ਬੀ.ਕੇ.ਯੂ. ਡਕੌਂਦਾ ਦਾ ਵੱਡਾ ਕਾਫ਼ਲਾ 19 ਤਾਰੀਖ ਨੂੰ ਜੰਤਰ ਮੰਤਰ ਲਈ ਪਾਵੇਗਾ ਚਾਲੇ - ਬੁਰਜਗਿੱਲ
ਬਰਨਾਲਾ,17 ਮਈ (ਸੁਖਵਿੰਦਰ ਸਿੰਘ ਭੰਡਾਰੀ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ 19 ਤਾਰੀਖ ਨੂੰ ਹਰ ਬਲਾਕ , ਹਰ ਜਿਲ੍ਹੇ ਵਿੱਚੋ ਵੱਡੇ ਕਾਫਲੇ ਬੰਨ ਕਿਸਾਨ ਰੇਲਾਂ ਰਾਹੀਂ ਜੰਤਰ ਮੰਤਰ ਲਈ ਕੂਚ ਕਰਨਗੇ। ਓਹਨਾਂ ਕਿਹਾ ਕਿ ਮਹਿਲਾਂ ਪਹਿਲਵਾਨਾਂ ਦੇ ਦੱਸਣ ਅਨੁਸਾਰ ਕੁਸਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਆਗੂ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਹੁਣ ਤੱਕ ਸੈਂਕੜੇ ਖਿਡਾਰੀ ਕੁੜੀਆਂ ਦਾ ਸਰੀਰਕ ਤੌਰ ਤੇ ਸੋਸ਼ਣ ਕੀਤਾ ਹੈ ਜੋ ਕਿ ਬਲਾਤਕਾਰ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਓਹਨਾਂ ਕਿਹਾ ਕਿ ਹੁਣ ਤੱਕ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਲਾਉਣ ਵਾਲੀ ਭਾਜਪਾ ਆਪਣੇ ਨੇਤਾਵਾਂ ਅਤੇ ਕਾਰਕੁਨਾਂ ਤੋਂ ਹੀ ਦੇਸ਼ ਦੀਆਂ ਬੇਟੀਆਂ ਦੇ ਹੁੰਦੇ ਅਤਿਆਚਾਰ ਤੇ ਚੁੱਪ ਹੈ ਅਤੇ ਉਲਟਾ ਇਹੋ ਜਿਹੇ ਦੁਸ਼ਟ ਲੋਕਾਂ ਨੂੰ ਸ਼ਹਿ ਦੇ ਰਹੀ ਹੈ। ਉਹਨਾਂ ਕਿਹਾ ਭਾਜਪਾ ਅਤੇ ਆਰ. ਐਸ.ਐਸ. ਦੀ ਅਗਵਾਈ ਹੇਠਲੀ ਸਰਕਾਰ ਨੇ ਮੱਧ ਕਾਲ ਦੇ ਜੁਲਮੀ ਸਾਸ਼ਕਾਂ ਦੇ ਜ਼ੁਲਮ ਨੂੰ ਵੀ ਮਾਤ ਪਾ ਦਿੱਤੀ ਹੈ। ਦੇਸ਼ ਵਿੱਚ ਕਿਸਾਨਾਂ ਨੂੰ ਦਰੜ ਦੇਣ,ਦਲਿਤਾਂ ਅਤੇ ਧਾਰਮਿਕ ਘੱਟ ਗਿਣਤੀਆਂ ਤੇ ਤਸੀਹੇ ਢਾਉਣੇ, ਔਰਤਾਂ ਨਾਲ ਵਧੀਕੀਆਂ, ਝੂਠੇ ਪੁਲਿਸ ਮੁਕਾਬਲੇ ਆਮ ਵਰਤਾਰਾ ਬਣਕੇ ਰਹਿ ਗਏ। ਸੋ ਇਹਨਾਂ ਹਲਾਤਾਂ ਵਿੱਚ ਦੇਸ਼ ਵਾਸੀਆਂ ਨੂੰ ਇੱਕਜੁਟ ਹੋ ਕੇ ਹਕੂਮਤੀ ਜਬਰ ਦਾ ਕਰੜੇ ਹੱਥੀਂ ਮੁਕਾਬਲਾ ਕਰਨਾ ਚਾਹੀਦਾ। ਸੂਬਾ ਜਨਰਲ ਸਕੱਤਰ ਜਗਮੋਹਨ ਪਟਿਆਲਾ ਨੇ ਕਿਹਾ ਕਿ ਬੇਸ਼ੱਕ ਸੁਪਰੀਮ ਕੋਰਟ ਦੇ ਦਖਲ ਨਾਲ ਪਰਚਾ ਦਰਜ਼ ਹੋ ਗਿਆ ਹੈ ਪਰ ਸੈਂਟਰ ਦੀ ਹਕੂਮਤ ਵੱਲੋ ਨਾ ਤਾਂ ਦੋਸ਼ੀ ਦੀ ਗ੍ਰਿਫ਼ਤਾਰੀ ਹੋਈ ਹੈ ਨਾ ਹੀ ਉਸਤੋ ਹੋਰ ਸਹੂਲਤਾਂ ਵਾਪਿਸ ਲਈਆ ਹਨ ਅਤੇ ਜੱਥੇਬੰਦੀ ਉਸਨੂੰ ਤੁਰੰਤ ਗਿਰਫ਼ਤਾਰ ਕਰਨ ਤੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਦੀ ਹੈ। ਓਹਨਾਂ ਕਿਹਾ ਕਿ ਸਾਡੀ ਜੱਥੇਬੰਦੀ ਦਾ ਇਨਸਾਫ ਮਿਲਣ ਤੱਕ ਸਮਰਥਨ ਜਾਰੀ ਰਹੇਗਾ। ਇੱਥੇ ਓਹਨਾਂ ਇਹ ਵੀ ਦੁਹਰਾਇਆ ਕਿ ਬੀ ਕੇ ਯੂ ਡਕੌਂਦਾ ਵੱਲੋ ਪਿੱਛਲੇ ਕਈ ਦਿਨਾਂ ਤੋਂ ਪਿੰਡ ਪਿੰਡ ਇਸ ਵਰਤਾਰੇ ਖਿਲਾਫ ਬ੍ਰਿਜ ਭੂਸ਼ਣ ਤੇ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਜਾ ਰਹੇ ਹਨ।
0 comments:
एक टिप्पणी भेजें