਜੇਲ ਵਿਚੋ ਬਾਹਰ ਆਵੇਗਾ ਨਿਆ ਪਾਲਿਕਾ ਤੇ ਵਿਸ਼ਵਾਸ਼ ਹੈ।  

ਨੋਟ : ਜਦੋਂ ਵੀ ਕੋਈ ਪੱਤਰਕਾਰਾਂ ਦੀ ਜਥੇਬੰਦੀ ਬਣਦੀ ਹੈ ਤਾਂ ਉਸ ਦੇ ਸਨਾਖਤੀ ਕਾਰਡ ਵੀ ਜਾਰੀ ਕੀਤੇ ਜਾਂਦੇ ਹਨ, ਇਸ ਵਿਚ ਸੰਸਥਾ ਦੇ ਮੁਖੀ ਨੂੰ ਸਾਜਿਸ਼ਕਰਤਾ ਨਹੀਂ ਬਣਾਇਆ ਜਾ ਸਕਦਾ। ਸੋ ਪੱਤਰਕਾਰ ਬਲਦੇਵ ਸਿੰਘ ਜਨੂਹਾ ਦੇ ਇਸ ਕੇਸ ਬਾਰੇ ਹੋਰ ਪੜਤਾਲ ਦੀ ਲੋੜ ਹੈ, ਇਹ ਸੱਚ ਪੱਤਰਕਾਰਾਂ ਵੱਲੋਂ ਇਕੱਠਾ ਕੀਤਾ ਗਿਆ ਹੈ, ਉਨ੍ਹਾਂ ਅਨੁਸਾਰ ਹੈ, ਪਰ ਇਸ ਦੀ ਹੋਰ ਪੜਤਾਲ ਦੀ ਲੋੜ ਹੈ, ਪੱਤਰਕਾਰਾਂ ਨੂੰ ਇਸ ਸਬੰਧੀ ਇਕ ਕਮੇਟੀ ਬਣਾ ਕੇ ਇਸ ਕੇਸ ਦੀ ਪੜਤਾਲ ਕਰਨੀ ਚਾਹੀਦੀ ਹੈ ਤਾਂ ਕਿ ਕੋਈ ਵੀ ਪੱਤਰਕਾਰ ਜੇਕਰ ਗ਼ਲਤ ਹੈ ਤਾਂ ਉਹ ਵੀ ਨਾ ਬਚੇ ਤੇ ਜੇਕਰ ਕੋਈ ਪੱਤਰਕਾਰ ਸਹੀ ਹੈ ਤੇ ਪੁਲੀਸ ਨੇ ਗ਼ਲਤ ਫਸਾਇਆ ਹੈ ਉਸ ਨਾਲ ਵੀ ਬੇਇਨਸਾਫ਼ੀ ਨਾ ਹੋਵੇ। ਕੌਣ ਗ਼ਲਤ ਹੈ ਇਸ ਦੀ ਪੜਤਾਲ ਕਰਨ ਦੀ ਲੋੜ ਹੈ।
-ਅਕੀਦਾ

ਨਿਡਰ ਪੱਤਰਕਾਰੀ ਕਰਦਾ ਕਰਦਾ ਪੱਤਰਕਾਰ ‘ਬਲਦੇਵ ਸਿੰਘ ਜਨੂਹਾ’ ਜੇਲ੍ਹ ਵਿਚ
  • Title : ਨਿਡਰ ਪੱਤਰਕਾਰੀ ਕਰਦਾ ਕਰਦਾ ਪੱਤਰਕਾਰ ‘ਬਲਦੇਵ ਸਿੰਘ ਜਨੂਹਾ’ ਜੇਲ੍ਹ ਵਿਚ
  • Posted by :
  • Date : सितंबर 24, 2022
  • Labels :
  • Blogger Comments
  • Facebook Comments

0 comments:

एक टिप्पणी भेजें

Top