ਐ ਖੁਦਾ ਖੈਰ ਕੀ ਖਬਰੋਂ ਕੇ ਉਜਾਲੇ ਰਖਣਾ:-
ਜਿੰਦਗੀ ਦੇ ਦਿਨ, ਮਹੀਨੇ ,ਸਾਲ ਘੱਟਦੇ ਰਹੇ ਅਤੇ ਕੁਦਰਤ ਦੇ ਸਾਲ ਵੱਧਦੇ ਰਹੇ । ਨਵਾਂ ਸਾਲ, ਨਵੀਂ ਸ਼ੁਰੂਆਤ, ਅਤੇ ਨਵਾਂ ਤਜਰਬਾ ਲੈ ਕੇ ਇਸ ਸਾਲ ਦੀ ਸ਼ੁਰੂਆਤ ਕਰਨਾ ਹੀ ਸਾਡੇ ਲਈ ਬਿਹਤਰ ਹੈ। ਅਰਦਾਸ ਕਰਦੇ ਹਾਂ ਕਿ ਇਸ ਸਾਲ ਵਿਚ ਸਭ ਦੇ ਘਰਾਂ ਵਿੱਚ ਤੰਦਰੁਸਤੀ ਅਤੇ ਖੁਸ਼ੀਆਂ ਦੇ ਬੂਟੇ ਹਰੇ ਭਰੇ ਨਜਰ ਆਉਣ। ਜੋ ਪੁਰਾਣੇ ਸਾਲ ਚ ਚੰਗਾ ਹੋਇਆ ਉਹਨੂੰ ਯਾਦ ਰੱਖਕੇ ਅਤੇ ਜੋ ਮਾੜਾ ਹੋਇਆ ਉਹਦੇ ਤੋਂ ਸਿੱਖ ਕੇ ਅੱਗੇ ਵੱਲ ਵਧਦੇ ਹਾਂ। ਆਓ ਇਸ ਸਾਲ ਵਿਚ ਕਿਸੇ ਦੁਖੀ ਦੇ ਚਿਹਰੇ ਦੀ ਮੁਸਕਾਨ ਬਣ ਕੇ ਨਜਰ ਆਈਏ। ਸਾਰੇ ਵੈਰ ਵਿਰੋਧ ਛੱਡ ਕੇ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰੀਏ। ਕਿਸੇ ਨੂੰ ਦੁਖ ਦੇ ਕਿ ਖੁਸ਼ੀਆਂ ਨਾ ਲੱਭੀਏ। ਅਰਦਾਸ ਕਰੀਏ ਕਿ ਕਿਸੇ ਵੀ ਤਰਾਂ ਦਾ ਵਾਇਰਸ ਕਿਸੇ ਵੀ ਦੇਸ਼ ਵਿੱਚ ਨਾ ਆਵੇ ਅਤੇ ਨਾ ਹੀ ਕਿਸੇ ਦੇ ਰੁਜ਼ਗਾਰ ਬੰਦ ਹੋਵੇ। ਫਸਲਾਂ ,ਪਸ਼ੂ,ਪੰਛੀ ਕੁਦਰਤ ਦੀ ਗੋਦ ਦਾ ਨਿਘ ਮਾਨਣ।ਕਿਸੇ ਵੀ ਕਿਸਾਨ ਦੀ ਫਸਲ ਤੇ ਗੜੇਮਾਰੀ ਨਾ ਹੋਵੇ ਅਤੇ ਨਾ ਹੀ ਕਿਸੇ ਤਰਾਂ ਦੀ ਬਿਮਾਰੀ ਲੱਗੇ। ਕਿਸਾਨ ਨਾ ਹੀ ਖੁਦਕੁਸ਼ੀਆਂ ਦੀ ਲਪੇਟ ਵਿੱਚ ਆਉਣ ਨਾ ਕਿਸੇ ਦਾ ਪੁੱਤ ਧੀ ਏਸ ਜਹਾਨ ਤੋਂ ਬਿਨਾ ਉਮਰ ਭੋਗੇ ਤੋ ਚਲਾਣਾ ਕਰੇ। ਨਾ ਹੀ ਕਿਸੇ ਵੀ ਧਰਮ ਦੀ ਬੇਅਦਬੀ ਹੋਵੇ । ਨਵੇਂ ਸਾਲ ਦਾ ਹਰ ਇੱਕ ਦਿਨ ਨਵੀਂ ਜਿੰਦਗੀ ਵਾਂਗ ਜੀਣਾ ਸ਼ੁਰੂ ਕਰੀਏ। ਕੋਸ਼ਿਸ਼ ਜਾਰੀ ਰੱਖੀਏ ਆਪਣੀ ਮੰਜ਼ਿਲ ਨੂੰ ਪਾਉਣ ਵਾਸਤੇ ਬੂੰਦ-ਬੂੰਦ ਤਾਂ ਦਰਿਆ ਵੀ ਭਰ ਜਾਂਦਾ। ਆਓ ਕੁਝ ਕਲਮ ਚੋਂ ਨਿਕਲੇ ਅੱਖਰਾਂ ਵੱਲ ਨਜਰ ਮਾਰਦੇ ਹਾਂ ਅਤੇ ਹੌਸਲੇ ਵਿੱਚ ਜੋਸ਼ ਭਰਦੇ ਹਾਂ :-
ਕੀ ਹੋਇਆ ਜੇ ਅੱਜ ਗਰੀਬੀ ਦੀ, ਹਨੇਰੀ ਤੇਰੇ ਤੇ ਝੁਲ ਗਈ ਏ। ਹਿੰਮਤ ਨਾ ਛੱਡ ਤੇ ਤੁਰ ਮੰਜਿਲ ਵੱਲ ,ਜੇ ਤੇਰੀ ਟਾਇਮ ਨਾਲ ਅੱਖ ਖੁੱਲ੍ਹ ਗਈ ਏ।
ਦਿਮਾਗ ਤੇ ਬਹੁਤਾ ਜੋਰ ਵੀ ਨਾ ਪਾਇਆ ਕਰ ,ਦੇਖ ਤੇਰੀ ਫਿਕਰਾਂ ਚ ਜਵਾਨੀ ਰੁਲ ਗਈ ਏ।
ਜੇ ਲਾ ਕੇ ਕੁੰਡੀ ਰੋਈ ਜਾਵੇਗਾ ਤੂੰ ਸੱਜਣਾ,
ਤਾਂ ਗਰੀਬੀ ਕਿਹੜਾ ਤੈਨੂੰ ਭੁੱਲ ਗਈ ਏ।
ਦੇਖੀ ਚਲ"ਗੁਰਾਲੇਵਾਲਾ"ਗਰੀਬੀ ਆਪ ਦੌੜੂ,
ਜੇ ਤੇਰੇ ਵਿੱਚ ਤੇਰੀ ਮਿਹਨਤ ਘੁਲ ਗਈ ਏ।।
ਆਪਣੀ ਮਿਹਨਤ ਨੂੰ ਆਪਣੇ ਵਿੱਚ ਘੁਲਮਿਲ ਜਾਣ ਦਿਉ ਸੁਪਨੇ ਆਪਣੇ ਆਪ ਪੂਰੇ ਹੁੰਦੇ ਨਜਰ ਆਉਣਗੇ। ਕਿਸੇ ਦੀਆਂ ਬੁਰਾਈਆਂ ਕੱਢਣ ਤੋਂ ਬਿਨਾਂ ਉਹਨੂੰ ਪਿਆਰ ਕਰਨਾ ਸਿੱਖੋ। ਲੇਖਕ ਦਾ ਕਹਿਣਾ ਹੈ ਕਿ ਕਿਸੇ ਦੇ ਦਾਗ ਨੂੰ ਗੰਦਾ ਕਹਿਣ ਨਾਲੋ ਖੁਦ ਦੇ ਸ਼ੀਸ਼ੇ ਸਾਫ ਕਰਨਾ ਜਰੂਰੀ ਹੈ। ਆਖਰੀ ਕਵਿਤਾ ਨਾਲ ਸਭ ਤੋਂ ਖਿਮਾ ਦਾ ਜਾਚਕ ਹਾਂ। ਨਵੇਂ ਸਾਲ ਦੀ ਸਭ ਨੂੰ ਮੁਬਾਰਕਬਾਦ ।
ਨਵੇਂ ਸਾਲ ਬੂਟਾ ਬੀਜੋ ਖੁਸ਼ੀਆਂ ਦਾ ,
ਜਿਹੜਾ ਦੁਖ ਮਿਟਾ ਦਵੇ ਦੁਖੀਆਂ ਦਾ।
ਉਹਨੂੰ ਪਾਓ ਪਾਣੀ ਇਮਾਨਦਾਰੀ ਦਾ,
ਜਿਹੜਾ ਫਲ ਦੇਵੇ ਦਿਲਦਾਰੀ ਦਾ ।
ਜਿਹਦੇ ਪੱਤੇ ਬਨਣ ਦਵਾਈ ਦੁਖਾਂ ਦੀ,
ਪੈਦਾਵਾਰ ਵਧੇ ਐਸੇ ਰੁੱਖਾਂ ਦੀ।
ਜਿਹਦੇ ਟਾਹਣੇ ਜਮੀਨ ਨੂੰ ਛੂੰਹਦੇ ਹੋਣ,
ਉਹਣੇ ਬੱਚਿਆਂ ਦੇ ਅੱਥਰੂ ਪੂੰਜੇ ਹੋਣ।
ਜਿਹਦੀ ਖੁਸ਼ਬੂ ਜਾਵੇ ਸੁਰਗਾਂ ਨੂੰ
ਜਿਹੜਾ ਖੁਸ਼ ਰੱਖੇ ਬਜੁਰਗਾਂ ਨੂੰ।
ਆਸ ਕਰਦਾ ਹਾਂ ਲਿਖਤ ਸਭ ਨੂੰ ਚੰਗੀ ਲੱਗੀ ਹੋਵੇਗੀ। ਹੋਈਆਂ ਗਲਤੀਆਂ ਦੀ ਖਿਮਾ।
ਨਾਮ : ਰਾਮਜੀਤ ਸਿੰਘ (ਹੈਪੀ ਗੁਰਾਲੇਵਾਲਾ)
ਪਿੰਡ : ਗੁਰਾਲਾ
ਤਹਿਸੀਲ : ਅਜਨਾਲਾ
ਜਿਲਾ : ਅੰਮ੍ਰਿਤਸਰ
ਪਤਰਕਾਰ - ਕਮਲੇਸ਼ ਗੋਇਲ ਖਨੌਰੀ
0 comments:
एक टिप्पणी भेजें