ਐਸ.ਡੀ ਸਕੂਲ ਬਰਨਾਲ਼ਾ 'ਚ 39 ਸਾਲ ਸੇਵਾਵਾਂ ਨਿਭਾ ਕੇ 'ਗੁਣਾ ਨੰਦ' ਹੋਇਆ ਸੇਵਾ ਮੁਕਤ
ਸ਼ਿਵਦਰਸ਼ਨ ਕੁਮਾਰ ਸ਼ਰਮਾ ਅਤੇ ਸ਼ਿਵ ਸਿੰਗਲਾ ਸਮੇਤ ਸਮੁੱਚੀ ਮੈਨੇਜਮੈਂਟ ਨੇ ਦਿੱਤੀ ਵਧਾਈ
ਬਰਨਾਲ਼ਾ, 31 ਦਸੰਬਰ (ਜਗਸੀਰ ਸਿੰਘ ਸੰਧੂ/ ਕੇਸ਼ਵ ਵਰਦਾਨ ਪੁੰਜ) : ਜੋ ਇਨਸਾਨ ਆਪਣੀ ਜਿੰਮੇਵਾਰੀ ਨੂੰ ਪੂਰੀ ਦਿਆਨਤਦਾਰੀ ਅਤੇ ਇਮਾਨਦਾਰੀ ਨਾਲ ਨਿਭਾਉਂਦਾ ਹੈ, ਉਸ ਨੂੰ ਜਿੰਦਗੀ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ। ਐਸ. ਡੀ ਸਭਾ (ਰਜਿ:) ਬਰਨਾਲ਼ਾ ਦੇ ਚੇਅਰਮੈਨ ਸ਼ਿਵਦਰਸ਼ਨ ਕੁਮਾਰ ਸ਼ਰਮਾ ਨੇ ਇਹ ਵਿਚਾਰ ਐਸ.ਡੀ ਸੀਨੀਅਰ ਸੈਕੰਡਰੀ ਸਕੂਲ ਵਿੱਚ 39 ਸਾਲ ਚਪੜਾਸੀ ਵੱਜੋਂ ਸੇਵਾਵਾਂ ਨਿਭਾਉਂਣ ਵਾਲੇ ਗੁਣਾਨੰਦ ਦੀ ਸੇਵਾ ਮੁਕਤੀ ਸਮੇਂ ਪ੍ਰਗਟ ਕੀਤੇ। ਉਹਨਾਂ ਦੱਸਿਆ ਕਿ ਉਤਰਾਖੰਡ ਦਾ ਵਾਸੀ ਗੁਣਾ ਨੰਦ ਬਹੁਤ ਹੀ ਛੋਟੀ ਉਮਰ ਵਿੱਚ ਬਰਨਾਲ਼ਾ ਆਇਆ ਅਤੇ ਐਡਵੋਕੇਟ ਬਾਬੂ ਦਰਬਾਰੀ ਲਾਲ ਟੰਡਨ ਦੀ ਸਰਪ੍ਰਸਤੀ ਹੇਠ ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਐਸ. ਡੀ ਸਭਾ ਨਾਲ ਜੁੜਿਆ। ਇਥੇ ਸੇਵਾਵਾਂ ਨਿਭਾਉਂਦਿਆਂ ਹੀ ਗੁਣਾ ਨੰਦ ਨੇ ਸ਼ਾਦੀ ਕਰਵਾਈ ਅਤੇ ਆਪਣੇ ਤਿੰਨੋਂ ਬੱਚਿਆਂ ਨੂੰ ਉਚ ਵਿਦਿਆ ਦਿਵਾਈ, ਜਿਸ ਸਦਕਾ ਦੋਵੇਂ ਲੜਕੀਆਂ ਕਨੇਡਾ ਵਿੱਚ ਸੈਟਲ ਹਨ ਅਤੇ ਲੜਕਾ ਬੈਂਗਲੌਰ ਵਿੱਚ ਆਈ ਟੀ ਖੇਤਰ 'ਤੇ ਸ਼ਾਨਦਾਰ ਪੈਕੇਜ ਲੈ ਕੇ ਆਪਣੇ ਪਰਵਾਰ ਸਮੇਂ ਖੁਸ਼ਹਾਲ ਜਿੰਦਗੀ ਬਤੀਤ ਕਰ ਰਿਹਾ ਹੈ। ਐਸ. ਡੀ ਸਭਾ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ ਨੇ ਗੁਣਾ ਨੰਦ ਨੂੰ ਸ਼ਾਨਦਾਰ ਸੇਵਾਵਾਂ ਨਿਭਾ ਕੇ ਸੇਵਾ ਮੁਕਤ ਹੋਣ 'ਤੇ ਵਧਾਈ ਦਿੰਦਿਆਂ ਕਿਹਾ ਕਿ ਲਗਨ ਨਾਲ ਕਿਵੇਂ ਕਾਮਯਾਬ ਹੋਇਆ ਜਾ ਸਕਦਾ ਹੈ, ਗੁਣਾ ਨੰਦ ਉਸਦੀ ਪ੍ਰਤੱਖ ਮਿਸਾਲ ਹੈ। ਇਸ ਮੌਕੇ ਐਸ. ਡੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸ਼ੀਨੂੰ ਸਿੰਗਲਾ, ਸ਼ੀਸ਼ੂ ਗਰਗ, ਬੰਧਨਾ ਗੁਪਤਾ, ਡੀ.ਐਲ.ਟੀ.ਐਸ.ਡੀ ਸਕੂਲ ਦੇ ਪ੍ਰਿੰਸੀਪਲ ਖੁਸ਼ਵਿੰਦਰ ਪਾਲ, ਪ੍ਰਵੀਨ ਸਿੰਗਲਾ, ਮੁਨੀਸ਼ੀ ਦੱਤ ਸ਼ਰਮਾਂ, ਜਗਸੀਰ ਸਿੰਘ ਸੰਧੂ, ਰਾਜ ਕੁਮਾਰ ਸ਼ਰਮਾ ਸਮੇਤ ਸਾਰੇ ਸਟਾਫ ਨੇ ਸੇਵਾ ਮੁਕਤੀ 'ਤੇ ਗੁਣਾ ਨੰਦ ਨੂੰ ਵਧਾਈ ਦਿੱਤੀ।
0 comments:
एक टिप्पणी भेजें