*ਵਿਸ਼ਵ ਰਿਕਾਰਡ ਬਣਾਉਣ ਜਾ ਰਹੀ ਸ਼ਾਹੀ ਸ਼ਹਿਰ ਪਟਿਆਲਾ ਦੀ ਨੰਨ੍ਹੀਂ ਪਰੀ*
ਡਾ ਰਾਕੇਸ਼ ਪੁੰਜ
ਦੋਸਤੋ ਅੱਜ ਆਪਾਂ ਪੰਜਾਬ ਦੀ ਇੱਕ ਐਸੀ ਧੀ ਬਾਰੇ ਗੱਲ ਕਰਾਂਗੇ ਜੋ ਸਭ ਤੋਂ ਛੋਟੀ ਉਮਰ ਵਿੱਚ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਸਾਈਕਲ ਚਲਾ ਕੇ ਵਿਸ਼ਵ ਰਿਕਾਰਡ ਬਣਾਉਣ ਜਾ ਰਹੀ ਆ। ਇਸੇ ਸਾਲ ਉਹ ਆਪਣੇ ਪਿਤਾ ਨਾਲ਼ ਬੇਹੱਦ ਔਖਾ ਰੂਟ ਸਪਿਤੀ ਸਰਕਟ ਵੀ ਸਾਈਕਲ ਤੇ ਕਰਕੇ ਹਟੀ ਆ। ਪੰਜਾਬ ਦੀ ਉਸ ਨੰਨ੍ਹੀਂ ਪਰੀ ਦਾ ਨਾਂ ਐ ਰਾਵੀ ਬਦੇਸ਼ਾ। ਉਮਰ ਮਹਿਜ਼ ਅੱਠ ਸਾਲ ਤੇ ਜਜ਼ਬਾ ਪਹਾੜ ਤੋਂ ਵੀ ਵੱਡਾ। ਪਟਿਆਲੇ ਦੀ ਜੰਮਪਲ ਰਾਵੀ ਨੂੰ ਸਾਈਕਲਿੰਗ ਦੀ ਗੁੜ੍ਹਤੀ ਆਪਣੇ ਪਿਤਾ ਸਿਮਰਨਜੀਤ ਸਿੰਘ ਬਦੇਸ਼ਾ ਤੋਂ ਈ ਮਿਲੀ। ਸਿਮਰਨਜੀਤ ਸਿੰਘ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਅਤੇ ਉਹਨਾਂ ਨੂੰ ਵੀ ਸਾਈਕਲਿੰਗ ਦਾ ਖੂਬ ਸ਼ੌਕ ਆ। ਉਹ ਵੀ 2015 ਤੋਂ ਲੈਕੇ ਕਈ ਲੰਮੀਆਂ ਲੰਮੀਆਂ ਸਾਈਕਲ ਯਾਤਰਾਵਾਂ ਕਰ ਚੁੱਕੇ ਨੇ।2019 ਵਿੱਚ ਜਦੋਂ ਰਾਵੀ ਮਹਿਜ਼ ਪੰਜ ਸਾਲ ਦੀ ਸੀ ਉਦੋਂ ਈ ਉਹਨੇਂ ਆਪਣੇ ਸ਼ਹਿਰ ਪਟਿਆਲਾ ਵਿਖੇ ਆਪਣੇ ਪਿਤਾ ਨਾਲ ਹੀ ਛੋਟੇ ਸਾਈਕਲ ਸਫਰ ਕਰਨ ਦੀ ਸ਼ੁਰੂਆਤ ਕਰਤੀ ਸੀ। ਸਿਮਰਨਜੀਤ ਬਦੇਸ਼ਾ 2017 ਵਿੱਚ ਜਦੋਂ ਸਾਈਕਲ ਤੇ ਸਪਿਤੀ ਘਾਟੀ ਵਿੱਚ ਸਾਈਕਲ ਤੇ ਘੁੰਮ ਰਿਹਾ ਸੀ ਤਾਂ ਉਸਨੇ ਇੱਕ ਵਿਦੇਸ਼ੀ ਗੋਰੇ ਪਰਿਵਾਰ ਨੂੰ ਬੱਚਿਆਂ ਸਮੇਤ ਸਾਈਕਲ ਸਫਰ ਕਰਦੇ ਵੇਖਿਆ। ਬੱਸ ਏਥੋਂ ਦਿਮਾਗ ਚ ਗਰਾਰੀ ਫਸਗੀ ਕਿ ਉਹ ਵੀ ਆਪਣੀ ਬੇਟੀ ਰਾਵੀ ਨੂੰ ਆਪਣੇ ਨਾਲ਼ ਸਾਈਕਲ ਦੇ ਸਫ਼ਰਾਂ ਦਾ ਸੰਗੀ ਬਣਾਵੇਗਾ। 2019 ਵਿੱਚ ਪੰਜ ਸਾਲ ਦੀ ਰਾਵੀ ਨੇ ਆਪਣੇ ਪਿਤਾ ਨਾਲ ਪਟਿਆਲਾ ਤੋਂ ਡੀਕੈਥਲਨ ਸਟੋਰ ਜ਼ੀਰਕਪੁਰ ਤੱਕ ਪਹਿਲਾ ਲੰਮਾ ਸਾਈਕਲ ਸਫਰ ਸਫਲਤਾਪੂਰਵਕ ਕੀਤਾ। ਫੇਰ ਕੀ ਏਹ ਤਾਂ ਸ਼ੁਰੂਆਤ ਸੀ।ਉਸਦਾ ਪਹਿਲਾ ਪਹਾੜੀ ਸਫਰ ਸਿਸ਼ਵਾਂ ਤੋਂ ਬੱਦੀ ਤੱਕ ਦਾ ਸੀ ਜੋ 2021 ਵਿੱਚ ਸਫਲਤਾ ਨਾਲ ਨੇਪਰੇ ਚਾੜ੍ਹਿਆ।ਏਸੇ ਸਾਲ ਅਪ੍ਰੈਲ ਮਹੀਨੇ ਆਪਣੇ ਉਮਰ ਵਰਗ ਦੇ ਸਾਈਕਲ ਮੁਕਾਬਲੇ ਵਿੱਚ ਰਾਵੀ ਨੇ ਸੋਨ ਤਮਗਾ ਜਿੱਤਕੇ ਆਪਣੇ ਇਰਾਦੇ ਜ਼ਾਹਿਰ ਕੀਤੇ ਕਿ ਉਹ ਹੁਣ ਰੁਕਣ ਆਲ਼ੀ ਨੀ।ਏਹਦੇ ਨਾਲ ਈ ਰਾਵੀ ਨੇ ਚੰਡੀਗੜ੍ਹ ਤੋਂ ਕਸੌਲੀ ਤੱਕ ਦਾ ਸਾਈਕਲ ਸਫਰ ਸਪਿਤੀ ਸਰਕਟ ਦੀ ਤਿਆਰੀ ਵੱਜੋਂ ਕੀਤਾ। ਫੇਰ 12 ਜੂਨ 2022 ਦੇ ਦਿਨ ਸ਼ਿਮਲੇ ਤੋਂ ਸਿਮਰਨਜੀਤ ਸਿੰਘ ਤੇ ਰਾਵੀ ਸਾਈਕਲ ਦੀ ਕਾਠੀ ਤੇ ਸਵਾਰ ਹੋਕੇ ਪਹਾੜਾਂ ਦੇ ਇੱਕ ਮੁਸ਼ਕਿਲ ਸਫ਼ਰ ਲਈ ਨਿਕਲ ਤੁਰੇ। ਨਾਰਕੰਡਾ, ਰਾਮਪੁਰ, ਟਾਪਰੀ,ਚਿਤਕੁਲ,ਤਾਬੋ,ਧੰਕਰ, ਹਿੱਕਮ, ਕੌਮਿਕ, ਕਾਜਾ, ਕਿੱਬਰ, ਲੋਸਰ, ਚੰਦਰਤਾਲ ਝੀਲ,ਗ੍ਰਾਮਫੂ, ਅਟਲ ਸੁਰੰਗ ਤੋਂ ਹੁੰਦਾ ਹੋਇਆ ਏਹ ਸਫ਼ਰ 3 ਜੁਲਾਈ ਨੂੰ ਮਨਾਲੀ ਪਹੁੰਚ ਕੇ ਸੰਪੰਨ ਹੋਇਆ। ਇਸ ਵਾਰ ਦਾ ਸਫ਼ਰ ਕਾਫ਼ੀ ਲੰਬਾ ਤੇ ਔਖਾ ਸੀ। ਉਹਨਾਂ ਨੇ ਤਕਰੀਬਨ ਅੱਠ ਸੌ ਕਿਲੋਮੀਟਰ ਪੈਂਡਾ ਤੈਅ ਕੀਤਾ। ਇਸ ਦੌਰਾਨ ਪੰਦਰਾਂ ਹਜ਼ਾਰ ਫੁੱਟ ਉੱਚੇ ਕੁੰਜਮ ਦੱਰੇ ਨੂੰ ਪਾਰ ਕਰਨਾ ਅੱਠ ਸਾਲ ਦੀ ਬੱਚੀ ਲਈ ਕਿੰਨਾ ਮੁਸ਼ਕਿਲ ਰਿਹਾ ਹੋਵੇਗਾ ਸੋਚ ਕੇ ਦੇਖੋ। ਚੰਦਰਤਾਲ ਆਲ਼ਾ ਟੁੱਟਾ ਫੁੱਟਾ ਰਸਤਾ, ਕੁੰਜਮ ਤੋਂ ਗ੍ਰਾਂਮਫੂ ਤੱਕ ਦਾ ਕਮਰਤੋੜ ਰਾਹ ਸਾਈਕਲ ਤੇ ਤੈਅ ਕਰਨਾ ਕਿੰਨਾ ਔਖਾ ਮੈਂ ਚੰਗੀ ਤਰਾਂ ਜਾਣਦਾ ਹਾਂ ਕਿਉਂਕਿ ਅਸੀਂ ਵੀ ਏਹੀ ਰੂਟ ਰਾਵੀ ਤੋਂ ਕੁਝ ਦਿਨ ਪਹਿਲਾਂ ਹੀ ਕਰਕੇ ਆਏ ਸੀ।ਸਪਿਤੀ ਸਰਕਟ ਪੂਰਾ ਕਰਨ ਦੇ ਨਾਲ਼ ਹੀ ਉਹ ਅੱਠ ਸੌ ਕਿਲੋਮੀਟਰ ਲੰਮਾ ਤੇ 4590 ਮੀਟਰ ਦੀ ਉਚਾਈ ਵਾਲਾ ਸਖਤ ਸਾਈਕਲ ਸਫ਼ਰ ਮਹਿਜ਼ ਅੱਠ ਸਾਲ ਦੀ ਉਮਰ ਵਿੱਚ ਸਫਲਤਾਪੂਰਵਕ ਨੇਪਰੇ ਚਾੜ੍ਹਨ ਆਲ਼ੀ ਦੇਸ਼ ਦੀ ਪਹਿਲੀ ਬੱਚੀ ਬਣ ਗਈ। ਇਸ ਸਾਈਕਲ ਸਫਰ ਦੌਰਾਨ ਜਿੱਥੇ ਰਾਵੀ ਬਿਦੇਸ਼ਾਂ ਦੇ ਇੱਕ ਜਗ੍ਹਾ ਹਲਕੀ ਸੱਟ ਵੀ ਲੱਗੀ, ਉੱਥੇ ਉਸਨੂੰ ਮੁਸ਼ਕਿਲ ਹਾਲਤਾਂ ਵਿੱਚ ਜੀਵਨ ਜਿਉਣ ਦੀ ਜਾਂਚ ਬਾਖੂਬੀ ਆਈ।ਇਸ ਸਾਈਕਲ ਸਫਰ ਦੌਰਾਨ ਅਨੇਕਾਂ ਸੈਲਾਨੀਆਂ ਤੇ ਲੋਕਲ ਲੋਕਾਂ ਨੇ ਇਸ ਨਿੱਕੀ ਜਿਹੀ ਬੱਚੀ ਦੇ ਪਹਾੜ ਜਿੱਡੇ ਹੌਸਲੇ ਦੀ ਰੱਜਵੀਂ ਪ੍ਰਸੰਸਾ ਕੀਤੀ। ਰਾਵੀ ਬਦੇਸ਼ਾ ਇਹ ਸਾਈਕਲ ਸਫਰ ਸਫਲਤਾ ਪੂਰਵਕ ਮੁਕੰਮਲ ਕਰਕੇ ਜਿੱਥੇ ਇੱਕ ਸਟਾਰ ਬਣਕੇ ਪਟਿਆਲੇ ਪਰਤੀ,ਉੱਥੇ ਉਸਨੇ ਆਪਣੇ ਪਿਤਾ ਸਿਮਰਨਜੀਤ ਬਦੇਸ਼ਾ, ਮਾਤਾ ਪਵਨਦੀਪ ਕੌਰ ਤੇ ਪਟਿਆਲਾ ਸ਼ਹਿਰ ਦਾ ਨਾਮ ਦੇਸ਼ ਭਰ ਅੰਦਰ ਰੌਸ਼ਨ ਕੀਤਾ।ਰਾਵੀ ਇਸ ਵੇਲੇ ਆਪਣੇ ਅਗਲੇ ਟੀਚੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਾਈਕਲ ਸਫਰ ਲਈ ਆਪਣੇ ਪਿਤਾ ਨਾਲ ਨਿਕਲੀ ਹੋਈ ਆ।ਸ੍ਰੀ ਨਗਰ ਦੇ ਲਾਲ ਚੌਂਕ ਤੋਂ ਦਸ ਅਕਤੂਬਰ ਉਹਨਾਂ ਆਪਣਾਂ ਇਤਿਹਾਸਕ ਸਾਈਕਲ ਸਫ਼ਰ ਸ਼ੁਰੂ ਕੀਤਾ ਹੈ।ਇਸ ਸਫ਼ਰ ਦੇ ਅੱਠਵੇਂ ਦਿਨ ਅੱਜ ਏਹ ਜੋੜੀ ਗੜ੍ਹਸ਼ੰਕਰ ਤੋਂ ਚੱਲਕੇ ਸ਼ਾਮ ਨੂੰ ਰੋਪੜ ਪਹੁੰਚ ਗਈ ਆ। ਰੋਪੜ ਪਹੁੰਚਣ ਤੇ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਰੂਪਨਗਰ ਵੱਲੋਂ ਬਾਪ ਬੇਟੀ ਦੀ ਇਸ ਸਟਾਰ ਜੋੜੀ ਦਾ ਭਰਵਾਂ ਸਵਾਗਤ ਕੀਤਾ ਗਿਆ। ਰਾਵੀ ਬਦੇਸਾ ਦੇ ਸੁਪਨਿਆਂ ਨੂੰ ਖੰਭ ਲਗਾਉਣ ਵਾਲੇ ਉਹਦੇ ਪਿਤਾ ਸਿਮਰਨਜੀਤ ਸਿੰਘ ਬਦੇਸਾ ਦੇ ਜ਼ਜਬੇ ਨੂੰ ਵੀ ਅਸੀਂ ਦਿਲੋਂ ਸਲਾਮ ਕਰਦੇ ਆਂ। ਕਾਮਨਾ ਕਰਦੇ ਆਂ ਕਿ ਪਿਉ ਧੀ ਦੀ ਏਹ ਜੋੜੀ ਰਾਜ਼ੀ ਖੁਸ਼ੀ ਬਿਨਾਂ ਕਿਸੇ ਮੁਸ਼ਕਿਲ ਤੋਂ ਕੰਨਿਆਕੁਮਾਰੀ ਪਹੁੰਚ ਕੇ ਪੰਜਾਬ ਦਾ ਨਾਂ ਰੌਸ਼ਨ ਕਰੇ। ਸ਼ੱਬਾ ਖੈਰ 🙏🙏
0 comments:
एक टिप्पणी भेजें