ਲੋਕ ਕਵੀ ਸੰਤ ਰਾਮ ਉਦਾਸੀ ਦੇ ਜਨਮ ਦਿਨ ਮੌਕੇ ਰਾਏਸਰ ਸਕੂਲ 'ਚ ਸਾਹਿਤਕ ਸਮਾਗਮ
● ਜ਼ਿਲ੍ਹਾ ਭਾਸ਼ਾ ਦਫਤਰ ਅਤੇ ਸਕੂਲ ਨੇ ਸਾਂਝੇ ਤੌਰ 'ਤੇ ਕਰਵਾਇਆ ਸਮਾਗਮ
ਬਰਨਾਲਾ, 20 ਅਪ੍ਰੈਲ (ਸੁਖਵਿੰਦਰ ਸਿੰਘ ਭੰਡਾਰੀ)
ਜ਼ਿਲ੍ਹਾ ਭਾਸ਼ਾ ਦਫਤਰ ਅਤੇ ਲੋਕ ਕਵੀ ਸੰਤ ਰਾਮ ਉਦਾਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਸਰ ਵੱਲੋਂ ਸਾਂਝੇ ਤੌਰ 'ਤੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੇ ਜਨਮ ਦਿਨ ਨੂੰ ਸਮਰਪਿਤ ਸਾਹਿਤਕ ਸਮਾਗਮ ਰਾਏਸਰ ਸਕੂਲ 'ਚ ਕਰਵਾਇਆ ਗਿਆ। ਸਮਾਗਮ 'ਚ ਸੰਤ ਰਾਮ ਉਦਾਸੀ ਦੀ ਧੀ ਪ੍ਰਿੰਸੀਪਲ ਇਕਬਾਲ ਕੌਰ ਉਦਾਸੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸਮਾਗਮ ਦੀ ਸ਼ੁਰਆਤ ਸੰਤ ਰਾਮ ਉਦਾਸੀ ਦੀ ਤਸਵੀਰ ਸਾਹਮਣੇ ਸ਼ਮਾ ਰੌਸ਼ਨ ਕਰਦਿਆਂ ਫੁੱਲ ਅਰਪਿਤ ਕਰਕੇ ਕੀਤੀ।
ਜ਼ਿਲ੍ਹਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਵੱਲੋਂ ਸੁਨੇਹੇ ਨਾਲ ਸਮਾਗਮ ਵਿੱਚ ਹਾਜ਼ਰੀ ਲਗਵਾਈ ਗਈ।ਇਕਬਾਲ ਕੌਰ ਉਦਾਸੀ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਸ ਨੂੰ ਇਨਕਲਾਬੀ ਕਵੀ ਦੇ ਘਰ ਜਨਮ ਲੈਣ 'ਤੇ ਮਾਣ ਹੈ। ਉਹਨਾਂ ਕਿਹਾ ਕਿ ਬੇਸ਼ੱਕ ਉਹਨਾਂ ਦੇ ਪਿਤਾ ਵਾਂਗ ਹੀ ਉਹਨਾਂ ਦਾ ਬਚਪਨ ਵੀ ਤੰਗੀਆਂ ਤੁਰਸ਼ੀਆਂ ਵਿੱਚ ਬੀਤਿਆ।ਪਰ ਉਹਨਾਂ ਨੂੰ ਇਸ ਗੱਲ ਦਾ ਹਮੇਸ਼ਾ ਮਾਣ ਰਹੇਗਾ ਕਿ ਉਹਨਾਂ ਦੇ ਪਿਤਾ ਨੇ ਆਪਣੀ ਕਲਮ ਨੂੰ ਤੰਗੀਆਂ ਤੁਰਸ਼ੀਆਂ ਨਾਲ ਜੂਝਦੇ ਥੁੜਾਂ ਮਾਰੇ ਲੋਕਾਂ ਦੀ ਆਵਾਜ਼ ਬਣਾਇਆ।ਉਹਨਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਮੁੱਠੀ ਭਰ ਲੋਕਾਂ ਵੱਲੋਂ ਕਿਰਤੀ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਦੇ ਨਿਜ਼ਾਮ ਨੂੰ ਸਮਝਣ ਲਈ ਸਾਹਿਤ ਨਾਲ ਜੁੜਨਾ ਬਹੁਤ ਜਰੂਰੀ ਹੈ।ਉਹਨਾਂ ਕਿਹਾ ਕਿ ਇਹ ਉਹਨਾਂ ਦੇ ਪਿਤਾ ਵੱਲੋਂ ਰਚਿਆ ਸਾਹਿਤ ਹੀ ਹੈ ਜਿਸ ਨੇ ਉਹਨਾਂ ਨੂੰ ਅੱਜ ਵੀ ਜਿੳੇੁਂਦਾ ਰੱਖਿਆ ਹੋਇਆ ਹੈ।
ਪ੍ਰਿੰਸੀਪਲ ਬਰਜਿੰਦਰਪਾਲ ਸਿੰਘ ਨੈਸ਼ਨਲ ਅਵਾਰਡੀ ਨੇ ਕਿਹਾ ਕਿ ਸੰਤ ਰਾਮ ਉਦਾਸੀ ਦਾ ਨਾਂਅ ਉਹਨਾਂ ਦੇ ਸੀਨੇ ਵਿੱਚ ਧੜਕਦਾ ਹੈ ਅਤੇ ਉਹਨਾਂ ਦੇ ਗੀਤ ਅਤੇ ਕਵਿਤਾਵਾਂ ਉਹਨਾਂ ਲਈ ਆਦਰਸ਼ ਹਨ।ਉਹਨਾਂ ਕਿਹਾ ਕਿ ਉਹਨਾਂ ਦੀ ਸੋਚ ਨੂੰ ਅੱਗੇ ਵਧਾਉਣਾ ਅਜੋਕੇ ਸਮੇਂ ਦੀ ਮੁੱਖ ਜਰੂਰਤ ਹੈ।ਜ਼ਿਲ੍ਹਾ ਭਾਸ਼ਾ ਅਫਸਰ ਸੁਖਵਿੰਦਰ ਸਿੰਘ ਗੁਰਮ ਨੇ ਕਿਹਾ ਕਿ ਸੰਤ ਰਾਮ ਉਦਾਸੀ ਦੇ ਗੀਤ ਅਤੇ ਕਵਿਤਾਵਾਂ ਸਕੂਲ ਸਮੇਂ ਤੋਂ ਉਹਨਾਂ ਦੇ ਅੰਗ ਸੰਗ ਹਨ।ਉਹਨਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹਨਾਂ ਦੀ ਸੋਚ ਨੂੰ ਬਚਾਉਣ ਲਈ ਕਿਤਾਬਾਂ ਨਾਲ ਜੁੜਨਾ ਬਹੁਤ ਜਰੂਰੀ ਹੈ।ਬਿੰਦਰ ਸਿੰਘ ਖੁੱਡੀ ਕਲਾਂ ਖੋਜ ਅਫਸਰ ਨੇ ਕਿਹਾ ਕਿ ਸੰਤ ਰਾਮ ਉਦਾਸੀ ਨੇ ਜਿਸ ਦ੍ਰਿੜਤਾ ਨਾਲ ਥੁੜਾਂ ਮਾਰੇ ਲੋਕਾਂ ਦੀ ਗੱਲ ਕੀਤੀ ਹੈ ਉਹ ਹਰ ਕਵੀ ਜਾਂ ਗੀਤਕਾਰ ਦੇ ਹਿੱਸੇ ਨਹੀਂ ਆਉਂਦਾ। ਉਹਨਾਂ ਕਿਹਾ ਕਿ ਉਦਾਸੀ ਦੇ ਗੀਤ ਅਤੇ ਕਵਿਤਾਵਾਂ ਸਦੀਵੀ ਸੱਚ ਵਰਗੇ ਹਨ।
ਸਕੂਲ ਦੇ ਲੈਕਚਰਾਰ ਮਨਜੀਤ ਕੌਰ ਮਾਨ ਨੇ ਸੰਤ ਰਾਮ ਉਦਾਸੀ ਦੇ ਜੀਵਨ ਅਤੇ ਸਾਹਿਤਕ ਸਫਰ ਬਾਰੇ ਪਰਚਾ ਪੜ੍ਹਿਆ।ਇਸ ਮੌਕੇ ਵਿਦਿਆਰਥੀਆਂ ਨੇ ਸੰਤ ਰਾਮ ਉਦਾਸੀ ਦੇ ਗੀਤ ਅਤੇ ਕਵਿਤਾਵਾਂ ਦੀ ਖੂਬਸੂਰਤ ਪੇਸ਼ਕਾਰੀ ਕੀਤੀ।ਇਸ ਮੌਕੇ ਸਕੂਲ ਦੇ ਮੋਹਰੀ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਮੰਚ ਸੰਚਾਲਨ ਮੈਡਮ ਮਮਤਾ ਰਾਣੀ ਨੇ ਕੀਤਾ।ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਬਲਦੇਵ ਸਿੰਘ, ਨੌਜਵਾਨ ਆਗੂ ਗੁਰਪ੍ਰੀਤ ਗੋਪੀ,ਬਲਦੇਵ ਸ਼ਰਮਾ ਅਤੇ ਜਗਸੀਰ ਜੱਗੀ ਤੋਂ ਇਲਾਵਾ ਸਕੂਲ ਦੇ ਅਧਿਆਪਕ ਕੁਲਭੂਸ਼ਨ ਮੈਨਨ,ਹਰਬੰਸ ਸਿੰਘ,ਬੇਅੰਤ ਕੌਰ,ਜਗਤਾਰ ਸਿੰਘ,ਜੈਕੀ ਗਰਗ,ਨਿਰਮਲ ਸਿੰਘ,ਮੋਨਿਕਾ ਰਾਣੀ,ਰਕਸ਼ਾ ਰਾਣੀ ਅਤੇ ਨਵਤੇਜ ਸਿੰਘ ਤੋਂ ਇਲਾਵਾ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।
0 comments:
एक टिप्पणी भेजें