ਡਿਪਟੀ ਕਮਿਸ਼ਨਰ ਵੱਲੋਂ ਚਾਈਨਾ ਡੋਰ ਵਿਰੁੱਧ ਚੈਕਿੰਗ ਲਈ ਟੀਮਾਂ ਦਾ ਗਠਨ
---ਟੀਮਾਂ ਨੂੰ ਲਗਾਤਾਰ ਚੈਕਿੰਗ ਯਕੀਨੀ ਬਣਾਉਣ ਦੇ ਨਿਰਦੇਸ਼
---ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ
ਬਰਨਾਲਾ, 18 ਜਨਵਰੀ (ਸੁਖਵਿੰਦਰ ਸਿੰਘ ਭੰਡਾਰੀ)
ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਵੱਲੋਂ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਜ਼ਿਲ੍ਹਾ ਬਰਨਾਲਾ ਅੰਦਰ ਪਤੰਗ ਉਡਾਉਣ ਲਈ ਸਿੰਥੈਟਿਕ/ਪਲਾਸਟਿਕ ਦੀ ਬਣੀ ਡੋਰ (ਚਾਈਨਾ ਡੋਰ ਅਤੇ ਮਾਂਜਾ (ਅੱਜ ਦੇ ਪਾਊਡਰ ਲੱਗੇ ਹੋਏ ਧਾਗੇ) ਨੂੰ ਵੇਚਣ ਖਰੀਦਣ, ਸਟੋਰ ਕਰਨ ਤੇ ਇਸ ਦੀ ਵਰਤੋਂ ਕਰਨ ’ਤੇ ਮੁਕੰਮਲ ਤੌਰ ’ਤੇ ਪਾਬੰਦੀ ਲਗਾਈ ਹੋਈ ਹੈ।
ਡਿਪਟੀ ਕਮਿਸ਼ਨਰ ਬਰਨਾਲਾ ਨੇ ਆਖਿਆ ਕਿ ਪਾਬੰਦੀ ਦੇ ਬਾਵਜੂਦ ਚਾਈਨਾ ਡੋਰ ਦੀ ਵਰਤੋਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਡੋਰ ਬਹੁਤ ਹੀ ਘਾਤਕ ਅਤੇ ਜਾਨਲੇਵਾ ਹੈ। ਇਸ ਲਈ ਜ਼ਿਲ੍ਹਾ ਬਰਨਾਲਾ ਅੰਦਰ ਚਾਈਨਾ ਡੋਰ ਦੀ ਵੇਚ/ਖਰੀਦ, ਸਟੋਰ ਅਤੇ ਵਰਤੋਂ ’ਤੇ ਰੋਕ ਲਗਾਉਣ ਲਈ ਜ਼ਿਲ੍ਹਾ ਬਰਨਾਲਾ ਅੰਦਰ ਹੇਠ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਇਨ੍ਹਾਂ ਟੀਮਾਂ ਵਿੱਚ ਨਗਰ ਕੌਂਸਲ/ਨਗਰ ਪੰਚਾਇਤ ਦੇ ਅਧਿਕਾਰੀ ਤੇ ਪੁਲੀਸ ਮੁਲਾਜ਼ਮਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਚਾਈਨਾ ਡੋਰ ਦੀ ਖਰੀਦ/ਵਿਕਰੀ ਤੇ ਵਰਤੋਂ ਆਦਿ ਵਿਰੁੱਧ ਲਗਾਤਾਰ ਚੈਕਿੰਗ ਕਰਨਗੇ।
ਉਨ੍ਹਾਂ ਦੱਸਿਆ ਕਿ ਬਰਨਾਲਾ ਦੀ ਟੀਮ ’ਚ ਮੁੱਖ ਅਫਸਰ ਥਾਣਾ ਸਿਟੀ 1 ਅਤੇ ਸਿਟੀ 2 ਤੋਂ ਇਲਾਵਾ ਲਖਵਿੰਦਰ ਸਿੰਘ ਬਿਲਡਿੰਗ ਇੰਸਪੈਕਟਰ ਅਤੇ ਕਲਰਕ ਗੁਰਕਿਰਪਾਲ ਸਿੰਘ ਸ਼ਾਮਲ ਹਨ। ਤਪਾ ਦੀ ਟੀਮ ’ਚ ਮੁੱਖ ਥਾਣਾ ਅਫਸਰ ਤਪਾ ਅਤੇ ਇੰਸਪੈਕਟਰ ਸਤਪਾਲ ਤੇ ਕਲਰਕ ਅਮਨਦੀਪ ਸ਼ਰਮਾ ਸ਼ਾਮਲ ਹਨ। ਧਨੌਲਾ ਦੀ ਟੀਮ ’ਚ ਮੁੱਖ ਥਾਣਾ ਅਫਸਰ ਧਨੌਲਾ ਅਤੇ ਚੰਚਲ ਕੁਮਾਰ ਜੂਨੀਅਰ ਸਹਾਇਕ ਤੇ ਹਰਿੰਦਰ ਸਿੰਘ ਸ਼ਾਮਲ ਹਨ। ਭਦੌੜ ਦੀ ਟੀਮ ’ਚ ਮੁੱਖ ਥਾਣਾ ਅਫਸਰ ਭਦੌੜ ਅਤੇ ਯਸ਼ਵਿੰਦਰ ਸਿੰੰਘ ਕਲਰਕ ਤੇ ਮਨਜੀਤ ਸਿੰਘ ਕਲਰਕ ਸ਼ਾਮਲ ਹਨ। ਹੰਡਿਆਇਆ ਦੀ ਟੀਮ ’ਚ ਮੁੱਖ ਅਫਸਰ ਥਾਣਾ ਸਦਰ ਅਤੇ ਅਵਤਾਰ ਸਿੰਘ ਜੂਨੀਅਰ ਸਹਾਇਕ ਤੇ ਨਾਇਬ ਸਿੰੰਘ ਕਲਰਕ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਬਰਨਾਲਾ ਨੇ ਟੀਮਾਂ ਨੂੰ ਲਗਾਤਾਰ ਚੈਕਿੰਗ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਜ਼ਿਲ੍ਹਾ ਬਰਨਾਲਾ ’ਚ ਪਾਬੰਦੀਸ਼ੁਦਾ ਡੋਰ ਦੀ ਵਿਕਰੀ ਜਾਂ ਸਟੋਰੇਜ ਨਾ ਹੋ ਸਕੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਤੇ ਜ਼ਿੰਮੇਵਾਰ ਨਾਗਰਿਕ ਵਜੋਂ ਫਰਜ਼ ਨਿਭਾਇਆ ਜਾਵੇ।
0 comments:
एक टिप्पणी भेजें