ਮਾਮਲਾ ਕਿਸਾਨ ਆਗੂਆਂ ਦੇ ਘਰਾਂ 'ਤੇ ਛਾਪੇਮਾਰੀ ਦਾ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਲਿਆ ਗੰਭੀਰ ਨੋਟਿਸ
ਡੀਸੀ ਦਫ਼ਤਰ ਬਰਨਾਲਾ ਵੱਲ ਮਾਰਚ ਕਰਕੇ ਮੋਦੀ ਸਰਕਾਰ ਦੀ ਅਰਥੀ ਫੂਕੀ
ਬਰਨਾਲਾ 14 ਮਾਰਚ (ਸੁਖਵਿੰਦਰ ਸਿੰਘ ਭੰਡਾਰੀ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਮੋਦੀ ਸਰਕਾਰ ਵੱਲੋਂ ਕਿਸਾਨ ਸੰਘਰਸ਼ ਨੂੰ ਡੰਡੇ ਦੇ ਜ਼ੋਰ ਨਾਲ ਦਬਾਉਣ ਦੀ ਮਨਸ਼ਾ ਪਾਲਦਿਆਂ ਕਿਸਾਨ ਆਗੂਆਂ ਹਰਿੰਦਰ ਸਿੰਘ ਲੱਖੋਵਾਲ ਅਤੇ ਸਤਨਾਮ ਸਿੰਘ ਬਹਿਰੂ ਦੇ ਘਰਾਂ ਚ ਛਾਪੇਮਾਰੀ ਕਰਨ ਦਾ ਗੰਭੀਰ ਨੋਟਿਸ ਲਿਆ ਹੈ। ਅੱਜ ਸੰਘਰਸ਼ ਦਾ ਪਿੜ ਮੱਲ ਕੇ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਸੜਕਾਂ ਤੇ ਨਿੱਕਲ ਤੁਰੇ। ਕਚਹਿਰੀ ਚੌਂਕ ਵਿੱਚ ਕੀਤੀ ਗਈ ਰੈਲੀ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਖਜ਼ਾਨਚੀ ਬਲਵੰਤ ਸਿੰਘ ਉੱਪਲੀ, ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਭਦੌੜ, ਜਨਰਲ ਸਕੱਤਰ ਸਾਹਿਬ ਸਿੰਘ ਬਡਬਰ, ਭੋਲਾ ਸਿੰਘ ਛੰਨਾਂ, ਨਾਨਕ ਸਿੰਘ, ਅਮਲਾ ਸਿੰਘ ਵਾਲਾ ਅਤੇ ਹਰਮੰਡਲ ਸਿੰਘ ਜੋਧਪੁਰ ਨੇ ਕਿਹਾ ਕਿ ਅੱਜ ਕਿਸਾਨ ਕਾਫ਼ਲਿਆਂ ਨੇ ਕਚਹਿਰੀ ਚੌਂਕ ਬਰਨਾਲਾ ਵਿੱਚ ਇਕੱਠੇ ਹੋਕੇ ਵਿਸ਼ਾਲ ਰੈਲੀ ਕਰਨ ਉਪਰੰਤ ਡੀ ਸੀ ਦਫ਼ਤਰ ਬਰਨਾਲਾ ਵੱਲ ਵਿਸ਼ਾਲ ਰੋਹ ਭਰਪੂਰ ਅਰਥੀ ਫੂਕ ਮੁਜ਼ਾਹਰਾ ਕੀਤਾ। ਇਸ ਸਮੇਂ ਆਗੂਆਂ ਨੇ ਕਿਹਾ ਕਿ ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ। ਮੋਦੀ ਸਰਕਾਰ ਦੀ ਇਹ ਕੋਈ ਪਹਿਲੀ ਸਾਜ਼ਿਸ਼ ਨਹੀਂ ਹੈ। ਦਿੱਲੀ ਕਿਸਾਨ ਮੋਰਚੇ ਦੌਰਾਨ ਵੀ ਅਜਿਹੀਆਂ ਅਨੇਕਾਂ ਸਾਜ਼ਿਸ਼ਾਂ ਰਚੀਆਂ ਹਨ। ਐਸ ਕੇ ਐਮ ਦੀ ਸੁਚੱਜੀ ਅਗਵਾਈ ਅਤੇ ਚੇਤੰਨ ਜਥੇਬੰਦਕ ਤਾਕਤ ਨਾਲ ਹਰ ਸਾਜ਼ਿਸ਼ ਨੂੰ ਪਛਾੜਿਆ ਸੀ ਅਤੇ ਸੰਘਰਸ਼ ਨੂੰ ਅੱਗੇ ਵਧਾਇਆ ਸੀ। ਐਸ ਕੇ ਐਮ ਦੀ ਅਗਵਾਈ ਵਿੱਚ ਸੰਘਰਸ਼ ਦੇ ਦੂਜੇ ਪੜਾਅ ਵਜੋਂ 20 ਮਾਰਚ ਦਿੱਲੀ ਪਾਰਲੀਮੈਂਟ ਵੱਲ ਕੀਤੇ ਜਾਣ ਵਾਲੇ ਮਾਰਚ ਦੀਆਂ ਤਿਆਰੀਆਂ ਲਈ ਦਿਨ ਰਾਤ ਇੱਕ ਕਰਨ ਦਾ ਸੱਦਾ ਦਿੱਤਾ । ਹਜ਼ਾਰਾਂ ਦੀ ਗਿਣਤੀ ਵਿੱਚ ਜੁਝਾਰੂ ਕਿਸਾਨ ਕਾਫ਼ਲੇ 19 ਮਾਰਚ ਨੂੰ ਮਰਹੂਮ ਬਲਕਾਰ ਸਿੰਘ ਡਕੌਂਦਾ ਵੱਲੋਂ ਦਰੁੱਸਤ ਬੁਨਿਆਦ ਉੱਪਰ ਉਸਾਰੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਦੀ ਅਗਵਾਈ ਵਿੱਚ ਦਿੱਲੀ ਵੱਲ ਰਵਾਨਾ ਹੋਣਗੇ। ਇਹ ਹੱਕ, ਸੱਚ, ਇਨਸਾਫ਼ ਲਈ ਜੂਝਦੇ ਕਾਫ਼ਲੇ ਮੋਦੀ ਹਕੂਮਤ ਨੂੰ ਝੁਕਣ ਅਤੇ ਮੰਗਾਂ ਮੰਨਣ ਲਈ ਮਜ਼ਬੂਰ ਕਰਨਗੇ। ਡੀ ਸੀ ਦਫ਼ਤਰ ਬਰਨਾਲਾ ਅੱਗੇ ਪਹੁੰਚੇ ਕਾਫ਼ਲੇ ਕੋਲੋਂ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਡਿਊਟੀ ਮੈਜਿਸਟਰੇਟ ਤਹਿਸੀਲਦਾਰ ਬਰਨਾਲਾ ਨੇ ਹਾਸਲ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਇਹ ਮੰਗ ਪੱਤਰ ਰਾਸ਼ਟਰਪਤੀ ਨੂੰ ਜਲਦ ਭੇਜ ਦਿੱਤਾ ਜਾਵੇਗਾ।
ਕੁਲਵਿੰਦਰ ਸਿੰਘ ਉੱਪਲੀ,ਕਾਲਾ ਸਿੰਘ ਜੈਦ, ਅੰਗਰੇਜ਼ ਸਿੰਘ ਰਾਏਸਰ,ਅਮਨਦੀਪ ਸਿੰਘ,ਭਿੰਦਰ ਸਿੰਘ ਮੂੰਮ, ਅਤੇ ਰਾਣਾ ਸਿੰਘ ਉੱਪਲੀ, ਸੱਤਪਾਲ ਸਿੰਘ ਸਹਿਜੜਾ, ਗੁਰਪ੍ਰੀਤ ਸਿੰਘ ਸਹਿਜੜਾ, ਜਸਵੰਤ ਸਿੰਘ ਹੰਢਿਆਇਆ, ਹਰਪਾਲ ਸਿੰਘ ਹੰਢਿਆਇਆ, ਜਗਤਾਰ ਸਿੰਘ ਚੀਮਾ ਨੇ ਵੀ ਮੋਦੀ ਹਕੂਮਤ ਨੂੰ ਕਰੜੇ ਹੱਥੀਂ ਲੈਂਦਿਆਂ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ।
0 comments:
एक टिप्पणी भेजें