ਜ਼ਿਲ੍ਹਾ ਭਾਸ਼ਾ ਦਫਤਰ ਨੇ ਸਾਹਿਤਕ ਸਮਾਗਮ ਕਰਵਾ ਕੇ ਭਾਸ਼ਾ ਵਿਭਾਗ ਦਾ 75ਵਾਂ ਸਥਾਪਨਾ ਦਿਵਸ ਮਨਾਇਆ
ਬਰਨਾਲਾ,1 ਜਨਵਰੀ(ਸੁਖਵਿੰਦਰ ਸਿੰਘ ਭੰਡਾਰੀ )- ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਸਾਹਿਤਕ ਸਮਾਗਮ ਕਰਵਾ ਕੇ ਭਾਸ਼ਾ ਵਿਭਾਗ ਦਾ 75ਵਾਂ ਸਥਾਪਨਾ ਦਿਵਸ ਮਨਾਇਆ ਗਿਆ।ਜ਼ਿਲ੍ਹਾ ਭਾਸ਼ਾ ਦਫਤਰ ਵਿਖੇ ਕਰਵਾਏ ਵਿਚਾਰ ਚਰਚਾ ਅਤੇ ਕਵੀ ਦਰਬਾਰ ਵਿੱਚ ਜ਼ਿਲ੍ਹੇ ਦੀਆਂ ਸਾਹਿਤਕ ਸਖਸ਼ੀਅਤਾਂ ਵੱਲੋਂ ਸ਼ਿਰਕਤ ਕੀਤੀ ਗਈ।ਸਮਾਗਮ ਦੀ ਸ਼ੁਰੂਆਤ ਵਿਭਾਗੀ ਧੁਨ ਨਾਲ ਕੀਤੀ ਗਈ
ਸੁਖਵਿੰਦਰ ਸਿੰਘ ਗੁਰਮ ਜ਼ਿਲ੍ਹਾ ਭਾਸ਼ਾ ਅਫਸਰ ਅਤੇ ਬਿੰਦਰ ਸਿੰਘ ਖੁੱਡੀ ਕਲਾਂ ਜ਼ਿਲ੍ਹਾ ਖੋਜ ਅਫਸਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਮਾਂ ਬੋਲੀ ਪੰਜਾਬੀ ਦਾ ਮਾਣ ਸਤਿਕਾਰ ਬਹਾਲ ਕਰਨ ਲਈ ਪੂਰੀ ਤਰ੍ਹਾਂ ਸੁਹਿਰਦ ਅਤੇ ਯਤਨਸ਼ੀਲ ਹੈ।ਉਹਨਾਂ ਕਿਹਾ ਕਿ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਅਤੇ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ.ਵੀਰਪਾਲ ਕੌਰ ਦੀਆਂ ਹਦਾਇਤਾਂ ਅਨੁਸਾਰ ਕਰਵਾਏ 75ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮ ਵਿੱਚ ਹਾਜ਼ਰੀਨ ਨਾਲ ਵਿਭਾਗ ਦੇ ਸਥਾਪਨਾ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਨਾਲ ਨਾਲ ਵਿਭਾਗ ਵੱਲੋਂ ਸਾਹਿਤ ਦੇ ਖੇਤਰ ਵਿੱਚ ਕੀਤੇ ਗਏ ਵਡਮੁੱਲੇ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਭਾਸ਼ਾ ਅਧਿਕਾਰੀਆਂ ਨੇ ਕਿਹਾ ਕਿ 1 ਜਨਵਰੀ 1948 ਨੂੰ ਪੰਜਾਬੀ ਸੈਕਸ਼ਨ ਦੇ ਨਾਂ ਨਾਲ ਸਥਾਪਿਤ ਹੋਇਆ ਇਹ ਵਿਭਾਗ ਸਾਲ 1949 ਵਿਚ ਮਹਿਕਮਾ ਪੰਜਾਬੀ ਅਤੇ ਫੇਰ ਸਾਲ 1956 ਤੋਂ ਭਾਸ਼ਾ ਵਿਭਾਗ, ਪੰਜਾਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ।ਵਿਭਾਗ ਹੁਣ ਤੱਕ 1632 ਪੁਸਤਕਾਂ ਦਾ ਪ੍ਰਕਾਸ਼ਨ ਕਰ ਚੁੱਕਾ ਹੈ ਜਿਸ ਵਿਚ ਕੋਸ਼ਕਾਰੀ ਅਤੇ ਪੰਜਾਬੀ ਵਿਸ਼ਵ ਕੋਸ਼ ਜੋ ਪੰਜਾਬੀ ਭਾਸ਼ਾ ਵਿਚ ਹੋਣ ਵਾਲਾ ਪਹਿਲਾ ਕਾਰਜ ਹੈ। ਵਿਦਿਆਰਥੀਆਂ ਅਤੋ ਖੋਜਾਰਥੀਆਂ ਦੀ ਸਹੂਲਤ ਲਈ 35 ਦੇ ਕਰੀਬ ਸ਼ਬਦਾਵਲੀਆਂ ਪੰਜਾਬੀ ਭਾਸ਼ਾ ਵਿਚ ਛਾਪ ਕੇ ਇੱਕ ਵਿਲੱਖਣ ਕਾਰਜ ਕੀਤਾ ਹੈ। ਪੰਜਾਬੀ ਦੀਆਂ ਦੁਰਲੱਭ ਕਿਰਤਾਂ ਜਿਵੇਂ ਮਹਾਨ ਕੋਸ਼, ਪੰਜਾਬ ਦੀਆਂ ਲੋਕ ਕਹਾਣੀਆਂ, ਗੁਲਸਿਤਾਂ ਬੋਸਤਾਂ, ਸ਼ਹੀਦਾਨ-ਏ-ਵਫਾ ਆਦਿ ਪ੍ਰਕਾਸ਼ਿਤ ਕੀਤੀਆਂ ਗਈਆਂ।
ਇਸ ਮੌਕੇ ਵਿਭਾਗ ਦੇ ਪ੍ਰਬੰਧਕੀ ਢਾਂਚੇ ਅਤੇ ਕਾਰਜਾਂ ਨੂੰ ਦਰਸਾਉਂਦੀਆਂ ਪੀ.ਪੀ.ਟੀਜ਼ ਅਤੇ ਡਾਕੂਮੈਂਟਰੀ ਵੀ ਵਿਖਾਈਆਂ ਗਈਆਂ।ਭਾਸ਼ਾ ਅਧਿਕਾਰੀਆਂ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਫਰਵਰੀ ਮਹੀਨੇ ਆ ਰਹੇ ਕੌਮਾਂਤਰੀ ਮਾਂ ਬੋਲੀ ਦਿਵਸ ਤੋਂ ਪਹਿਲਾਂ ਪਹਿਲਾਂ ਸਮੂਹ ਸਰਕਾਰੀ ਅਤੇ ਨਿੱਜੀ ਦਫਤਰਾਂ ਅਤੇ ਅਦਾਰਿਆਂ ਦੇ ਬੋਰਡ ਗੁਰਮੁਖੀ ਲਿੱਪੀ ਵਿੱਚ ਸਭ ਤੋਂ ਉੱਪਰ ਲਿਖਣ ਦੇ ਨਾਲ ਨਾਲ ਮਾਰਗਾਂ ਦੇ ਦਿਸ਼ਾ ਸੂਚਕ ਬੋਰਡ ਵੀ ਗੁਰਮੁਖੀ ਲਿੱਪੀ ਵਿੱਚ ਸਭ ਤੋਂ ਉੱਪਰ ਲਿਖੇ ਜਾਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਭਾਸ਼ਾ ਅਧਿਕਾਰੀਆਂ ਨੇ ਕਿਹਾ ਕਿ ਇਸ ਕਾਰਜ ਨੂੰ ਸਾਨੂੰ ਸਭ ਨੂੰ ਸਵੈ ਇੱਛਾ ਨਾਲ ਨੇਪਰੇ ਚਾੜ੍ਹਨ ਦੇ ਨਾਲ ਨਾਲ ਹੋਰਨਾਂ ਨੂੰ ਵੀ ਇਸ ਕਾਰਜ ਨੂੰ ਸਵੈ ਇੱਛਾ ਨਾਲ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸ਼੍ਰੋਮਣੀ ਪੰਜਾਬੀ ਸਾਹਿਤਕ ਪੱਤਰਕਾਰ ਕੰਵਰਜੀਤ ਸਿੰਘ ਭੱਠਲ ਨੇ ਕਿਹਾ ਕਿ ਭਾਸ਼ਾ ਵਿਭਾਗ ਦੀ ਪੁਰਾਣੀ ਸਾਖ ਦੀ ਬਹਾਲੀ ਸਮੇਂ ਦੀ ਮੁੱਖ ਜਰੂਰਤ ਹੈ।ਉਹਨਾਂ ਕਿਹਾ ਕਿ ਮਾਂ ਬੋਲੀ ਪੰਜਾਬੀ ਦੇ ਗੌਰਵ ਵਿੱਚ ਇਜ਼ਾਫੇ ਲਈ ਸਰਕਾਰ ਅਤੇ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਸਾਨੂੰ ਸਭ ਨੂੰ ਸਹਿਯੋਗ ਕਰਨਾ ਚਾਹੀਦਾ ਹੈ।ਸਮਾਗਮ ਦੌਰਾਨ ਕਰਵਾਏ ਕਵੀ ਦਰਬਾਰ 'ਚ ਗੁਰਜੰਟ ਸਿੰਘ ਸਿੱਧੂ,ਸਾਗਰ ਸਿੰਘ ਸਾਗਰ,ਦਰਸ਼ਨ ਸਿੰਘ ਚੀਮਾ,ਡਾ.ਤਰਸਪਾਲ ਕੌਰ,ਡਾ.ਹਰੀਸ਼,ਚਤਿੰਦਰ ਸਿੰਘ,ਗਗਨ ਸੰਧੂ,ਗੁਰਪ੍ਰੀਤ ਸਿੰਘ,ਮੇਜਰ ਸਿੰਘ ਰਾਜਗੜ੍ਹ,ਜਗਜੀਤ ਕੌਰ ਢਿੱਲਵਾਂ,ਸੁਖਵਿੰਦਰ ਸਿੰਘ ਢਿੱਲਵਾਂ,ਜਸਵੀਰ ਕੌਰ ਬਦਰਾ,ਸੁਖਚੈਨ ਸਿੰਘ ਕੁਰੜ,ਗਗਨਦੀਪ ਕੌਰ ਧਾਲੀਵਾਲ,ਜਸਪ੍ਰੀਤ ਬੱਬੂ,ਅੰਜਨਾ ਮੈਨਨ,ਰਜਨੀਸ਼ ਕੌਰ ਬਬਲੀ,ਆਕ੍ਰਿਤੀ,ਬਿੰਦਰ ਮਾਨ,ਕੁਲਵੰਤ ਸਿੰਘ ਔਲਖ,ਸਤਪਾਲ ਧੌਲਾ,ਇੰਦਰਵੀਰ ਕੌਰ,ਨਰਿੰਦਰ ਕੌਰ ਅਤੇ ਸੁਖਦੀਪ ਸਿੰਘ ਲਾਡੀ ਮਿੱਠੇਵਾਲ ਵੱਲੋਂ ਆਪਣੀਆਂ ਕਵਿਤਾਵਾਂ,ਗਜ਼ਲ ਅਤੇ ਗੀਤ ਪੇਸ਼ ਕੀਤੇ ਗਏ।ਇਸ ਮੌਕੇ ਕੰਵਰਜੀਤ ਸਿੰਘ ਭੱਠਲ,ਸਾਗਰ ਸਿੰਘ ਸਾਗਰ,ਗੁਰਜੰਟ ਸਿੰਘ ਸਿੱਧੂ,ਸਤਪਾਲ ਧੌਲਾ ਅਤੇ ਅੰਜਨਾ ਮੈਨਨ ਵੱਲੋਂ ਜ਼ਿਲ੍ਹਾ ਭਾਸ਼ਾ ਦਫਤਰ ਨੂੰ ਰਸਾਲੇ ਅਤੇ ਪੁਸਤਕਾਂ ਵੀ ਭੇਟ ਕੀਤੀਆਂ ਗਈਆਂ।
ਸਮਾਗਮ 'ਚ ਪਹੁੰਚੇ ਸਾਹਿਤਕਾਰਾਂ ਵੱਲੋਂ ਜ਼ਿਲ੍ਹਾ ਭਾਸ਼ਾ ਦਫਤਰ ਦੇ ਪੁਸਤਕ ਵਿੱਕਰੀ ਕੇਂਦਰ ਤੋਂ ਪੁਸਤਕਾਂ ਦੀ ਵੀ ਖਰੀਦ ਕੀਤੀ ਗਈ।ਇਸ ਮੌਕੇ ਲੈਕਚਰਾਰ ਲਖਵੀਰ ਸਿੰਘ,ਲੇਖਕ ਗੋਰਾ ਸੰਧੂ ਖੁਰਦ,ਬਲਜੀਤ ਸਿੰਘ,ਸੁਖਮੁਨ ਸਿੰਘ,ਗੋਬਿੰਦ ਸਿੰਘ,ਸੁਖਵਿੰਦਰ ਸਿੰਘ ਅਤੇ ਰਾਜ ਕੁਮਾਰ ਹਾਜ਼ਰ ਸਨ।ਮੰਚ ਸੰਚਾਲਨ ਦਾ ਫਰਜ਼ ਬਿੰਦਰ ਸਿੰਘ ਖੁੱਡੀ ਕਲਾਂ ਖੋਜ ਅਫਸਰ ਵੱਲੋਂ ਨਿਭਾਇਆ ਗਿਆ।
0 comments:
एक टिप्पणी भेजें