ਅਸੀਂ ਚਾਹੁੰਦੇ ਹਾਂ ਕਿ ਕੋਈ ਵੀ ਲੋੜਵੰਦ ਸਰਕਾਰੀ ਸਕੀਮਾਂ ਦਾ ਲਾਭ ਲੈਣ ਤੋਂ ਵਾਂਝਾ ਨਾ ਰਹੇ: ਐਮ.ਪੀ. ਸਿਮਰਨਜੀਤ ਸਿੰਘ ਮਾਨ
- ਹਲਕੇ ਦੇ ਲੋਕਾਂ ਨੂੰ ਹਰ ਸਹੂਲਤ ਮੁਹੱਇਆ ਕਰਵਾਉਣਾ ਮੇਰੀ ਜਿੰਮੇਵਾਰੀ- ਸਿਮਰਨਜੀਤ ਸਿੰਘ ਮਾਨ
-ਐਮ.ਪੀ. ਸਿਮਰਨਜੀਤ ਸਿੰਘ ਮਾਨ ਨੇ ਲੋੜਵੰਦਾਂ ਨੂੰ ਵੰਡੇ ਮੋਟਰਾਇਜ਼ਡ ਟਰਾਈਸਾਈਕਲ ਤੇ ਸਹਾਇਕ ਉਪਕਰਨਬਰਨਾਲਾ/ਸ਼ਹਿਣਾ, 16 ਮਈ ( ਕੇਸ਼ਵ ਵਰਦਾਨ ਪੁੰਜ )- ਲੋਕ ਸਭਾ ਹਲਕਾ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਅੱਜ ਦੂਜੇ ਦਿਨ ਐਮ.ਪੀ. ਲੈਂਡ ਯੋਜਨਾ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਬਰਨਾਲਾ ਦੇ ਸਹਿਯੋਗ ਨਾਲ ਸ਼ਾਂਤੀ ਹਾਲ ਵੱਡਾ ਗੁਰਦੁਆਰਾ ਸਾਹਿਬ ਸ਼ਹਿਣਾ ਵਿਖੇ ਕਰਵਾਏ ਗਏ ਮੁਫਤ ਮੋਟੋਰਾਇਜ਼ਡ ਟ੍ਰਾਈਸਾਈਕਲ ਅਤੇ ਸਹਾਇਕ ਉਪਕਰਨ ਵੰਡ ਸਮਾਗਮ ਤਹਿਤ ਲੋੜਵੰਦ ਅਪਾਹਿਜਾਂ ਨੂੰ ਮੋਟਰਾਇਜ਼ਡ ਟ੍ਰਾਈਸਾਈਕਲ, ਵਹੀਲ ਚੇਅਰਾਂ, ਕੰਨਾਂ ਵਾਲੀਆਂ ਮਸ਼ੀਨਾਂ, ਬਲਾਇੰਡ ਸਟਿਕ ਅਤੇ ਹੋਰ ਸਹਾਇਕ ਉਪਕਰਨ ਵੰਡੇ ਗਏ |
ਸਮਾਗਮ ਦੌਰਾਨ 26 ਲੋੜਵੰਦਾਂ ਨੂੰ ਮੋਟਰਟ੍ਰਾਈਸਾਈਕਲਾਂ, 18 ਲੋੜਵੰਦਾਂ ਨੂੰ ਵਹੀਲ ਚੇਅਰਾਂ, 21 ਲੋੜਵੰਦਾਂ ਨੂੰ ਟ੍ਰਾਈਸਾਈਕਲਾਂ, 15 ਲੋੜਵੰਦਾਂ ਨੂੰ ਕੰਨਾਂ ਵਾਲੀਆਂ ਮਸ਼ੀਨਾਂ, 08 ਲੋੜਵੰਦਾਂ ਨੂੰ ਸਮਾਰਟ ਕੇਨ, 26 ਲੋੜਵੰਦਾਂ ਨੂੰ ਕਰੱਚ, 15 ਲੋੜਵੰਦਾਂ ਨੂੰ ਬਲਾਇੰਡ ਵਾਕਿੰਗ ਸਟਿਕਾਂ ਅਤੇ ਹੋਰ ਸਹਾਇਕ ਉਪਕਰਨ ਵੰਡੇ ਗਏ |
ਇਸ ਮੌਕੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਐਮ.ਪੀ. ਸ. ਮਾਨ ਨੇ ਕਿਹਾ ਕਿ ਤੁਹਾਡਾ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਕੇਂਦਰ ਸਰਕਾਰ ਤੋਂ ਹਰ ਤਰ੍ਹਾਂ ਦੀ ਸਹੂਲਤ ਤੁਹਾਡੇ ਲਈ ਲੈ ਕੇ ਆਉਣਾ ਮੇਰੀ ਜਿੰਮੇਵਾਰੀ ਹੈ | ਉਨ੍ਹਾਂ ਦੱਸਿਆ ਕਿ ਇੱਕ ਮੈਂਬਰ ਪਾਰਲੀਮੈਂਟ ਚਾਹੇ ਤਾਂ ਆਪਣੇ ਹਲਕੇ ਲਈ ਬਹੁਤ ਕੁਝ ਕਰ ਸਕਦਾ ਹੈ | ਐਮ.ਪੀ. ਦੇ ਅਧਿਕਾਰ ਖੇਤਰ ਵਿੱਚ ਅਨੇਕਾਂ ਹੀ ਲੋਕ ਭਲਾਈ ਸਕੀਮਾਂ ਆਉਂਦੀਆਂ ਹਨ, ਜਿਨ੍ਹਾਂ ਬਾਰੇ ਜਾਣਕਾਰੀ ਦੀ ਘਾਟ ਹੋਣ ਕਰਕੇ ਲੋੜਵੰਦਾਂ ਲੋਕ ਇਨ੍ਹਾਂ ਸਰਕਾਰੀ ਸਕੀਮਾਂ ਦਾ ਲਾਭ ਨਹੀਂ ਉਠਾ ਪਾਉਂਦੇ | ਉਨ੍ਹਾਂ ਦੀ ਇੱਛਾ ਹੈ ਕਿ ਕੋਈ ਵੀ ਲੋੜਵੰਦ ਵਿਅਕਤੀ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਦਾ ਲਾਭ ਲੈਣ ਤੋਂ ਵਾਂਝਾ ਨਾ ਰਹੇ | ਉਨ੍ਹਾਂ ਦੱਸਿਆ ਕਿ ਕੱਚੇ ਮਕਾਨ ਨੂੰ ਪੱਕਾ ਕਰਵਾਉਣਾ, ਵਾਟਰ ਸਪਲਾਈ ਦਾ ਕੁਨੈਕਸ਼ਨ ਲੈਣਾ, ਲੈਟਰੀਨ ਬਾਥਰੂਮ ਬਣਵਾਉਣ, ਕੈਂਸਰ ਅਤੇ ਗੁਰਦੇ ਖਰਾਬ ਵਰਗੀਆਂ ਭਿਆਨਕ ਬਿਮਾਰੀਆਂ ਦੇ ਇਲਾਜ ਵਿੱਚ ਆਰਥਿਕ ਮੱਦਦ, ਗਰੀਬ ਘਰ ਵਿੱਚ ਮੌਤ ਹੋਣ 'ਤੇ ਸਸਕਾਰ ਲਈ 20 ਹਜਾਰ ਰੁਪਏ ਦੀ ਸਹਾਇਤਾ ਸਮੇਤ ਬਹੁਤ ਸਾਰੀਆਂ ਲੋਕ ਭਲਾਈ ਸਕੀਮਾਂ ਹਨ, ਜੋ ਸਰਕਾਰ ਵੱਲੋਂ ਚਲਾਈ ਜਾਂਦੀਆਂ ਹਨ | ਸਾਡੀ ਪਾਰਟੀ ਦੀ ਸੋਚ ਹੈ ਕਿ ਕੋਈ ਵੀ ਲੋੜਵੰਦ ਇਨ੍ਹਾਂ ਸਰਕਾਰੀ ਯੋਜਨਾਵਾਂ ਦੇ ਲਾਭ ਤੋਂ ਵਾਂਝਾ ਨਾ ਰਹੇ |
ਉਨ੍ਹਾਂ ਦੱਸਿਆ ਕਿ ਐਮ.ਪੀ. ਲੈਂਡ ਸਕੀਮ ਤਹਿਤ ਹੀ 54 ਕਰੋੜ ਰੁਪਏ ਗਰੀਬਾਂ ਦੀਆਂ ਮੁਫ਼ਤ ਦਵਾਈਆਂ ਲਈ ਮਿਲਿਆ ਹੈ | ਇਹ ਦਵਾਈਆਂ ਗਰੀਬ ਲੋਕ ਹਸਪਤਾਲਾਂ ਵਿੱਚ ਮੁਫਤ ਲੈ ਸਕਦੇ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਦਵਾਈਆਂ ਨੂੰ ਖਰੀਦਣ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਹੈਲਥ ਡਿਪਾਰਟਮੈਂਟ ਦੀ ਹੈ | ਸ. ਮਾਨ ਨੇ ਪੰਜਾਬ ਸਰਕਾਰ ਅਤੇ ਹੈਲਥ ਡਿਪਾਰਟਮੈਂਟ ਨੂੰ ਵੀ ਸੁਝਾਅ ਦਿੱਤਾ ਕਿ ਇਹ ਦਵਾਈਆਂ ਵਧੀਆਂ ਕੰਪਨੀਆਂ ਤੋਂ ਖਰੀਦੀਆਂ ਜਾਣ, ਕਿਉਂਕਿ ਕੁਛ ਸਮਾਂ ਪਹਿਲਾਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਇਹੋ ਜਿਹੀ ਮਾਰੂ ਦਵਾਈਆਂ ਕਾਰਖਾਨੇ ਵਾਲਿਆਂ ਨੇ ਬਣਾਈਆਂ ਸੀ, ਜਿਸ ਨਾਲ ਵਿਦੇਸ਼ਾਂ ਵਿੱਚ ਬੱਚਿਆਂ ਦੀ ਮੌਤ ਹੋ ਗਈ ਸੀ, ਜਿਸ ਨਾਲ ਦੇਸ਼ ਦਾ ਨਾਂਅ ਖਰਾਬ ਹੋਇਆ ਸੀ | ਇਸ ਲਈ ਦਵਾਈਆਂ ਵਧੀਆਂ ਤੋਂ ਵਧੀਆਂ ਕੰਪਨੀ ਦੀਆਂ ਖਰੀਦੀਆਂ ਜਾਣ | ਸ. ਮਾਨ ਨੇ ਦੱਸਿਆ ਕਿ ਬਰਨਾਲਾ ਵਿਖੇ ਇੱਕ ਹੋਰ ਵੱਡਾ ਹਸਪਤਾਲ ਬਣੇਗਾ, ਜੋ ਪਹਿਲਾਂ ਵਾਲੇ ਹਸਪਤਾਲ ਨਾਲੋਂ ਵੱਖਰਾ ਹੋਵੇਗਾ, ਜਿੱਥੇ ਭਿਆਨਕ ਬਿਮਾਰੀਆਂ ਕਰੋਨਾ ਆਦਿ ਦੀ ਰੋਕਥਾਮ ਲਈ ਇਲਾਜ ਕੀਤਾ ਜਾਵੇਗਾ |
ਸ. ਮਾਨ ਨੇ ਕਿਹਾ ਕਿ ਬਰਨਾਲੇ ਜ਼ਿਲ੍ਹੇ ਦੇ ਲੋਕਾਂ ਦੀਆਂ ਜੋ ਵੀ ਜਰੂਰਤਾਂ ਹਨ ਪੂਰੀਆਂ ਕੀਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ ਅਧੀਨ ਆਉਂਦੇ ਜ਼ਿਲ੍ਹਾ ਮਾਲੇਰਕੋਟਲਾ, ਸੰਗਰੂਰ ਤੇ ਬਰਨਾਲਾ ਵਿੱਚ ਡਾਕਟਰਾਂ ਅਤੇ ਨਰਸਿੰਗ ਸਟਾਫ ਦੀ ਬਹੁਤ ਵੱਡੀ ਘਾਟ ਹੈ, ਜਿਸਨੂੰ ਪੂਰਾ ਕਰਵਾਉਣ ਲਈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ | ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦੀ ਇੱਛਾ ਹੈ ਕਿ ਸਰਕਾਰ ਜੋ ਵੀ ਸਹੂਲਤਾਂ ਦੇ ਰਹੀ ਹੈ, ਉਹ ਪੂਰੀ ਤਰ੍ਹਾਂ ਵਰਤੀਆਂ ਜਾਣ | ਕਿਸੇ ਨਾਲ ਕੋਈ ਪੱਖਪਾਤ ਨਾ ਹੋਵੇ | ਇਸ ਮੌਕੇ ਵਿਭਾਗ ਦੇ ਅਧਿਕਾਰੀਆਂ ਅਤੇ ਸਟਾਫ ਵੱਲੋਂ ਸ. ਮਾਨ ਨੂੰ ਸਨਮਾਨਿਤ ਵੀ ਕੀਤਾ ਗਿਆ | ਅਗਲਾ ਉਪਕਰਨ ਵੰਡ ਸਮਾਗਮ 17 ਮਈ ਨੂੰ ਬਾਬਾ ਜੰਗ ਸਿੰਘ ਪਾਰਕ ਮਹਿਲ ਕਲਾਂ ਵਿਖੇ ਹੋਵੇਗਾ |
ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅ) ਦੇ ਜਥੇਬੰਦਕ ਸਕੱਤਰ ਸ. ਗੋਵਿੰਦ ਸਿੰਘ ਸੰਧੂ, ਸੀਨੀਅਰ ਆਗੂ ਸ. ਗੁਰਜੰਟ ਸਿੰਘ ਕੱਟੂ, ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਸ. ਦਰਸ਼ਨ ਸਿੰਘ ਮੰਡੇਰ, ਰਣਦੀਪ ਸਿੰਘ ਪੀਏ ਤੋਂ ਇਲਾਵਾ ਹੋਰ ਪ੍ਰਮੁੱਖ ਸਖਸ਼ੀਅਤਾਂ ਵੀ ਹਾਜਰ ਸਨ |
0 comments:
एक टिप्पणी भेजें