ਜਗਰਾਜ ਧੌਲਾ ਦਾ ਸੰਤ ਰਾਮ ਉਦਾਸੀ ਪੁਰਸਕਾਰ ਨਾਲ ਸਨਮਾਨ 30 ਅਪ੍ਰੈਲ ਨੂੰ
ਕਮਲੇਸ਼ ਗੋਇਲ ਖਨੌਰੀ
ਸੰਗਰੂਰ, ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ 30 ਅਪ੍ਰੈਲ ਦਿਨ ਐਤਵਾਰ ਨੂੰ ਹੋਟਲ ਈਟਿੰਗ ਮਾਲ, ਨੇੜੇ ਬਰਨਾਲਾ ਕੈਂਚੀਆਂ, ਸੰਗਰੂਰ ਵਿਖੇ ਆਪਣਾ ਤਿਮਾਹੀ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਸਭਾ ਵੱਲੋਂ ਸਾਲ 2023 ਲਈ ਦਿੱਤਾ ਜਾਣ ਵਾਲਾ ਲੋਕ ਕਵੀ ਸੰਤ ਰਾਮ ਉਦਾਸੀ ਕਵਿਤਾ ਪੁਰਸਕਾਰ, ਉੱਘੇ ਇਨਕਲਾਬੀ ਕਵੀ ਜਗਰਾਜ ਧੌਲਾ ਨੂੰ ਦਿੱਤਾ ਜਾਵੇਗਾ। ਇਸ ਸਮਾਗਮ ਵਿੱਚ ਲੋਕ ਕਵੀ ਸੰਤ ਰਾਮ ਉਦਾਸੀ ਦੀ ਸਪੁੱਤਰੀ ਪ੍ਰਿੰ. ਇਕਬਾਲ ਕੌਰ ਉਦਾਸੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਅਤੇ ਪ੍ਰੋ. ਦਵਿੰਦਰ ਕੌਰ ਖੁਸ਼ ਧਾਲੀਵਾਲ ‘ਮੌਜੂਦਾ ਦੌਰ ਵਿੱਚ ਲੋਕ ਕਵੀ ਸੰਤ ਰਾਮ ਉਦਾਸੀ ਦੀ ਕਵਿਤਾ ਦੀ ਪ੍ਰਸੰਗਿਤਾ’ ਵਿਸ਼ੇ ’ਤੇ ਪਰਚਾ ਪੜ੍ਹਨਗੇ। ਸਭਾ ਦੇ ਪ੍ਰੈੱਸ ਸਕੱਤਰ ਅਮਨ ਜੱਖਲਾਂ ਨੇ ਦੱਸਿਆ ਕਿ ਜਗਰਾਜ ਧੌਲਾ ਦੀ ਕਲਮ ਤੋਂ ਇੱਕ ਕਿੱਸਾ-ਕਾਵਿ ‘ਸੂਹੀ ਕਿਰਨ ਬੇਅੰਤ’, ਤਿੰਨ ਗੀਤ-ਕਾਵਿ ‘ਰੋਹ ਦਾ ਨਗਮਾ’, ‘ਮੈਨੂੰ ਦੱਸ ਸੱਜਣਾ’ ਅਤੇ ‘ਤਿਲ ਪੱਤਰਿਆਂ ਦੀ ਲਲਕਾਰ’, ਇੱਕ ਨਾਵਲ ‘ਅੱਗ ਦਾ ਜਨਮ’ ਇੱਕ ਕਹਾਣੀ-ਸੰਗ੍ਰਹਿ ‘ਆਦਿ ਕਾਲੀਨ ਮਨੁੱਖ ਦੀਆਂ ਕਹਾਣੀਆਂ’, ਤਿੰਨ ਖੋਜ ਪੁਸਤਕਾਂ ‘ਗੀਤ: ਤੱਤ ਤੇ ਸੰਦਰਭ’, ‘ਮਰਦਾਨੇ ਕੇ: ਸਮਾਜਿਕ ਸਭਿਆਚਾਰਕ ਪ੍ਰੀਪੇਖ’ ਅਤੇ ‘ਸਭਿਆਚਾਰਕ ਜੁਗਤਾਂ” ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਦਰਜਨ ਤੋਂ ਵੱਧ ਆਡੀਓ ਕੈਸਿਟਾਂ ਅਤੇ ਟੈਲੀ ਫਿਲਮਾਂ ਦਾ ਨਿਰਮਾਣ ਕਰ ਕੇ ਵੀ ਉਨ੍ਹਾਂ ਨੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫ਼ੁੱਲਤਾ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ।
0 comments:
एक टिप्पणी भेजें