--ਹੁੱਕਾ ਬਾਰ ਚਲਾਉਣ ਤੇ ਈ-ਸਿਗਰਟ ਵਿਰੁੱਧ ਮੁਹਿੰਮ 'ਚ ਕੀਤੇ ਗਏ ਜੁਰਮਾਨੇ : ਸਿਵਲ ਸਰਜਨ
--221 ਦੁਕਾਨਦਾਰਾਂ/ ਵਿਅਕਤੀਆਂ ਤੋਂ 2480 ਰੁਪਏ ਜੁਰਮਾਨਾ ਵਸੂਲ
ਬਰਨਾਲਾ, 18 ਜਨਵਰੀ (ਸੁਖਵਿੰਦਰ ਸਿੰਘ ਭੰਡਾਰੀ/ਕੇਸ਼ਵ ਵਰਦਾਨ ਪੁੰਜ)
ਸਿਹਤ ਵਿਭਾਗ ਵਲੋਂ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਅੰਦਰ 9 ਤੋਂ 15 ਜਨਵਰੀ ਤੱਕ ਹੁੱਕਾ ਬਾਰ ਚਲਾਉਣ ਅਤੇ ਈ-ਸਿਗਰਟ ਵੇਚਣ ਵਾਲਿਆਂ ਅਤੇ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਇਸ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਟੀ ਬੀ ਅਫਸਰ ਡਾ. ਮੋਨਿਕਾ ਬਾਂਸਲ ਦੀ ਅਗਵਾਈ 'ਚ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਹੈ ਜਦਕਿ ਬਲਾਕ ਪੱਧਰ 'ਤੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਵੀ ਇਹ ਮੁਹਿੰਮ ਸਫ਼ਲ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਤੰਬਾਕੂ ਕੰਟਰੋਲ ਐਕਟ 2003 ਦੀ ਉਲੰਘਣਾ ਕਰਨ ਵਾਲੇ 221 ਦੁਕਾਨਦਾਰਾਂ/ ਵਿਅਕਤੀਆਂ ਤੋਂ 2480 ਰੁਪਏ ਜੁਰਮਾਨਾ ਵਸੂਲ ਕੀਤਾ ਗਿਆ ਅਤੇ ਜ਼ਿਲ੍ਹੇ ਭਰ ਦੇ ਸਕੂਲਾਂ ਅਤੇ ਕਾਲਜਾਂ ਵਿਚ ਤੰਬਾਕੂ ਜਾਂ ਤੰਬਾਕੂ ਤੋਂ ਬਣੇ ਪਦਾਰਥ ਦੇ ਸੇਵਨ ਨਾਲ ਸਰੀਰ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ।
ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਕੁਲਦੀਪ ਸਿੰਘ ਮਾਨ ਅਤੇ ਹੈਲਥ ਇੰਸਪੈਕਟਰ ਗੁਰਮੇਲ ਸਿੰਘ ਢਿੱਲੋਂ ਨੇ ਦੱਸਿਆ ਕਿ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਅਧੀਨ ਕਰਿਆਨਾ ਅਤੇ ਹੋਰ ਖਾਣ ਪੀਣ ਦੇ ਖਾਧ ਪਦਾਰਥ ਵੇਚਣ ਵਾਲੀਆਂ ਦੁਕਾਨਾਂ ਉਪਰ ਤੰਬਾਕੂ ਵੇਚਣ ਦੀ ਸਖ਼ਤ ਮਨਾਹੀ ਹੈ। ਅਜਿਹੀ ਉਲੰਘਣਾ ਕਰਨ 'ਤੇ ਉਨ੍ਹਾਂ ਨੂੰ ਜੁਰਮਾਨਾ ਅਤੇ ਸਜ਼ਾ ਵੀ ਹੋ ਸਕਦੀ ਹੈ ਤੇ ਉਨ੍ਹਾਂ ਦੀ ਦੁਕਾਨ ਦਾ ਫੂਡ ਲਾਇਸੈਂਸ ਵੀ ਰੱਦ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰ ਦੁਕਾਨ, ਸਰਕਾਰੀ ਤੇ ਗ਼ੈਰ ਸਰਕਾਰੀ ਸੰਸਥਾਵਾਂ ਅੱਗੇ ਚਿਤਾਵਨੀ ਬੋਰਡ ਲਗਵਾਉਣਾ ਵੀ ਜ਼ਰੂਰੀ ਹੈ ਨਹੀਂ ਤਾਂ ਸਬੰਧਤ ਸੰਸਥਾਵਾਂ ਦੇ ਮਾਲਕ ਤੇ ਮੁਖੀਆਂ ਖ਼ਿਲਾਫ਼ ਕੋਟਪਾ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਇਸ ਟੀਮ ਵਿੱਚ ਸਿਹਤ ਕਰਮਚਾਰੀ ਸੁਰਿੰਦਰ ਸਿੰਘ ਅਤੇ ਜਗਜੀਤ ਸਿੰਘ ਹਾਜ਼ਰ ਸਨ।
0 comments:
एक टिप्पणी भेजें