ਸੜਕਾਂ ਕਿਨਾਰੇ ਹੋਏ ਨਜ਼ਾਇਜ ਕਬਜ਼ਿਆਂ ਨੂੰ ਹਟਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ 10 ਜਨਵਰੀ ਤੱਕ ਦਾ ਸਮਾਂ ਦਿੱਤਾ
ਸੜਕਾਂ ਕਿਨਾਰੇ ਹੋਏ ਨਜ਼ਾਇਜ ਕਬਜ਼ਿਆਂ ਨੂੰ ਹਟਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਸ਼ੁਰੂ ਕਰੇਗਾ ਵਿਸ਼ੇਸ਼ ਮੁਹਿੰਮ
ਸੜਕਾਂ ਕਿਨਾਰੇ ਸਮਾਨ ਰੱਖ ਕੇ ਆਵਾਜਾਈ ਵਿੱਚ ਵਿਘਨ ਪਾਉਣ ਵਾਲੇ ਵਿਅਕਤੀਆਂ ਤੇ ਦੁਕਾਨਦਾਰਾਂ ਖਿਲਾਫ ਕੀਤੀ ਜਾਵੇਗੀ ਸਖਤ ਕਾਨੂੰਨੀ ਕਾਰਵਾਈ - ਡਿਪਟੀ ਕਮਿਸ਼ਨਰ
ਗੁਰਦਾਸਪੁਰ, 5 ਜਨਵਰੀ ( ਕਮਲ ਕੁਮਾਰ /ਕੇਸ਼ਵ ਵਰਦਾਨ ਪੁੰਜ )
ਬਜ਼ਾਰਾਂ ਵਿੱਚ ਅਤੇ ਸੜਕਾਂ ਕਿਨਾਰੇ ਦੁਕਾਨਦਾਰਾਂ ਵੱਲੋਂ ਆਪਣਾ ਸਮਾਨ ਰੱਖ ਕੇ ਕੀਤੇ ਗਏ ਨਜ਼ਾਇਜ ਕਬਜ਼ਿਆਂ ਨੂੰ ਹਟਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ 10 ਜਨਵਰੀ ਤੱਕ ਦਾ ਸਮਾਂ ਦਿੱਤਾ ਹੈ। ਇਸਤੋਂ ਬਾਅਦ ਜੇਕਰ ਕਿਸੇ ਦੁਕਾਨਦਾਰ ਜਾਂ ਵਿਅਕਤੀ ਵੱਲੋਂ ਆਪਣਾ ਸਮਾਨ ਸੜਕ ਕਿਨਾਰੇ ਰੱਖਿਆ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਕੇ ਉਸਦਾ ਸਮਾਨ ਜਬਤ ਕਰ ਲਿਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਧੁੰਦ ਦਾ ਮੌਸਮ ਹੋਣ ਕਾਰਨ ਸੜਕਾਂ ਕਿਨਾਰੇ ਪਏ ਸਮਾਨ ਕਰਕੇ ਅਕਸਰ ਸੜਕ ਹਾਦਸੇ ਵਾਪਰ ਜਾਂਦੇ ਹਨ ਜਿਸ ਵਿੱਚ ਬਹੁਤ ਸਾਰਾ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦਾ ਹੈ। ਇਸ ਤੋਂ ਇਲਾਵਾ ਸੜਕਾਂ ਕਿਨਾਰੇ ਹੋਏ ਨਜ਼ਾਇਜ ਕਬਜ਼ਿਆਂ ਕਾਰਨ ਆਵਾਜਾਈ ਵਿੱਚ ਵੀ ਵਿਘਨ ਪੈਂਦਾ ਹੈ ਅਤੇ ਟਰੈਫਿਕ ਜਾਮ ਲੱਗਣ ਕਾਰਨ ਲੋਕ ਪਰੇਸ਼ਾਨ ਹੁੰਦੇ ਹਨ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਤੁਰੰਤ ਆਪਣੇ ਸਮਾਨ ਨੂੰ ਸੜਕ ਕਿਨਾਰਿਓਂ ਚੁੱਕ ਲੈਣ। ਉਨ੍ਹਾਂ ਕਿਹਾ ਕਿ 10 ਜਨਵਰੀ ਤੋਂ ਬਾਅਦ ਸਮੂਹ ਨਗਰ ਕੌਂਸਲਾਂ ਅਤੇ ਨਗਰ ਨਿਗਮ ਬਟਾਲਾ ਦੇ ਅਧਿਕਾਰੀਆਂ ਵੱਲੋਂ ਪੁਲਿਸ ਦੇ ਸਹਿਯੋਗ ਨਾਲ ਸੜਕਾਂ ਕਿਨਾਰੇ ਹੋਏ ਨਜਾਇਜ ਕਬਜ਼ਿਆਂ ਨੂੰ ਹਟਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਇਸ ਦੌਰਾਨ ਜੇਕਰ ਕਿਸੇ ਵਿਅਕਤੀ ਜਾਂ ਦੁਕਾਨਦਾਰ ਵੱਲੋਂ ਸੜਕ ਉੱਪਰ ਨਜਾਇਜ ਕਬਜ਼ਾ ਕੀਤਾ ਮਿਲਿਆ ਤਾਂ ਉਸ ਖਿਲਾਫ ਧਾਰਾ 133 ਅਧੀਨ ਕਾਨੂੰਨੀ ਕਾਰਵਾਈ ਕਰਨ ਦੇ ਨਾਲ ਉਸਦਾ ਸਮਾਨ ਵੀ ਜਬਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਐੱਸ.ਡੀ.ਐੱਮਜ਼, ਕਮਿਸ਼ਨਰ ਨਗਰ ਨਿਗਮ, ਨਗਰ ਕੌਂਸ਼ਲਾਂ ਦੇ ਈ.ਓਜ਼. ਅਤੇ ਸਬੰਧਤ ਇਲਾਕੇ ਦੇ ਡੀ.ਐੱਸ.ਪੀਜ਼ ਨੂੰ ਸੜਕਾਂ ਕਿਨਾਰੇ ਹੋਏ ਨਜਾਇਜ ਕਬਜ਼ੇ ਹਟਾਉਣ ਸਬੰਧੀ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਆਮ ਲੋਕਾਂ ਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਜ਼ਾਰਾਂ ਨੂੰ ਭੀੜ ਅਤੇ ਨਜਾਇਜ ਕਬਜ਼ੇ ਮੁਕਤ ਕਰਨ ਲਈ ਨਗਰ ਕੌਂਸਲਾਂ/ਨਗਰ ਨਿਗਮ ਵੱਲੋਂ ਚਲਾਈ ਜਾ ਰਹੀ ਮੁਹਿੰਮ ਵਿੱਚ ਸਹਿਯੋਗ ਕਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਨੂੰ ਦੁਰਘਟਨਾ ਮੁਕਤ ਬਣਾਉਣ ਦੇ ਉਪਰਾਲੇ ਵਿੱਚ ਆਪਣਾ ਯੋਗਦਾਨ ਪਾਉਣ।
0 comments:
एक टिप्पणी भेजें