ਆਬਾਦਕਾਰਾਂ ਦੇ ਹੱਕ ਵਿੱਚ ਡਟੀਆਂ ਕਿਸਾਨ ਜਥੇਬੰਦੀਆਂ
ਕਮਲੇਸ਼ ਗੋਇਲ ਖਨੌਰੀ
ਪਾਤੜਾਂ 6 ਅਪ੍ਰੈਲ: ਪੰਜਾਬ ਸਰਕਾਰ ਵੱਲੋਂ ਅਬਾਦਕਾਰ ਕਿਸਾਨਾਂ ਦੀਆਂ ਜਮੀਨਾਂ ਖੋਹਣ ਦੇ ਵਿਰੁੱਧ ਕਿਸਾਨ ਜਥੇਬੰਦੀਆਂ ਖੁੱਲ੍ਹ ਕੇ ਮੈਦਾਨ ਵਿੱਚ ਡਟ ਚੁੱਕੀਆਂ ਹਨ। ਕਿਸਾਨ ਜਥੇਬੰਦੀਆਂ ਵੱਲੋਂ ਸਾਂਝਾ ਫਰੰਟ ਬਣਾਕੇ ਅਬਾਦਕਾਰ ਕਿਸਾਨਾਂ ਦੇ ਹੱਕ ਵਿਚ ਪਿਛਲੇ ਲੰਮੇ ਸਮੇਂ ਤੋਂ ਡੱਟਵਾ ਸੰਘਰਸ਼ ਕੀਤਾ ਜਾ ਰਿਹਾ ਹੈ। ਇਸੇ ਤਹਿਤ ਆਬਾਦਕਾਰ ਬਚਾਓ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੀ ਮੀਟਿੰਗ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਵਿਖੇ ਹੋਈ। ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਕੁਲ ਹਿੰਦ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਨੁਮਾਇੰਦੇ ਸ਼ਾਮਲ ਹੋਏ। ਮੀਟਿੰਗ ਵਿੱਚ ਸੰਗ ਤੋਰ ਤੇ ਕਿਸਾਨ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਹੈ ਕਿ 15 ਮਈ ਨੂੰ ਐਸ ਡੀ ਐਮ ਦਫ਼ਤਰ ਵਿਖੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਅਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ। ਪਟੇਦਾਰ ਕਿਸਾਨਾਂ ਦੀਆਂ ਜ਼ਮੀਨਾਂ ਦਾ ਚਕੌਤਾ ਇਸ ਵਾਰ ਅੱਧਾ ਕੀਤਾ ਜਾਵੇ ਕਿਉਂਕਿ ਗੜੇਮਾਰੀ ਕਾਰਨ ਕਣਕ ਦੀ ਫ਼ਸਲ ਲਗਭਗ ਤਬਾਹ ਹੋ ਚੁੱਕੀ ਹੈ। ਸਰਕਾਰ ਵੱਲੋਂ ਆਬਾਦਕਾਰਾਂ ਨੂੰ ਮਾਲਕੀ ਹੱਕ ਦੇਣ ਸਬੰਧੀ ਬਣਾਈ ਕਮੇਟੀ ਆਪਣਾ ਕੰਮ ਜਲਦੀ ਸ਼ੁਰੂ ਕਰੇ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਅਬਾਦਕਾਰ ਕਿਸਾਨਾਂ ਦੀਆਂ ਜ਼ਮੀਨਾਂ ਵਿਚ ਲੱਗੇ ਟਿਊਬਵੈੱਲ ਕੁਨੈਕਸ਼ਨ ਕੱਟਣੇ ਬੰਦ ਕੀਤੇ ਜਾਣ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਆਬਾਦਕਾਰ ਕਿਸਾਨਾਂ ਨੂੰ ਉਜਾੜਨ ਦੇ ਮਨਸੂਬੇ ਘੜਨੇ ਬੰਦ ਕਰਕੇ ਕਿਸਾਨਾਂ ਦੀ ਭਲਾਈ ਲਈ ਕੰਮ ਕਰੇ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਆਬਾਦਕਾਰ ਕਿਸਾਨਾਂ ਦੇ ਨਾਲ ਕਿਸਾਨ ਜਥੇਬੰਦੀਆਂ ਡਾਹ ਕੇ ਖੜ੍ਹੀਆਂ ਹਨ ਅਤੇ ਕਿਸਾਨੀ ਲਈ ਕਿਸਾਨ ਜਥੇਬੰਦੀਆਂ ਕਿਸੇ ਵੀ ਕੁਰਬਾਨੀ ਤੋਂ ਪਿਛੇ ਨਹੀਂ ਹਟਣਗੀਆ। ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਵੱਲੋਂ ਸੂਬਾ ਆਗੂ ਗੁਰਨਾਮ ਸਿੰਘ ਢੈਂਠਲ, ਯਾਦਵਿੰਦਰ ਸਿੰਘ ਕੂਕਾ, ਬਲਾਕ ਆਗੂ ਪ੍ਰਧਾਨ ਬਿਕਰਮ ਸਿੰਘ ਅਰਨੋ, ਅਜੀਤ ਸਿੰਘ, ਬਲਜੀਤ ਸਿੰਘ ਕਰੀਮਨਗਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਬਲਾਕ ਆਗੂ ਸੁਖਦੇਵ ਸਿੰਘ ਹਰਿਆਊ , ਜਾਨਪਾਲ ਸਿੰਘ ਕਾਂਗਥਲਾ , ਹਿੰਦ ਕਿਸਾਨ ਸਭਾ ਵੱਲੋਂ ਰਾਮ ਚੰਦ ਚੁਨਾਗਰਾ ਤੇ ਜਗਜੀਤ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਯਾਦਵਿੰਦਰ ਸਿੰਘ ਬੂਰੜ ਅਤੇ ਮਨਦੀਪ ਸਿੰਘ ਸ਼ਾਮਲ ਹੋਏ। ਅਰਨੋ ਅਬਾਦਕਾਰਾਂ ਵੱਲੋਂ ਮੁਖਤਿਆਰ ਸਿੰਘ ਗੁਰਦਿੱਤ ਜਸਬੀਰ ਸਿੰਘ ਅਤੇ ਮਹਿੰਦਰ ਸਿੰਘ ਆਦਿ ਸ਼ਾਮਲ ਹੋਏ।
0 comments:
एक टिप्पणी भेजें