ਪੜ੍ਹੇ-ਲਿਖੇ ਬੇਰੋਜ਼ਗਾਰਾਂ ਨੂੰ ਵੱਧ ਤੋਂ ਵੱਧ ਕਰਜ਼ੇ ਦੇ ਕੇ ਮਜ਼ਬੂਤ ਕਰਨ ਬੈਂਕਾਂ: ਡਿਪਟੀ ਕਮਿਸ਼ਨਰ
- ਜ਼ਿਲ੍ਹੇ ਦੇ ਵੱਖ-ਵੱਖ ਬੈਂਕਾਂ ਨੇ ਸਾਲ 2022-23 ਲਈ ਕਰਜ਼ਾ ਯੋਜਨਾ ਤਹਿਤ 12700 ਕਰੋੜ ਰੁਪਏ ਦਾ ਦਿੱਤਾ ਕਰਜ਼ਾ
ਹੁਸ਼ਿਆਰਪੁਰ= ਦਲਜੀਤ ਅਜਨੋਹਾ
ਬੈਂਕਾਂ ਨੂੰ ਚਾਹੀਦਾ ਹੈ ਕਿ ਉਹ ਪੜ੍ਹੇ-ਲਿਖੇ ਬੇਰੋਜ਼ਗਾਰ ਨੌਜਵਾਨਾਂ ਨੂੰ ਵੱਖ-ਵੱਖ ਕਰਜ਼ਾ ਸਕੀਮਾਂ ਰਾਹੀਂ ਮਜ਼ਬੂਤ ਕਰਨ ਲਈ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਤਾਂ ਜੋ ਉਹ ਮਜ਼ਬੂਤ ਬਣ ਸਕਣ। ਇਹ ਵਿਚਾਰ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਜ਼ਿਲ੍ਹੇ ਦੇ ਲੀਡ ਬੈਂਕ ਵੱਲੋਂ ਜ਼ਿਲ੍ਹੇ ਦੇ ਬੈਂਕਾਂ ਦੇ ਕੰਮਕਾਜ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਸਲਾਹਕਾਰ ਕਮੇਟੀ ਅਤੇ ਜ਼ਿਲ੍ਹਾ ਪੱਧਰੀ ਸਮੀਖਿਆ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਬੈਂਕਾਂ ਨੂੰ ਸੀ.ਡੀ ਰੇਸ਼ੋ ਵਧਾਉਣ ਦੀਆਂ ਹਦਾਇਤਾਂ ਦਿੱਤੀਆਂ ਅਤੇ ਬੈਂਕਾਂ ਨੂੰ ਕਿਹਾ ਕਿ ਉਹ ਇਸ ਦਿਸ਼ਾ ਵੱਲ ਧਿਆਨ ਦੇਣ ਤਾਂ ਜੋ ਵੱਧ ਤੋਂ ਵੱਧ ਲੋਕ ਖਾਸ ਕਰਕੇ ਪੜ੍ਹੇ-ਲਿਖੇ ਬੇਰੋਜ਼ਗਾਰ ਨੌਜਵਾਨ ਅਤੇ ਸਮਾਜ ਦੇ ਕਮਜ਼ੋਰ ਵਰਗ ਦੇ ਲੋਕ ਕਰਜ਼ੇ ਲੈ ਕੇ ਆਪਣਾ ਕਾਰੋਬਾਰ ਸ਼ੁਰੂ ਕਰਕੇ ਜੀਵਨ ਪੱਧਰ ਨੂੰ ਉੱਚਾ ਚੁੱਕ ਸਕਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰਜ਼ਾ ਸਕੀਮ ਸਾਲ 2022-23 ਤਹਿਤ ਮਾਰਚ 2023 ਤੱਕ ਜ਼ਿਲ੍ਹੇ ਦੇ ਵੱਖ-ਵੱਖ ਬੈਂਕਾਂ ਵੱਲੋਂ ਕੁੱਲ 12700 ਕਰੋੜ ਰੁਪਏ ਕਰਜ਼ੇ ਵਜੋਂ ਦਿੱਤੇ ਗਏ ਹਨ, ਜਦਕਿ ਟੀਚਾ 17568 ਕਰੋੜ ਰੁਪਏ ਸੀ। ਇਸ ਵਿੱਚੋਂ 10,352 ਕਰੋੜ ਰੁਪਏ ਦੇ ਕਰਜ਼ੇ ਤਰਜ਼ੀਹੀ ਖੇਤਰ ਨੂੰ ਦਿੱਤੇ ਗਏ ਹਨ ਜਦਕਿ 2,347 ਕਰੋੜ ਰੁਪਏ ਦੇ ਕਰਜ਼ੇ ਗੈਰ ਤਰਜ਼ੀਹੀ ਖੇਤਰ ਨੂੰ ਦਿੱਤੇ ਗਏ ਹਨ। ਤਰਜ਼ੀਹੀ ਖੇਤਰ ਵਿੱਚ 8577 ਕਰੋੜ ਰੁਪਏ ਖੇਤੀਬਾੜੀ ਲਈ, 1479 ਕਰੋੜ ਰੁਪਏ ਗੈਰ-ਖੇਤੀ ਖੇਤਰ ਨੂੰ ਅਤੇ 296 ਕਰੋੜ ਰੁਪਏ ਹੋਰ ਤਰਜ਼ੀਹੀ ਖੇਤਰ ਨੂੰ ਦਿੱਤੇ ਗਏ ਹਨ।
ਕੋਮਲ ਮਿੱਤਲ ਨੇ ਬੈਂਕਾਂ ਨੂੰ ਵੱਧ ਤੋਂ ਵੱਧ ਸਵੈ-ਸਹਾਇਤਾ ਸਮੂਹਾਂ ਨੂੰ ਕਰਜ਼ੇ ਮੁਹੱਈਆ ਕਰਵਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਬੈਂਕਾਂ ਨੂੰ ਖੇਤੀਬਾੜੀ ਅਤੇ ਲਘੂ ਉਦਯੋਗਾਂ, ਸੇਵਾ ਖੇਤਰ, ਸਰਕਾਰੀ ਪ੍ਰੋਗਰਾਮਾਂ ਜਿਵੇਂ ਕਿ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ, ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ, ਡੇਅਰੀ ਟਾਈ-ਅੱਪ ਯੋਜਨਾ, ਪ੍ਰਧਾਨ ਮੰਤਰੀ ਸਵੈ ਫੰਡ ਪ੍ਰੋਗਰਾਮ ਤਹਿਤ ਵੱਖ-ਵੱਖ ਸਕੀਮਾਂ ਅਤੇ ਕਰਜ਼ਿਆਂ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਵੀ ਕਿਹਾ। ਉਨ੍ਹਾਂ ਬੈਂਕਾਂ ਨੂੰ ਕਿਹਾ ਕਿ ਉਹ ਡੀਆਰਆਈ ਸਕੀਮ ਤਹਿਤ ਵੱਧ ਤੋਂ ਵੱਧ ਗਰੀਬ ਲੋਕਾਂ ਨੂੰ ਕਰਜ਼ੇ ਦੇਣ ਤਾਂ ਜੋ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ। ਉਨ੍ਹਾਂ ਬੈਂਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਜੀਵਨ ਜੋਤੀ ਯੋਜਨਾ ਤਹਿਤ ਵੱਧ ਤੋਂ ਵੱਧ ਗਰੀਬ ਲੋਕਾਂ ਦਾ ਬੀਮਾ ਕਰਵਾਉਣ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਨੈਸ਼ਨਲ ਬੈਂਕ ਦੇ ਸਰਕਲ ਹੈੱਡ ਸੰਜੀਵ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਬੈਂਕਾਂ ਵਿੱਚ ਜਮ੍ਹਾਂ ਰਕਮਾਂ ਜੋ ਮਾਰਚ 2022 ਵਿੱਚ 37,146 ਕਰੋੜ ਰੁਪਏ ਸਨ, ਮਾਰਚ 2023 ਵਿੱਚ ਵੱਧ ਕੇ 40,291 ਕਰੋੜ ਰੁਪਏ ਹੋ ਗਈਆਂ ਹਨ। ਇਸੇ ਤਰ੍ਹਾਂ, ਬੈਂਕਾਂ ਦੁਆਰਾ ਦਿੱਤੇ ਗਏ ਕੁੱਲ ਕਰਜ਼ੇ ਦੀ ਰਕਮ, ਜੋ ਮਾਰਚ 2022 ਵਿੱਚ 10,445 ਕਰੋੜ ਰੁਪਏ ਸੀ, ਮਾਰਚ 2023 ਵਿੱਚ ਵੱਧ ਕੇ 11,336 ਕਰੋੜ ਰੁਪਏ ਹੋ ਗਈ।
ਲੀਡ ਜ਼ਿਲ੍ਹਾ ਮੈਨੇਜਰ ਰਾਜੇਸ਼ ਜੋਸ਼ੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਬੈਂਕਾਂ ਵਿੱਚ 10433 ਕਿਸਾਨਾਂ ਨੂੰ 158 ਕਰੋੜ ਰੁਪਏ ਦੇ ਕਿਸਾਨ ਕਾਰਡ ਜਾਰੀ ਕੀਤੇ ਗਏ ਹਨ। ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਨਵੇਂ ਉੱਦਮੀਆਂ ਨੂੰ ਵੱਧ ਤੋਂ ਵੱਧ ਕਰਜ਼ੇ ਦੇਣ ਤਾਂ ਜੋ ਜ਼ਿਲ੍ਹੇ ਵਿੱਚ ਨਵੇਂ ਉਦਯੋਗ ਸਥਾਪਿਤ ਕੀਤੇ ਜਾ ਸਕਣ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਮਿਲ ਸਕਣ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੈਂਕਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਮੀਟਿੰਗ ਵਿੱਚ ਪਸ਼ੂ ਪਾਲਣ ਵਿਭਾਗ, ਜ਼ਿਲ੍ਹਾ ਉਦਯੋਗ ਕੇਂਦਰ, ਐਸ.ਆਰ.ਐਲ.ਐਮ, ਐਨ.ਯੂ.ਐਲ.ਐਮ ਆਦਿ ਦੇ ਅਧਿਕਾਰੀਆਂ ਅਤੇ ਸਾਰੇ ਬੈਂਕਾਂ ਦੇ ਡੀ.ਸੀ.ਓਜ਼ ਨੇ ਭਾਗ ਲਿਆ।
0 comments:
एक टिप्पणी भेजें