‘ਅਕਾਲੀ ਦਲ ਵਿੱਚ ਬਗਾਵਤ’
ਨੁਸਰਤ ਇਕਰਾਮ ਖਾਨ ਬੱਗਾ ਦੀ ਜਗ੍ਹਾ ਜਾਹਿਦਾ ਸੁਲੇਮਾਨ ਨੂੰ ਹਲਕਾ ਇੰਚਾਰਜ ਲਗਾਉਣ ਦੀ ਤਿਆਰੀ
ਜਾਹਿਦਾ ਸੁਲੇਮਾਨ ਨੂੰ ਹਲਕਾ ਇੰਚਾਰਜ਼ ਲਗਾਉਣ ਤੇ ਕਰਾਂਗੇ ਬਾਈਕਾਟ ਕਿਹਾ ਐਸ ਅਜ਼ਾਦ ਸਦੀਕੀ ਅਤੇ ਬਿਅੰਤ ਕਿੰਗਰ ਨੇ
ਸਾਰਿਆ ਨੂੰ ਨਾਲ ਲੈ ਕੇ ਚਲਾਂਗੀ — ਜਾਹਿਦਾ ਸੁਲੇਮਾਨ
ਮਾਲੇਰਕੋਟਲਾ— www.bbcindianews.com
2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਮਾਲੇਰਕੋਟਲਾ ਵਿੱਚ ਅਪਣੇ ਜੱਥੇਬੰਧਕ ਢਾਂਚੇ ਵਿੱਚ ਵੱਡਾ ਫੇਰ ਬਦਲ ਕਰਨ ਜਾ ਰਿਹਾ ਹੈ।
ਪਟਿਆਲਾ ਤੋਂ ਪੱਤਰਕਾਰ ਜਾਹਿਦਾ ਸੁਲੇਮਾਨ ਨੂੰ ਮਾਲੇਰਕੋਟਲਾ ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਇੰਚਾਰਜ਼ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ ਅੰਦਰ ਨੁਸਰਤ ਇਕਰਾਮ ਖਾਨ ਬੱਗਾ ਸ਼੍ਰੋਮਣੀ ਅਕਾਲੀ ਦਲ ਦੇ ਮਾਲੇਰਕੋਟਲਾ ਤੋਂ ਹਲਕਾ ਇੰਚਾਰਜ਼ ਹਨ।
ਮਾਲੇਰਕੋਟਲਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਅੱਜ ਐਸ ਅਜ਼ਾਦ ਸੱਦੀਕੀ ਅਤੇ ਬੇਅੰਤ ਕਿੰਗਰ ਦੀ ਅਗਵਾਈ ਵਿੱਚ ਐਸ ਅਜ਼ਾਦ ਸੱਦੀਕੀ ਦੇ ਘਰ ਇੱਕ ਮੀਟਿੰਗ ਕੀਤੀ ਅਤੇ ਅਕਾਲੀ ਦਲ ਦੇ ਉਕਤ ਫੈਂਸਲੇ ਦਾ ਵਿਰੋਧ ਕੀਤਾ।
ਐਸ. ਅਜ਼ਾਦ ਸੱਦੀਕੀ ਅਤੇ ਬੇਅੰਤ ਕਿੰਗਰ ਨੇ ਕਿਹਾ ਕਿ ਜੇਕਰ ਜਾਹਿਦਾ ਸੁਲੇਮਾਨ ਨੂੰ ਕਲ੍ਹ ਮਿਲਣ ਪੈਲੇਸ ਵਿਖੇ ਹੋ ਰਹੇ ਸਮਾਗਮ ਦੌਰਾਨ ਮਾਲੇਰਕੋਟਲਾ ਹਲਕਾ ਇੰਚਾਰਜ਼ ਥਾਪਿਆ ਜਾਂਦਾ ਹੈ ਤਾਂ ਮਾਲੇਰਕੋਟਲਾ ਦੇ ਅਕਾਲੀ ਵਰਕਰ ਇਸ ਦਾ ਵਿਰੋਧ ਕਰਨਗੇ ਅਤੇ ਇਸ ਗੱਲ ਦਾ ਬਾਈਕਾਟ ਵੀ ਕਰਨਗੇ।
ਗੌਰਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਲ੍ਹ ਨੂੰ ਮਿਲਣ ਪੈਲੇਸ ਨਜਦੀਕ ਰੇਲਵੇ ਸਟੇਸ਼ਨ ਵਿਖੇ ਇਕ ਸਮਾਗਮ ਕੀਤਾ ਜਾ ਰਿਹਾ ਹੈ ਜਿਸ ਵਿੱਚ ਜਾਹਿਦਾ ਸੁਲੇਮਾਨ ਨੂੰ ਅਕਾਲੀ ਦਲ ਦਾ ਮਾਲੇਰਕੋਟਲਾ ਤੋਂ ਹਲਕਾ ਇੰਚਾਰਜ਼ ਲਗਾਉਣ ਦੀਆਂ ਤਿਆਰੀਆਂ ਹਨ।
ਹੁਣ ਤੱਕ ਅਕਾਲੀ ਦਲ ਬਾਦਲ ਮਾਲੇਰਕੋਟਲਾ ਤੋਂ ਕਈ ਹਲਕਾ ਇੰਚਾਰਜ਼ ਬਦਲ ਚੁੱਕਿਆ ਹੈ।
ਉਧਰ ਦੂਜੇ ਪਾਸੇ ਅਕਾਲੀ ਦਲ ਦਾ ਇੱਕ ਹੋਰ ਧੜਾ ਸ਼ਫੀਕ ਚੌਹਾਨ ਦੀ ਅਗਵਾਈ ਹੇਠ ਤਿਆਰ ਬੈਠਾ ਹੈ। ਇਸ ਧੜੇ ਵੱਲੋਂ ਸ਼ਫੀਕ ਚੌਹਾਨ ਨੂੰ ਹਲਕਾ ਇੰਚਾਰਜ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਬਾਰੇ ਵਿੱਚ ਜਦੋਂ ਜਾਹਿਦਾ ਸੁਲੇਮਾਨ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜੇਕਰ ਕੋਈ ਵਰਕਰ ਜਾਂ ਲੀਡਰ ਉਹਨਾਂ ਦਾ ਵਿਰੋਧ ਕਰ ਰਿਹਾ ਹੈ ਤਾਂ ਇਹ ਉਸ ਦਾ ਹੱਕ ਹੈ ਪਰ ਜੇਕਰ ਉਹਨਾਂ ਨੂੰ ਹਲਕਾ ਇੰਚਾਰਜ਼ ਲਗਾਇਆ ਜਾਂਦਾ ਹੈ ਤਾਂ ਉਹ ਮਾਲੇਰਕੋਟਲਾ ਦੇ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਚਲਣਗੇ ਅਤੇ ਉਹਨਾਂ ਨੂੰ ਉਹਨਾਂ ਦੇ ਘਰ ਜਾ ਕੇ ਮਨਾਉਣਗੇ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਜੁਟ ਹੈ ਅਤੇ ਇਸ ਵਿੱਚ ਵਿਰੋਧਤਾ ਵਾਲੀ ਕੋਈ ਗੱਲ ਨਹੀਂ ਹੈ। ਮਾਲੇਰਕੋਟਲਾ ਵਿਖੇ ਰਿਹਾਇਸ਼ ਨਾ ਹੋਣ ਦੇ ਸੁਆਲ ਤੇ ਉਹਨਾਂ ਕਿਹਾ ਕਿ ਉਹਨਾਂ ਦਾ ਮਾਲੇਰਕੋਟਲਾ ਵਿਖੇ ਘਰ ਹੈ ਅਤੇ ਉਹ ਪਹਿਲਾਂ ਹੀ ਇੱਥੇ ਦਫ਼ਤਰ ਵੀ ਬਣਾ ਚੁੱਕੇ ਹਨ।
ਵਿਧਾਨ ਸਭਾ ਚੋਣਾਂ ਲੰਘੇ ਅਜੇ ਬਹੁਤ ਥੋੜ੍ਹਾ ਸਮਾਂ ਹੋਇਆ ਹੈ ਅਤੇ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਅਪਣਾ ਮਾਲੇਰਕੋਟਲਾ ਹਲਕਾ ਇੰਚਾਰਜ਼ ਬਦਲਣਾ ਇੱਕ ਵੱਡੀ ਗੱਲ ਹੈ। ਸ਼ੋ੍ਰਮਣੀ ਅਕਾਲੀ ਦਲ ਦੇ ਇਸ ਫੈਂਸਲੇ ਦਾ ਆਉਣ ਵਾਲੇ ਸਮੇਂ ਵਿੱਚ ਕੀ ਅਸਰ ਹੁੰਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ।
0 comments:
एक टिप्पणी भेजें