ਸਿਮਰਨਜੀਤ ਸਿੰਘ ਮਾਨ ਨੇ ਐਮ.ਪੀ. ਕੋਟੇ ਵਿੱਚੋਂ ਅੰਗਹੀਣਾਂ ਨੂੰ ਟਰਾਈਸਾਈਕਲ ਤੇ ਹੋਰ ਉਪਕਰਨ ਵੰਡੇ
ਕਮਲੇਸ਼ ਗੋਇਲ ਖਨੌਰੀ
ਖਨੌਰੀ 15 ਮਈ - ਲੋਕ ਸਭਾ ਹਲਕਾ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਅੱਜ ਆਪਣੇ ਐਮ.ਪੀ. ਕੋਟੇ ਵਿੱਚੋਂ ਅੰਗਹੀਣਾਂ ਦੀ ਭਲਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦੇ ਸਹਿਯੋਗ ਨਾਲ ਟਰਾਈਸਾਈਕਲ, ਵਹੀਲ ਚੇਅਰ, ਕੰਨਾਂ ਵਾਲੀਆਂ ਮਸ਼ੀਨਾਂ ਅਤੇ ਹੋਰ ਉਪਕਰਨ ਵੰਡਣ ਲਈ ਐਮ.ਪੀ. ਲੈਂਡ ਯੋਜਨਾ ਅਧੀਨ ਮੁਫਤ ਮੋਟੋਰਾਇਜਡ ਟ੍ਰਾਈਸਾਈਕਲ ਅਤੇ ਸਹਾਇਕ ਉਪਕਰਨ ਵੰਡ ਸਮਾਗਮ ਸ਼ਾਂਤੀ ਹਾਲ ਬਰਨਾਲਾ ਵਿਖੇ ਕਰਵਾਇਆ ਗਿਆ | ਇਕ ਮੌਕੇ ਸੰਬੋਧਨ ਕਰਦਿਆਂ ਐਮ.ਪੀ. ਸ. ਮਾਨ ਨੇ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ ਅਧੀਨ ਰਹਿੰਦੇ ਹਰ ਵਰਗ ਦੇ ਲੋਕਾਂ ਨੂੰ ਸਹੂਲਤਾਂ ਦੇਣੀਆਂ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨਾ ਮੇਰੀ ਮੁੱਢਲੀ ਜਿੰਮੇਵਾਰੀ ਹੈ | ਇਨ੍ਹਾਂ ਜਿੰਮੇਵਾਰੀਆਂ ਨੂੰ ਨਿਭਾਉਣ ਵਿੱਚ ਪ੍ਰਧਾਨਮੰਤਰੀ ਵੱਲੋਂ ਵੀ ਪੂਰਨ ਸਹਿਯੋਗ ਮੈਂਬਰ ਪਾਰਲੀਮੈਂਟਾਂ ਨੂੰ ਦਿੱਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੱਜ ਸ਼ਾਂਤੀ ਹਾਲ ਬਰਨਾਲਾ ਵਿਖੇ ਸਮਾਗਮ ਕਰਵਾਇਆ ਗਿਆ | ਇਸ ਤੋਂ ਬਾਅਦ 16 ਮਈ ਨੂੰ ਸ਼ਾਂਤੀ ਹਾਲ ਵੱਡਾ ਗੁਰਦੁਆਰਾ ਸ਼ਹਿਣਾ ਅਤੇ 17 ਮਈ ਨੂੰ ਬਾਬਾ ਜੰਗ ਸਿੰਘ ਪਾਰਕ ਮਹਿਲ ਕਲਾਂ ਵਿਖੇ ਇਸੇ ਤਰ੍ਹਾਂ ਸਮਾਗਮ ਕਰਵਾ ਕੇ ਲੋੜਵੰਦਾਂ ਨੂੰ ਟ੍ਰਾਈਸਾਈਕਲਾਂ ਅਤੇ ਹੋਰ ਸਹਾਇਕ ਉਪਕਰਨ ਵੰਡੇ ਜਾਣਗੇ, ਜਿਨ੍ਹਾਂ ਨਾਲ ਅਪਾਹਿਜ ਲੋਕਾਂ ਨੂੰ ਸਹੂਲਤ ਮਿਲ ਸਕੇ | ਸ. ਮਾਨ ਨੇ ਦੱਸਿਆ ਕਿ ਅਲਿਮਕੋ ਕੰਪਨੀ ਦੀ ਦਿੱਲੀ ਵਿਖੇ ਪ੍ਰਦਰਸ਼ਨੀ ਲੱਗੀ ਸੀ, ਜਿਨ੍ਹਾਂ ਦੇ ਬਣਾਏ ਉਪਕਰਨ ਉਨ੍ਹਾਂ ਨੂੰ ਕਾਫੀ ਪਸੰਦ ਆਏ ਸਨ, ਜਿਸ ਤੋਂ ਬਾਅਦ ਉਨ੍ਹਾਂ ਇਸ ਕੰਪਨੀ ਦੇ ਸਹਾਇਕ ਉਪਕਰਨ ਯੋਜਨਾ ਤਹਿਤ ਮੰਗਵਾ ਕੇ ਆਪਣੇ ਹਲਕੇ ਦੇ ਲੋਕਾਂ ਨੂੰ ਵੰਡੇ ਗਏ ਹਨ | ਉਨ੍ਹਾਂ ਦਿੱਤੇ ਗਏ ਸਹਿਯੋਗ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦਾ ਵੀ ਧੰਨਵਾਦ ਕੀਤਾ | ਸ. ਮਾਨ ਨੇ ਮੀਡੀਆ ਦੇ ਜਰੀਏ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਲੋੜਵੰਦ ਟ੍ਰਾਈਸਾਈਕਲ ਜਾਂ ਹੋਰ ਸਹਾਇਕ ਉਪਕਰਨ ਲੈਣ ਲਈ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ | ਪੱਤਰਕਾਰਾਂ ਵੱਲੋਂ ਹਲਕੇ ਦੇ ਵਿਕਾਸ ਸੰਬੰਧੀ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਸ. ਮਾਨ ਨੇ ਕਿਹਾ ਵੱਖ-ਵੱਖ ਯੋਜਨਾਵਾਂ ਅਧੀਨ ਹਲਕੇ ਦੇ ਵਿਕਾਸ ਲਈ ਉਪਰਾਲੇ ਲਗਾਤਾਰ ਜਾਰੀ ਹਨ | ਹਲਕੇ ਦੀਆਂ ਦਰਜਨਾਂ ਸੜਕਾਂ ਦੇ ਮੁੜ ਨਿਰਮਾਣ, ਪਿੰਡਾਂ ਦੇ ਟੋਭਿਆਂ ਤੇ ਛੱਪੜਾ ਦੀ ਨੁਹਾਰ ਬਦਲਣ ਦੇ ਪ੍ਰੋਜੈਕਟ ਪਾਸ ਕਰਵਾ ਜਾ ਚੁੱਕੇ ਹਨ | ਇਸ ਤੋਂ ਇਲਾਵਾ ਪਿੰਡਾਂ ਵਿੱਚ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਬਿਨ੍ਹਾਂ ਕਿਸੇ ਪੱਖਪਾਤ ਤੋਂ ਗ੍ਰਾਂਟਾਂ ਦੀ ਵੰਡ ਵੱਖ-ਵੱਖ ਵਿਕਾਸ ਕਾਰਜਾਂ ਲਈ ਕੀਤੀ ਜਾ ਰਹੀ ਹੈ | ਸ. ਮਾਨ ਨੇ ਕਿਹਾ ਕਿ ਹਲਕਾ ਸੰਗਰੂਰ ਹੀ ਨਹੀਂ, ਸਗੋਂ ਉਹ ਪੰਜਾਬ ਦਾ ਰਿਕਾਰਡ ਵਿਕਾਸ ਕਰਵਾਉਣਾ ਚਾਹੁੰਦੇ ਹਨ ਅਤੇ ਪੰਜਾਬੀਆਂ ਨੂੰ ਹਰ ਪੱਖੋਂ ਖੁਸ਼ਹਾਲ ਬਣਾਉਣ ਦੀ ਇੱਛਾ ਰੱਖਦੇ ਹਨ | ਇਸਦੇ ਲਈ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ |
ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਅਤੇ ਹੋਰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਪਾਰਟੀ ਆਗੂ ਵੀ ਹਾਜਰ ਸਨ |
0 comments:
एक टिप्पणी भेजें