ਅਜੀਤ ਦੇ ਸਰਕਾਰੀ ਇਸ਼ਤਿਹਾਰਾਂ ਤੇ ਲਾਈ ਰੋਕ ਪ੍ਰੈਸ ਦੀ ਆਜ਼ਾਦੀ ਤੇ ਹਮਲਾ।
ਬਰਨਾਲਾ, 20 ਦਸੰਬਰ /Sukhwinder Bhandari /keshav vardaan punj ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ ਅਤੇ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ ਜ਼ਿਲ੍ਹਾ ਬਰਨਾਲਾ ਨੇ ਪੰਜਾਬ ਸਰਕਾਰ ਵੱਲੋਂ ਅਜੀਤ ਅਖ਼ਬਾਰ ਦੇ ਸਰਕਾਰੀ ਇਸ਼ਤਿਹਾਰਾਂ ਤੇ ਲਾਈ ਰੋਕ ਨੂੰ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਕਰਾਰ ਦਿੱਤਾ ਹੈ। ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ ਦੇ ਕੌਮੀ ਚੇਅਰਮੈਨ ਡਾਕਟਰ ਰਾਕੇਸ਼ ਪੁੰਜ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਅਤੇ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਮੀਮਸਾ, ਜਨਰਲ ਸਕੱਤਰ ਹੇਮ ਰਾਜ ਵਰਮਾ, ਵਿੱਤ ਸਕੱਤਰ ਕੇਵਲ ਕ੍ਰਿਸ਼ਨ ਗਰਗ ਨੇ ਕਿਹਾ ਹੈ ਕਿ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਨੇ ਪੰਜਾਬੀਆਂ ਦੀ ਆਵਾਜ਼ ਅਤੇ ਲੱਖਾਂ ਲੋਕਾਂ ਦੇ ਹਰਮਨ ਪਿਆਰੇ ਅਖ਼ਬਾਰ ਅਜ਼ੀਤ ਨੂੰ ਸਰਕਾਰੀ ਇਸ਼ਤਿਹਾਰ ਦੇਣ ਤੇ ਰੋਕ ਲਗਾ ਦਿੱਤੀ ਹੈ। ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਵਾਲੀ ਪੰਜਾਬ ਸਰਕਾਰ ਵੱਲ੍ਹੋਂ ਅਜੀਤ ਅਖ਼ਬਾਰ ਨੂੰ ਇਸ਼ਤਿਹਾਰ ਨਾ ਦੇ ਕੇ ਵਿਤਰਕੇਬਾਜ਼ੀ ਕਰਨ ਨਾਲ ਲੱਖਾਂ ਪੰਜਾਬੀਆਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਕਿਉਂਕਿ ਅਜੀਤ ਉਨ੍ਹਾਂ ਦਾ ਹਰਮਨ ਪਿਆਰਾ ਅਖ਼ਬਾਰ ਹੈ। ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਨੇ ਅੱਗੇ ਕਿਹਾ ਕਿ ਅਜੀਤ ਅਖ਼ਬਾਰ ਦੀ ਸੰਪਾਦਕੀ ਸੱਚ ਤੇ ਆਧਾਰਿਤ ਅਤੇ ਸਮਾਜ ਦੇ ਹਰ ਵਰਗ ਦਾ ਮਾਰਗ ਦਰਸ਼ਨ ਕਰਨ ਵਾਲੀ ਹੁੰਦੀ ਹੈ। ਜੇਕਰ ਸਰਕਾਰਾਂ ਅਜੀਤ ਦੀ ਸੰਪਾਦਕੀ ਨੀਤੀ ਤੇ ਅਮਲ ਕਰਨ ਤਾਂ ਸਹੀ ਅਰਥਾਂ ਚ ਲੋਕਤੰਤਰੀ ਅਤੇ ਕਲਿਆਣਕਾਰੀ ਰਾਜ ਦੀ ਸਥਾਪਨਾ ਹੋ ਸਕਦੀ ਹੈ ਕਿਉਂਕਿ ਅਜੀਤ ਅਦਾਰੇ ਦੀ ਸੰਪਾਦਕੀ ਨੀਤੀ ਚੋਂ ਸਾਂਝੀਵਾਲਤਾ, ਸਦਭਾਵਨਾ, ਸਮਰਸ ਸਮਾਜ ਦੀ ਸਥਾਪਨਾ ਅਤੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੀ ਝਲਕ ਵਿਖਾਈ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਇਸ਼ਤਿਹਾਰਾਂ ਤੇ ਰੋਕ ਲਗਾ ਕੇ ਅਜੀਤ ਦੀ ਕਲਮ ਨੂੰ ਸੱਚ ਲਿਖਣ ਤੋਂ ਰੋਕਿਆ ਨਹੀਂ ਜਾ ਸਕਦਾ। ਅਜੀਤ ਅਖ਼ਬਾਰ ਤੇ ਪਹਿਲਾਂ ਵੀ ਅਜਿਹੇ ਹਮਲੇ ਹੋਏ ਪਰ ਅਦਾਰਾ ਹਰ ਵਾਰ ਤਕੜਾ ਹੋ ਕੇ ਨਿਕਲਿਆ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਉਹ ਅਜੀਤ ਅਦਾਰੇ ਨੂੰ ਸਰਕਾਰੀ ਇਸ਼ਤਿਹਾਰ ਦੇਣ ਤੇ ਲਾਈ ਰੋਕ ਖਤਮ ਕਰਕੇ ਮੁੜ ਸਰਕਾਰੀ ਇਸ਼ਤਿਹਾਰ ਦੇਣੇ ਸ਼ੁਰੂ ਕਰਨ। ਇਸ ਮੌਕੇ ਮੁਕੇਸ਼ ਗਰਗ, ਰਾਕੇਸ਼ ਜਿੰਦਲ, ਪਿਆਰਾ ਲਾਲ ਰਾਏਸਰ ਵਾਲੇ, ਬਬੀਤਾ ਜਿੰਦਲ, ਗੁਰਮੀਤ ਬਾਂਸਲ, ਅਸ਼ਵਨੀ ਸ਼ਰਮਾ, ਡਾਕਟਰ ਰਾਜੀਵ ਸ਼ਰਮਾ, ਰਾਜਿੰਦਰ ਜਿੰਦਲ, ਜਗਸੀਰ ਸਿੰਘ ਮਾਛੀਕੇ, ਬਲਦੇਵ ਸਿੰਘ ਧੌਲਾ, ਭੋਲਾ ਸਿੰਘ ਕਾਲੇਕੇ, ਜਨਕ ਰਾਜ ਗੋਇਲ, ਮਨਦੀਪ ਵਾਲੀਆ, ਰਾਜੇਸ਼ ਭੂਟਾਨੀ, ਮਨੋਜ ਵਾਲੀਆ ਆਦਿ ਹਾਜ਼ਰ ਸਨ।
0 comments:
एक टिप्पणी भेजें