*ਦੁਨੀਆ ਦੇ ਮਹਾਨ ਅਤੇ ਪ੍ਰਸਿੱਧ ਭੌਤਿਕ ਵਿਗਿਆਨੀ-ਸਟੀਫਨ ਹਾਕਿੰਗ
(ਜਨਮਦਿਨ ਤੇ ਵਿਸ਼ੇਸ਼ )*
ਮਹਾਨ ਵਿਦਵਾਨ ਸਰ ਸਟੀਫਨ ਵਿਲੀਅਮ ਹਾਕਿੰਗ ਦਾ ਅੱਜ ਜਨਮਦਿਨ ਹੈ। ਦੁਨੀਆ ਦੇ ਮਹਾਨ ਅਤੇ ਮਸ਼ਹੂਰ ਵਿਗਿਆਨੀ ਸਟੀਫਨ ਹਾਕਿੰਗ ਦੀ ਗਿਣਤੀ ਨੋਬਲ ਪੁਰਸਕਾਰ ਨਾਲ ਸਨਮਾਨਿਤ ਮਹਾਨ ਭੌਤਿਕ ਵਿਗਿਆਨੀਆਂ ਵਿੱਚ ਹੁੰਦੀ ਹੈ। ਸਟੀਫਨ ਹਾਕਿੰਗ ਇਕ ਵਿਸ਼ਵ ਪ੍ਰਸਿੱਧ ਭੌਤਿਕ ਵਿਗਆਨੀ, ਬ੍ਰਹਿਮੰਡ ਵਿਗਿਆਨੀ, ਲੇਖਕ ਅਤੇ ਕੈੰਬਰਿਜ ਯੂਨੀਵਰਸਿਟੀ ਵਿੱਚ ਸਿਧਾਂਤਕ ਬ੍ਰਹਿਮੰਡ ਵਿਗਿਆਨ ਕੇਂਦਰ ਦੇ ਸੋਧ ਨਿਰਦੇਸ਼ਕ ਰਹੇ। ਸਟੀਫਨ ਹਾਕਿੰਗ ਦਾ ਜਨਮ 8 ਜਨਵਰੀ 1942 ਨੂੰ ਫਰੇਂਕ ਅਤੇ ਇਸੋਬੇਲ ਹਾਕਿੰਗ ਦੇ ਘਰ ਆਕਸਫੋ਼ਰਡ ਸ਼ਹਿਰ, ਇੰਗਲੈਂਡ ਵਿੱਚ ਹੋਇਆ। ਜਦੋਂ ਸਟੀਫਨ ਦਾ ਜਨਮ ਹੋਇਆ ਤਾਂ ਉਸ ਸਮੇਂ ਦੂਸਰਾ ਵਿਸ਼ਵ ਯੁੱਧ ਚੱਲ ਰਿਹਾ ਸੀ। ਬਚਪਨ ਤੋਂ ਹੀ ਸਟੀਫਨ ਬਹੁਤ ਹੁਸ਼ਿਆਰ ਸੀ। ਸਟੀਫਨ ਦੀ ਬੁੱਧੀਮਾਨਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਕਿ ਬਚਪਨ ਵਿੱਚ ਉਸ ਨੂੰ ਲੋਕ ਆਈਨਸਟਾਈਨ ਕਹਿ ਕੇ ਬਲਾਉੰਦੇ ਸਨ। ਸਟੀਫਨ ਦੇ ਪਿਤਾ ਡਾਕਟਰ ਅਤੇ ਮਾਤਾ ਮੈਡੀਕਲ ਖੋਜ-ਕਰਤਾ ਸਨ। ਡਾਕਟਰ ਤੇ ਇੱਕ ਮੈਡੀਕਲ ਖੋਜ-ਕਰਤਾ ਦੇ ਘਰ ਜਨਮੇ ਹਾਕਿੰਗ ਨੂੰ ਉਸਦਾ ਪਿਤਾ ਡਾਕਟਰ ਬਣਾਉਣਾ ਚਾਹੁੰਦਾ ਸੀ ਪਰ ਸਟੀਫਨ ਦੀ ਦਿਲਚਸਪੀ ਹਿਸਾਬ ਵਿੱਚ ਸੀ। ਸਟੀਫਨ ਨੇ ਪੁਰਾਣੇ ਇਲੈਕਟ੍ਰਾਨਿਕ ਉਪਕਰਨਾਂ ਨਾਲ ਕੰਪਿਊਟਰ ਬਣਾ ਦਿੱਤਾ ਸੀ। ਸਟੀਫਨ ਨੇ 17 ਸਾਲ ਦੀ ਉਮਰ ਵਿੱਚ ਆਕਸਫ਼ੋਰਡ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ। ਇਸ ਕਾਲਜ ਵਿੱਚ ਉਸ ਸਮੇਂ ਗਣਿਤ ਵਿਸ਼ੇ ਦੀ ਪੜ੍ਹਾਈ ਨਹੀਂ ਹੁੰਦੀ ਸੀ। ਸਟੀਫਨ ਹਾਕਿੰਗ ਨੇ ਭੌਤਿਕ ਵਿਗਿਆਨ ਤੇ ਰਸਾਇਣਕ ਵਿਗਿਆਨ ਦੇ ਵਿਸ਼ੇ ਰੱਖੇ। ਸਟੀਫਨ ਹਾਕਿੰਗ ਨੇ ਆਕਸਫ਼ੋਰਡ ਯੂਨੀਵਰਸਿਟੀ ਵਿੱਚ ਭੌਤਿਕ ਵਿਗਿਆਨ ਦਾ ਅਧਿਐਨ ਕੀਤਾ। ਇਕ ਵਾਰ ਸਟੀਫਨ ਹਾਕਿੰਗ ਛੁੱਟੀਆਂ ਮਨਾਉਣ ਲਈ ਆਪਣੇ ਘਰ ਆਏ ਹੋਏ ਸੀ ਤਾਂ ਪੋੜੀਆਂ ਤੋਂ ਡਿੱਗ ਪਏ ਅਤੇ ਬੇਹੋਸ਼ ਹੋ ਗਏ।
ਸਭ ਨੂੰ ਲੱਗਾ ਕਿ ਸਟੀਫਨ ਕਮਜੋਰ ਹੋਣ ਕਾਰਨ ਡਿੱਗਿਆ ਤੇ ਜਿਆਦਾ ਧਿਆਨ ਨਹੀਂ ਦਿੱਤਾ। ਇਸੇ ਤਰ੍ਹਾਂ ਵੱਖ-ਵੱਖ ਸੱਮਸਿਆਂਵਾ ਹਾਕਿੰਗ ਨੂੰ ਆਉਣ ਲੱਗੀਆਂ। ਆਕਸਫ਼ੋਰਡ ਦੇ ਕਾਲਜ ਤੋਂ ਗ੍ਰੈਜੂਏਸ਼ਨ ਪੂਰੀ ਕਰਕੇ ਸਟੀਫਨ ਹਾਕਿੰਗ ਕੈਂਬਰਿਜ ਆ ਗਿਆ। ਸੰਨ 1962 ਵਿੱਚ ਸਟੀਫਨ ਹਾਕਿੰਗ ਨੇ ਕੈਂਬਰਿਜ ਯੂਨੀਵਰਸਿਟੀ ਵਿੱਚ ਪੀਐਚਡੀ ਸ਼ੁਰੂ ਕੀਤੀ।
ਖੋਜਾਰਥੀ ਵਜੋਂ ਪਹਿਲੇ ਸਾਲ ਦੌਰਾਨ ਉਹ ਨਸਾਂ ਦੀ ਅਤਿਅੰਤ ਗੰਭੀਰ ਬਿਮਾਰੀ ਮੋਟਰ ਨਿਊਰਾਨ ਡਿਸੀਜ਼ ਨਾਂ ਦੀ ਇਕ ਲਾਇਲਾਜ ਬਿਮਾਰੀ ਤੋਂ ਪੀੜਤ ਹੋ ਗਏ। 1963 ਵਿੱਚ 21 ਸਾਲ ਦੀ ਉਮਰ ਵਿੱਚ ਭਰ ਜਵਾਨੀ ਵਿੱਚ ਉਸਨੂੰ ਡਾਕਟਰਾਂ ਨੇ ਕਿਹਾ ਕਿ ਉਸਦੀ ਉਮਰ ਵੱਧ ਤੋਂ ਵੱਧ 2 ਸਾਲ ਹੋਰ ਹੈ ਕਿਉਂਕਿ ਅਗਲੇ ਦੋ ਸਾਲਾਂ ਵਿੱਚ ਉਹਨਾਂ ਦਾ ਪੂਰਾ ਸਰੀਰ ਹੌਲੀ-ਹੌਲੀ ਕੰਮ ਕਰਨਾ ਬੰਦ ਕਰ ਦੇਵੇਗਾ।
ਇਸ ਬਿਮਾਰੀ ਨੇ ਮਾਸਪੇਸ਼ੀਆਂ ਨੂੰ ਕੰਟਰੋਲ ਕਰਨ ਵਾਲੀਆਂ ਸਾਰਿਆਂ ਨਸਾਂ ਬੰਦ ਕਰ ਦੇਣੀਆਂ ਹਨ ,ਜਿਸ ਕਾਰਨ ਸ਼ਰੀਰ ਅਪੰਗ ਹੋ ਜਾਂਦਾ ਹੈ ਅਤੇ ਪੂਰੇ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ। ਹਾਕਿੰਗ ਨੇ ਕਿਹਾ ਕਿ ਮੈੰ ਏਦਾਂ ਨਹੀਂ ਮਰ ਸਕਦਾ, ਮੇਰਾ ਜੀਵਨ ਵਿੱਚ ਬਹੁਤ ਕੁਝ ਕਰਨਾ ਬਾਕੀ ਹੈ। ਸਟੀਫਨ ਨੇ ਤੁਰੰਤ ਆਪਣੀ ਬਿਮਾਰੀ ਨੂੰ ਭੁਲਾ ਕੇ ਤੁਰੰਤ ਆਪਣੇ ਵਿਗਿਆਨਕ ਜੀਵਨ ਦਾ ਸਫਰ ਸ਼ੁਰੁੂ ਕੀਤਾ ਅਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਵਿਗਿਆਨ ਨੂੰ ਸਮਰਪਿਤ ਕਰ ਦਿੱਤਾ। ਸਟੀਫਨ ਹਾਕਿੰਗ ਸੰਨ 1963 ਵਿੱਚ ਆਪਣੀ ਬਿਮਾਰੀ ਦਾ ਪਤਾ ਲੱਗਣ ਤੋਂ ਕੁਝ ਮਹੀਨੇ ਪਹਿਲਾਂ ਹੀ ਆਪਣੇ ਕਾਲਜ ਦੀ ਹੀ ਜੇਨ ਵਾਈਲਡ ਦੇ ਪ੍ਰੇਮ ਵਿੱਚ ਪੈ ਚੁੱਕਾ ਸੀ। ਭਿਆਨਕ ਬਿਮਾਰੀ ਵੀ ਉਹਨਾਂ ਦੇ ਪਿਆਰ ਨੂੰ ਤੋੜ ਨਾਂ ਸਕੀ ,ਸੰਨ 1965 ਵਿੱਚ ਦੋਵਾਂ ਨੇ ਵਿਆਹ ਕਰਵਾਇਆ । ਉਸ ਸਮੇੰ ਹਾਕਿੰਗ ਦੀ ਬਿਮਾਰੀ ਕਾਫ਼ੀ ਵੱਧ ਚੁੱਕੀ ਸੀ, ਜੇਨ ਵਾਈਲਡ ਨੇ ਸਟੀਫਨ ਦੀ ਸਾਂਭ-ਸੰਭਾਲ ਦਾ ਜ਼ਿੰਮਾ ਆਪਣੇ ਸਿਰ ਲਿਆ।
ਸਟੀਫਨ ਦੇ ਪੂਰੇ ਸ਼ਰੀਰ ਨੂੰ ਲਕਵਾ ਮਾਰ ਗਿਆ ਅਤੇ ਉਹ ਹਮੇਸ਼ਾ ਲਈ ਵੀਲਚੇਅਰ ਉੱਤੇ ਨਿਰਭਰ ਹੋ ਕੇ ਰਹਿ ਗਿਆ। ਇਹ ਮਰਜ਼ ਵਿਗੜਦੀ ਗਈ ਤਾਂ ਸਟੀਫਨ ਦੀ ਬੋਲਣ ਸ਼ਕਤੀ ਵੀ ਖਤਮ ਹੋ ਗਈ। ਸਟੀਫਨ ਨੇ ਆਪਣੀ ਬਿਮਾਰੀ ਨੂੰ ਇਕ ਵਰਦਾਨ ਦੇ ਰੂਪ ਵਿੱਚ ਸਮਝ ਲਿਆ।
ਸਟੀਫਨ ਹਾਕਿੰਗ ਸੰਨ 1974 ਵਿੱਚ ਕੈਂਬਰਿਜ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਬਣ ਚੁੱਕਾ ਸੀ ਅਤੇ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਹੁਣ ਉਹ ਇਕ ਜਾਣਿਆ-ਪਛਾਣਿਆ ਨਾਮ ਸੀ।
ਸਟੀਫਨ ਹਾਕਿੰਗ ਨੇ ਬਹੁਤ ਸਾਰੇ ਖੋਜ-ਪੱਤਰ ਲਿਖੇ। ਹਾਕਿੰਗ
ਕੋਲ 12 ਆਨਰੇਰੀ ਡਿਗਰੀਆਂ ਹਨ। ਸਟੀਫਨ ਹਾਕਿੰਗ ਨੇ ਬਲੈਕ ਹੋਲ ਅਤੇ ਬਿਗ ਬੈੰਗ ਦੇ ਸਿਧਾਂਤ ਨੂੰ ਸਮਝਣ ਵਿੱਚ ਮਹੱਤਵਪੂਰਣ ਯੋਗਦਾਨ ਦਿੱਤਾ ਹੈ। ਸੰਨ 1974 ਵਿੱਚ ਬਲੈਕ ਹੋਲਸ ਤੇ ਅਸਧਾਰਨ ਖੋਜ ਕਰਕੇ ਉਸ ਦੀ ਥਿਉਰੀ ਮੋੜਨ ਵਾਲੇ ਹਾਕਿੰਗ ਸਾਇੰਸ ਦੀ ਦੁਨੀਆ ਦੇ ਸੇਲਿਬ੍ਰਿਟੀ ਸਨ।
ਸਟੀਫਨ ਹਾਕਿੰਗ ਦੇ ਕੰਮਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਅਮਰੀਕਾ ਦਾ ਸਭ ਤੋਂ ਉੱਚ ਨਾਗਰਿਕ ਸਨਮਾਨ ਦਿੱਤਾ ਜਾ ਚੁੱਕਾ ਹੈ।
ਸਟੀਫਨ ਹਾਕਿੰਗ ਨੇ ਬ੍ਰਹਿਮੰਡ ਵਿਗਿਆਨ ਦਾ ਲਗਾਤਾਰ ਅਧਿਐਨ ਕਰਦਿਆਂ ਸਟੀਫਨ ਨੇ ਕਈ ਭੌਤਿਕੀ,ਪਰਾਭੌਤਿਕੀ ਅਤੇ ਬ੍ਰਹਿਮੰਡੀ ਵਰਤਾਰਿਆਂ ਦੀਆਂ ਗੁੱਝੀਆਂ ਗੰਢਾ ਖੋਲ੍ਹੀਆਂ,
ਇਹਨਾਂ ਵਰਤਾਰਿਆਂ ਦਾ ਭੇਤ ਪਾਇਆ ਅਤੇ ਉਨ੍ਹਾਂ ਦੀ ਦਰੁਸਤ
ਵਿਆਖਿਆ ਕਰਕੇ ਸਾਨੂੰ ਵੱਧ ਗਿਆਨਵਾਨ ਬਣਾਇਆ। ਪ੍ਰੋ.
ਸਟੀਫਨ ਹਾਕਿੰਗ ਦਾ ਸੱਪਸ਼ਟ ਮੱਤ ਸੀ ਕਿ ਦਿਮਾਗ ਕੰਪਿਊਟਰ ਵਰਗਾ ਹੀ ਹੈ ਅਤੇ ਜਦੋਂ ਕੰਪਿਊਟਰ ਵਾਂਗ ਇਸਦੇ ਪੁਰਜ਼ੇ
ਖਰਾਬ ਹੋ ਕੇ ਮੁਰੰਮਤਯੋਗ ਨਹੀਂ
ਰਹਿੰਦੇ ਤਾਂ ਮਨੁੱਖ ਜਾਂ ਹੋਰ ਜੀਵ ਖਤਮ ਹੋ ਜਾਂਦੇ ਹਨ। ਸਟੀਫਨ ਅਨੁਸਾਰ ਨਾ ਕੋਈ ਸਵਰਗ ਹੈ,ਨਾ ਕੋਈ ਨਰਕ ,ਨਾ ਕੋਈ ਪਿਛਲਾ ਜਨਮ ਅਤੇ ਨਾ ਕੋਈ ਅਗਲਾ ਜਨਮ। ਸਟੀਫਨ ਨੂੰ ਬੋਲਣ ਲਈ ਵੌਇਸ ਸਿੰਥੇਸਾਈਜ਼ਰ ਨਾਂ ਦੇ ਯੰਤਰ ਦੀ ਮਦਦ ਲੈਣੀ ਪਈ। ਸਟੀਫਨ ਦਾ ਦਿਮਾਗ ਵੱਧ ਹੁਸ਼ਿਆਰੀ, ਵੱਧ
ਨਿਪੁੰਨਤਾ ਨਾਲ ਕੰਮ ਕਰਦਾ ਰਿਹਾ ਅਤੇ ਉਹ ਨਿਊਟਨ ਅਤੇ ਆਈਨਸਟਾਈਨ ਵਰਗੇ ਦੁਨੀਆ ਦੇ ਮਹਾਨ ਵਿਗਿਆਨੀਆਂ ਦੀ ਕਤਾਰ ਵਿੱਚ ਪਹੁੰਚ ਗਿਆ। ਸਟੀਫਨ ਹਾਕਿੰਗ ਨੇ ਆਈਨਸਟਾਈਨ ਦੇ ਗਰੂਤਾ ਦੇ ਆਮ ਸਿਧਾਂਤ ਨੂੰ ਕੁਆਂਟਮ-ਭੌਤਿਕੀ ਨਾਲ ਜੋੜਨ ਤੇ ਵਿਕਸਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਸੰਨ 1979 ਵਿੱਚ ਸਟੀਫਨ ਨੂੰ ਕੈੰਬਰਿਜ ਵਿੱਚ 'ਲੁਕਾਸਿਅਨ ਪ੍ਰੋਫੈਸਰ ਆਫ ਮੈਥੇਮੈਟਿਕਸ' ਦੇ ਅਹੁਦੇ ਉੱਤੇ ਨਿਯੁਕਤ ਕੀਤਾ ਗਿਆ।
ਸਟੀਫਨ ਹਾਕਿੰਗ ਸੰਨ 1979 ਤੋਂ ਸੰਨ 2009 ਦੇ 30 ਸਾਲਾਂ ਲਈ ਇਸ ਅਹੁਦੇ ਉੱਤੇ ਰਹੇ।
ਸਟੀਫਨ ਗਣਿਤ ਦੇ ਵੱਡੇ-ਵੱਡੇ
ਸਵਾਲਾਂ ਨੂੰ ਦਿਮਾਗ ਵਿੱਚ ਹੀ ਇਕ ਦੋ ਨਹੀਂ,ਬਲਕਿ ਗਿਆਰਾਂ
ਤਰੀਕਿਆਂ ਨਾਲ ਹੱਲ ਕਰ ਲੈੰਦੇ ਸਨ। ਉਹ ਦੁਨੀਆ ਦੇ ਮਹਾਨ ਵਿਗਿਆਨੀ ਸਨ ਕਿਉੰਕਿ ਉਹ ਸਾਰੀ ਉਮਰ ਮਨੁੱਖਤਾ ਦੇ ਭਵਿੱਖ ਸੰਬੰਧੀ ਸਵਾਲਾਂ ਨੂੰ ਲੈ ਕੇ ਫਿਕਰਮੰਦ ਰਹੇ। ਆਮ ਲੋਕਾਂ ਵਿੱਚ ਉਹਨਾਂ ਦੀ ਪ੍ਰਸਿੱਧੀ 'ਸਮੇੰ ਦਾ ਸੰਖੇਪ ਇਤਿਹਾਸ 'ਨਾਮ ਦੀ ਕਿਤਾਬ ਨਾਲ ਹੋਈ। ਇਹ ਕਿਤਾਬ ਦੁਨੀਆ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਕਿਤਾਬਾਂ ਵਿੱਚ ਸ਼ੁਮਾਰ ਹੈ। ਕਈ ਵਿਦਵਾਨਾਂ ਅਨੁਸਾਰ ਤਾਂ ਹਾਕਿੰਗ ਦੀ ਇਹ ਕਿਤਾਬ ਸ਼ੇਕਸਪੀਅਰ ਦੇ ਨਾਟਕਾਂ ਤੋਂ ਬਾਅਦ ਸ਼ਾਇਦ ਗੰਭੀਰ ਲੇਖਣੀ ਦੀ ਸਭ ਤੋਂ ਵੱਧ ਪਿਆਰੀ ਜਾਣ ਵਾਲੀ ਕਿਤਾਬ ਹੈ। ਸੰਨ 2010 ਵਿੱਚ 'ਦ ਗ੍ਰੈੰਡ ਡਿਜ਼ਾਇਨ' ਸਟੀਫਨ ਦੀ ਇਕ ਹੋਰ ਪ੍ਰਸਿੱਧ ਕਿਤਾਬ ਹੈ ਜਿਹੜੀ ਉਹਨਾਂ ਨੇ ਆਮ ਲੋਕਾਂ ਲਈ ਲਿਖੀ।
ਸਟੀਫਨ ਹਾਕਿੰਗ ਵਿਗਿਆਨੀ ਹੋਣ ਦੇ ਨਾਲੋੰ-ਨਾਲ ਸਮਾਜਿਕ ਕਾਰਕੁੰਨ ਵੀ ਸਨ। ਸਟੀਫਨ ਨੇ
ਵੀਅਤਮਾਨ ਵਿੱਚ ਅਮਰੀਕੀ ਯੁੱਧ ਦੀ ਨਿਖੇਧੀ ਕੀਤੀ ਅਤੇ ਯੁੱਧ ਵਿਰੋਧੀਆਂ ਦੇ ਮੋਰਚੇ ਵਿੱਚ ਸ਼ਾਮਿਲ ਰਹੇ। ਇਰਾਕ ਉੱਤੇ ਥੋਪੇ ਗਏ ਯੁੱਧ ਦਾ ਵੀ ਵਿਰੋਧ ਕੀਤਾ।
ਅੰਗਹੀਣਾਂ ਲਈ ਆਉਣ-ਜਾਣ ਨੂੰ ਸੌਖਾ ਕਰਨ ਵਾਸਤੇ ਅਤੇ ਹੋਰ ਸਹੁੂਲਤਾਂ ਦਾ ਨਿਰਮਾਣ ਕਰਵਾਉਣ ਲਈ ਕੈੰਬਰਿਜ ਯੂਨੀਵਰਸਿਟੀ ਪ੍ਰਸ਼ਾਸ਼ਨ ਖਿਲਾਫ਼ ਮੋਰਚਾ ਲਾਇਆ।
ਸਟੀਫਨ ਹਾਕਿੰਗ ਨੇ ਵਿਗਿਆਨ ਦੇ ਨਤੀਜਿਆਂ ਨੂੰ ਪਹਿਲ ਦਿੱਤੀ। ਸਟੀਫਨ ਨੇ ਆਪਣੀ ਜ਼ਿੰਦਗੀ ਦੀ ਮੰਜ਼ਿਲ ਬੜੀ ਸਪੱਸ਼ਟ,ਸਰਲ ਅਤੇ ਸਾਦੀ
ਰੱਖਦੇ ਹੋਏ ਆਪਣਾ ਜੀਵਨ ਬ੍ਰਹਿਮੰਡ ਦੀ ਸੰਪੂਰਨ ਸਮਝ, ਇਹ ਇੱਦਾ ਦਾ ਕਿਉੰ ਹੈ?
ਅਤੇ ਇਹ ਹੋੰਦ ਵਿੱਚ ਕਿਉੰ ਹੈ?
ਤੇ ਕੇੰਦਰਤ ਹੈ। ਸਟੀਫਨ ਦੇ ਵਿਚਾਰ ਹਨ ਕਿ ,"ਸਮਾਂ ਹਮੇਸ਼ਾ ਨਹੀਂ ਸੀ, ਬ੍ਰਹਿਮੰਡ ਨਾਲ ਹੀ ਉਸਦਾ ਜਨਮ ਹੋਇਆ ਅਤੇ ਇਸਦੇ ਨਾਲ ਹੀ ਮਿਟ ਜਾਵੇਗਾ।
ਇਸ ਲਈ ਨਾ ਤਾਂ ਬ੍ਰਹਿਮੰਡ ਤੋਂ ਪਹਿਲਾਂ ਜੇਹੀ ਕੋਈ ਚੀਜ਼ ਨਹੀਂ ਹੁੰਦੀ ਅਤੇ ਨਾ ਹੀ ਕੋਈ ਬਣਾਉਣ ਵਾਲਾ ਹੁੰਦਾ ।"
76 ਸਾਲ ਦੀ ਉਮਰ ਵਿੱਚ ਸਟੀਫਨ ਹਾਕਿੰਗ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ। ਸਟੀਫਨ ਨੇ ਅੰਤਿਮ ਸਾਂਹ ਕੈੰਬਰਿਜ ਵਿੱਚ ਆਪਣੇ ਘਰ ਵਿੱਚ ਲਏ।ਸਟੀਫਨ ਹਾਕਿੰਗ ਬੇਸ਼ੱਕ ਜਹਾਨ ਵਿੱਚ ਨਹੀਂ ਰਹੇ ਪੁਰ ਉਹਨਾਂ ਦੀ ਜੁਝਾਰੂ ਜ਼ਿੰਦਗੀ, ਵਿਗਿਆਨਕ ਸੋਚ,ਤਰਕਸ਼ੀਲਤਾ,ਉਹਨਾਂ ਦੀਆਂ ਖੋਜਾਂ,ਬੱਚਿਆਂ ਲਈ ਉਹਨਾਂ ਦਾ ਪਿਆਰ ਅਤੇ ਉਨ੍ਹਾਂ ਦੁਆਰਾ ਦਿੱਤਾ ਗਿਆਨ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾਸ੍ਰੋਤ ਰਹੇਗਾ। ਸਟੀਫਨ ਸਾਡੇ ਆਉਣ ਵਾਲੇ ਭੱਵਿਖ ਦੇ ਚਾਨਣਮੁਨਾਰੇ ਰਹਿਣਗੇ। ਹਾਕਿੰਗ ਮੌਲਿਕ ਅਤੇ ਆਜ਼ਾਦ ਸੋਚ ਦੇ ਮਾਲਕ ਸਨ।
ਅਕਸ਼ੈ ਕੁਮਾਰ ਖਨੌਰੀ
ਮੋਬਾ.ਨੰ-8427044052
ਪਤਰਕਾਰ - ਕਮਲੇਸ਼ ਗੋਇਲ ਖਨੌਰੀ
0 comments:
एक टिप्पणी भेजें