ਏ ਟੀ ਐਮ ਤੇ ਠੱਗੀਆਂ ਮਾਰ ਰਹੇ ਠੱਗਾਂ ਤੋਂ ਸਾਵਧਾਨ ਰਹਿਣ ਦੀ ਅਪੀਲ।
ਬਰਨਾਲਾ, 14 ਮਾਰਚ ( ਕੇਸ਼ਵ ਵਰਦਾਨ ਪੁੰਜ )ਸਟੇਟ ਬੈਂਕ ਆਫ਼ ਇੰਡੀਆ ਦੀ ਮੇਨ ਬ੍ਰਾਂਚ ਦੇ ਭੀੜ ਭੜੱਕੇ ਵਾਲੇ ਏ ਟੀ ਐਮ ਤੇ ਠੱਗ ਸਰਗਰਮ ਹੋ ਚੁੱਕੇ ਹਨ ਜੋ ਐਤਵਾਰ ਵਾਲੇ ਦਿਨ ਲੋਕਾਂ ਖਾਸ ਕਰਕੇ ਸੀਨੀਅਰ ਸਿਟੀਜ਼ਨਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ। ਇਨ੍ਹਾਂ ਦੇ ਸਿਰਾਂ ਤੇ ਟੋਪੀਆਂ ਲਈਆਂ ਹੋਈਆਂ ਹਨ ਜੋ ਕਿ ਅੱਗੇ ਨੂੰ ਵਧੀਆਂ ਹੋਣ ਕਰਕੇ ਠੱਗਾਂ ਦੇ ਚਿਹਰਿਆਂ ਨੂੰ ਢਕ ਲੈਂਦੀਆਂ ਹਨ। ਸ਼ਹਿਰ ਦੇ ਸਮਾਜ ਸੇਵੀ ਸੁਖਵਿੰਦਰ ਸਿੰਘ ਭੰਡਾਰੀ ਨੂੰ ਵੀ ਅਜਿਹੀ ਹੀ ਠੱਗੀ ਦਾ ਸਾਹਮਣਾ ਕਰਨਾ ਪਿਆ ਪ੍ਰੰਤੂ ਸੁਖਵਿੰਦਰ ਭੰਡਾਰੀ ਨੇ ਚੁਸਤੀ ਫੁਰਤੀ ਵਰਤਦਿਆਂ ਠੱਗਾਂ ਦੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਬਣਾ ਦਿੱਤਾ। ਇਸ ਸੰਬੰਧੀ ਜਦੋਂ ਸੁਖਵਿੰਦਰ ਭੰਡਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੈਂ ਐਤਵਾਰ 12 ਮਾਰਚ ਨੂੰ ਸ਼ਾਮ ਦੇ 5:18 ਵਜੇ ਜੌੜੇ ਪੈਟਰੌਲ ਪੰਪ ਦੇ ਸਾਹਮਣੇ ਐਸ ਬੀ ਆਈ ਦੀ ਮੇਨ ਬ੍ਰਾਂਚ ਤੋਂ ਪੈਸੇ ਕਢਵਾਉਣ ਲੱਗਾ ਤਾਂ ਦੋ ਠੱਗ ਆ ਕੇ ਪਿੱਛੇ ਖੜੇ ਗਏ। ਉਨ੍ਹਾਂ ਨੇ ਪਿੱਛੇ ਖੜ੍ਹ ਕੇ ਪਾਸਵਰਡ ਨੋਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਮੈਂ ਪੈਸੇ ਕਢਵਾ ਕੇ ਵਾਪਸ ਮੁੜਨ ਲੱਗਾ ਤਾਂ ਇੱਕ ਠੱਗ ਨੇ ਆਪਣਾ ਕਾਰਡ ਮਸ਼ੀਨ ਚ ਪਾ ਕੇ ਦਿਖਾਇਆ ਕਿ ਆਹ ਦੇਖੋ ਸਕਰੀਨ ਤੇ ਯੋਨੋ ਲਿਖਿਆ ਆ ਰਿਹਾ ਹੈ ਅਤੇ ਤੁਹਾਡਾ ਪ੍ਰੋਸੈੱਸ ਅਜੇ ਪੂਰਾ ਨਹੀਂ ਹੋਇਆ। ਮੇਰੇ ਨਾਲ ਗੱਲਾਂ ਕਰਦਿਆਂ ਉਨ੍ਹਾਂ ਮੇਰਾ ਏ ਟੀ ਐਮ ਕਾਰਡ ਬਦਲ ਦਿੱਤਾ ਅਤੇ ਤੇਜੀ ਨਾਲ ਬਾਹਰ ਨਿਕਲ ਕੇ ਭੱਜ ਗਏ ਤਾਂ ਮੈਨੂੰ ਸ਼ੱਕ ਪੈ ਗਿਆ ਜਦੋਂ ਮੈਂ ਆਪਣਾ ਕਾਰਡ ਚੈੱਕ ਕੀਤਾ ਤਾਂ ਮੈਨੂੰ ਠੱਗੀ ਦਾ ਪਤਾ ਲੱਗਿਆ ਕਿ ਮੇਰਾ ਕਾਰਡ ਬਦਲ ਦਿੱਤਾ ਗਿਆ ਹੈ। ਮੈਂ ਉਨ੍ਹਾਂ ਦਾ ਪਿੱਛਾ ਕੀਤਾ ਪਰ ਉਹ ਰੂਪੋਸ਼ ਹੋ ਗਏ। ਠੱਗਾਂ ਨੇ ਥੋੜ੍ਹੇ ਸਮੇਂ ਦੇ ਪਿੱਛੋਂ ਹੀ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਨ੍ਹਾਂ ਨੇ ਪਾਸਵਰਡ ਗਲਤ ਭਰ ਦਿੱਤਾ ਜਿਸ ਕਾਰਨ ਪੈਸੇ ਨਹੀਂ ਨਿਕਲੇ। | ਇਸ ਦੌਰਾਨ ਮੈਂ ਘਰ ਜਾ ਕੇ ਆਪਣਾ ਕਾਰਡ ਬਲਾਕ ਕਰਵਾ ਦਿੱਤਾ। ਠੱਗ ਵਾਰ-ਵਾਰ ਕੋਸ਼ਿਸ਼ ਕਰਦੇ ਰਹੇ ਪੈਸੇ ਕਢਵਾਉਣ ਦੀ ਪ੍ਰੰਤੂ ਉਹ ਪੈਸੇ ਕਢਾਉਣ ਵਿਚ ਕਾਮਯਾਬ ਨਹੀਂ ਹੋਏ। ਸੁਖਵਿੰਦਰ ਭੰਡਾਰੀ ਨੇ ਸਾਰੀ ਸੂਚਨਾ ਲਿਖਤੀ ਰੂਪ ਵਿੱਚ ਪੁਲੀਸ ਨੂੰ ਦੇ ਦਿੱਤੀ ਹੈ ਅਤੇ ਠੱਗਾਂ ਦੀਆਂ ਫੋਟੋਆਂ ਵੀ ਕੈਮਰਿਆਂ ਚੋਂ ਕਢਵਾ ਲਈਆਂ ਹਨ। ਉਹਨਾਂ ਦੱਸਿਆ ਕਿ ਇਹ ਦੋ ਜਾਂ ਤਿੰਨ ਠੱਗ ਸਿਰੋਂ ਮੋਨੋ, ਭਰਵੇਂ ਸ਼ਰੀਰ ਦੇ ਅਤੇ ਦਰਮਿਆਨੇ ਕੱਦ ਦੇ ਪੱਕੇ ਰੰਗ ਦੇ ਨੌਜਵਾਨ ਹਨ। ਮੈਂ ਸਭ ਨੂੰ ਅਪੀਲ ਕਰਦਾ ਹਾਂ ਕਿ ਇਨ੍ਹਾਂ ਠੱਗਾਂ ਤੋਂ ਸਾਵਧਾਨ ਰਹੋ।
0 comments:
एक टिप्पणी भेजें