*10 ਜਨਵਰੀ ਨੂੰ ਡੀ ਸੀ ਦਫਤਰ ਬਰਨਾਲਾ ਅੱਗੇ ਕੀਤਾ ਜਾਵੇਗਾ ਵਿਸ਼ਾਲ ਰੋਸ ਮੁਜ਼ਾਹਰਾ*
*ਮੁਲਾਜ਼ਮ ਮੰਗਾਂ ਨੂੰ ਅਣਦੇਖਿਆ ਕਰਨ ਦਾ ਲਾਇਆ ਦੋਸ਼*
ਬਰਨਾਲਾ, 30 ਦਸੰਬਰ (ਸੁਖਵਿੰਦਰ ਸਿੰਘ ਭੰਡਾਰੀ) ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਜਿਲ੍ਹਾ ਬਰਨਾਲਾ ਦੀ ਹੰਗਾਮੀ ਮੀਟਿੰਗ ਜਿਲ੍ਹਾ ਪ੍ਰਧਾਨ ਦਰਸ਼ਨ ਚੀਮਾ ਅਤੇ ਜਿਲ੍ਹਾ ਜਨਰਲ ਸਕੱਤਰ ਤੇਜਿੰਦਰ ਸਿੰਘ ਤੇਜੀ ਦੀ ਪ੍ਰਧਾਨਗੀ ਹੇਠ ਚਿੰਟੂ ਪਾਰਕ ਬਰਨਾਲਾ ਵਿਖੇ ਹੋਈ। ਮੀਟਿੰਗ ਵਿੱਚ ਵਿਸੇਸ਼ ਤੌਰ ਤੇ ਸਾਮਿਲ ਹੋਏ ਸੂਬਾ ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਬੀਹਲਾ ਤੇ ਅਨਿਲ ਕੁਮਾਰ ਨੇ ਕਿਹਾ ਕਿ ਬਦਲਾਅ ਦਾ ਨਾਅਰਾ ਲੈ ਕੇ ਗੱਦੀ ਤੇ ਬਿਰਾਜਮਾਨ ਹੋਈ ਪੰਜਾਬ ਦੀ ਆਪ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਧਾਰੀ ਬੇਰੁਖੀ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਮੁਲਜ਼ਮਾਂ ਦੀ ਸਿਰਮੌਰ ਜੱਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਨੇ ਸਰਕਾਰ ਖਿਲਾਫ ਆਰ ਪਾਰ ਦੀ ਲੜਾਈ ਲੜਨ ਦਾ ਤਹੱਈਆ ਕਰ ਲਿਆ ਹੈ।
ਇਸ ਮੌਕੇ ਆਸ਼ਾ ਵਰਕਰ ਯੂਨੀਅਨ ਦੀ ਆਗੂ ਸੰਦੀਪ ਕੌਰ ਪੱਤੀ, ਵਿਨੋਦ ਸ਼ਰਮਾਂ, ਮਿਡ ਡੇ ਮੀਲ ਵਰਕਰ ਯੂਨੀਅਨ ਦੀ ਰਾਣੋ ਕੌਰ, ਗੁਰਮੀਤ ਕੌਰ ਹੰਡਿਆਇਆ ਨੇ ਕਿਹਾ ਕਿ ਪੰਜਾਬ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਝੂਠੀ ਇਸ਼ਤਿਹਾਰਬਾਜੀ ਕਰ ਕੇ ਆਮ ਲੋਕਾਂ ਦੇ ਅੱਖੀਂ ਘੱਟਾ ਪਾਉਣ ਦਾ ਕੋਝਾ ਯਤਨ ਕਰ ਰਹੀ ਹੈ ਜਦ ਕਿ ਹਕੀਕਤ ਵਿੱਚ ਪੰਜਾਬ ਦੇ ਹਜ਼ਾਰਾਂ ਮੁਲਾਜ਼ਮ ਆਸ਼ਾ ਵਰਕਰ, ਮਿਡ ਡੇ ਮੀਲ ਵਰਕਰ, ਆਂਗਣਵਾੜੀ ਵਰਕਰ ਦੇ ਤੌਰ ਤੇ ਅੱਜ ਵੀ ਨਿਗੂਣੇ ਮਾਣ ਭੱਤੇ ਤੇ ਸੋਸ਼ਣ ਕਰਵਾਉਣ ਲਈ ਮਜਬੂਰ ਹਨ। ਆਗੂਆਂ ਨੇ ਕਿਹਾ ਕਿ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਵਿੱਚ ਸਿਆਸੀ ਲਾਹਾ ਲੈਣ ਲਈ ਜਾਰੀ ਕੀਤਾ ਪੁਰਾਣੀ ਪੈਨਸ਼ਨ ਦੀ ਬਹਾਲੀ ਦਾ ਲੰਗੜਾ ਨੋਟੀਫਿਕੇਸ਼ਨ ਅਜੇ ਤੱਕ ਵੀ ਮੁਲਜ਼ਮਾਂ ਦਾ ਮੂੰਹ ਚਿੜਾ ਰਿਹਾ ਹੈ ਪਰ ਹਕੀਕੀ ਰੂਪ ਵਿੱਚ ਅਜੇ ਤੱਕ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਜਿਸ ਕਾਰਨ ਮੁਲਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੁਲਜ਼ਮਾਂ ਦੀਆਂ ਹੋਰ ਭਖਦੀਆਂ ਮੰਗਾਂ, ਪੇ ਕਮਿਸ਼ਨ ਦੇ ਬਕਾਏ ਜਾਰੀ ਕਰਨ , ਡੀ.ਏ. ਦੀਆਂ ਪੈਂਡਿੰਗ ਕਿਸਤਾਂ ਲੈਣ, ਕੋਰਟਾਂ ਦੇ ਮੁਲਜ਼ਮ ਪੱਖੀ ਹੋਏ ਫੈਸਲਿਆਂ ਨੂੰ ਜਨਰਲਾਈਜ ਕਰਵਾਉਣ ਆਦਿ ਸਾਰੀਆਂ ਮੰਗਾਂ ਨੂੰ ਲੈ ਕੇ ਇਹ ਰੋਸ ਧਰਨਾ ਗੂੜੀ ਸੁੱਤੀ ਪੰਜਾਬ ਸਰਕਾਰ ਨੂੰ ਜਗਾਉਣ ਦਾ ਕੰਮ ਕਰੇਗਾ।
ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇਹਨਾਂ ਰੋਸ ਧਰਨਿਆਂ ਉਪਰੰਤ ਵੀ ਦੋ ਧਿਰੀ ਗੱਲਬਾਤ ਰਾਹੀਂ ਮੁਲਾਜ਼ਮ ਮਸਲਿਆਂ ਨੂੰ ਨਿਬੇੜਨ ਦਾ ਯਤਨ ਨਾ ਕੀਤਾ ਤਾਂ ਇਸ ਸੰਘਰਸ਼ ਨੂੰ ਹੋਰ ਵੱਡਾ ਕਰ ਕੇ ਪੰਜਾਬ ਸਰਕਾਰ ਦੀਆਂ ਬਰੂਹਾਂ ਤੱਕ ਲਿਜਾ ਕੇ ਫੈਸਲਾਕੁੰਨ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਵਰੇਜ ਬੋਰਡ ਦੇ ਤਾਰ ਸਿੰਘ ਗਿੱਲ, ਈਸ਼ਰ ਸਿੰਘ, ਮੰਡੀ ਬੋਰਡ ਦੇ ਗੁਰਮੇਲ ਸਿੰਘ, ਬੀ ਐੰਡ ਆਰ ਦੇ ਮਨਜੀਤ ਸਿੰਘ ਸਹਿਣਾ, ਜਲ ਸਪਲਾਈ ਦੇ ਬਲਵਿੰਦਰ ਸਿੰਘ ਧਨੇਰ, ਰਛਪਾਲ ਸਿੰਘ ਔਲਖ ਸਫਾਈ ਸੇਵਕ ਯੂਨੀਅਨ ਦੇ ਗੁਲਸ਼ਨ ਕੁਮਾਰ, ਆਂਗਣਵਾੜੀ ਵਰਕਰ ਯੂਨੀਅਨ ਦੇ ਆਗੂ ਪਰਮਿੰਦਰ ਕੌਰ ਸਹਿਣਾ ਗੌਰਮਿੰਟ ਟੀਚਰਜ਼ ਯੂਨੀਅਨ ਦੇ ਹਰਿੰਦਰ ਮੱਲ੍ਹੀਆਂ, ਰਮਨਦੀਪ ਸਿੰਘ, ਕੁਸ਼ਲ ਸਿੰਘੀ ਆਦਿ ਹਾਜ਼ਰ ਸਨ।
0 comments:
एक टिप्पणी भेजें