ਕਾਲਜ ਅਧਿਆਪਕਾਂ ਵੱਲੋਂ
ਸਰਕਾਰ ਖ਼ਿਲਾਫ਼ ਰੋਸ ਧਰਨਾ
ਹੁਸ਼ਿਆਰਪੁਰ=ਦਲਜੀਤ ਅਜਨੋਹਾ
ਕਾਲਜ ਦੇ ਅਧਿਆਪਕਾਂ ਦੀ ਜਥੇਬੰਦੀ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ,ਪ੍ਰਿੰਸੀਪਲ ਫੈਡਰੇਸ਼ਨ ਅਤੇ ਕਾਲਜ ਮੈਨੇਜਮੈਂਟ ਫੈਡਰੇਸ਼ਨ ਦੇ ਸਾਂਝੇ ਸੱਦੇ ‘ਤੇ ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੀਸੀਸੀਟੀਯੂ ਯੂਨਿਟ ਵੱਲੋਂ ਪੰਜਾਬ ਸਰਕਾਰ ਦੀਆਂ ਕਥਿਤ ਸਿੱਖਿਆ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਅੱਜ ਕਰੀਬ ਦੋ ਘੰਟੇ ਰੋਸ ਧਰਨਾ ਦਿੱਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜੁਆਇੰਟ ਐਕਸ਼ਨ ਕਮੇਟੀ ਦੇ ਨੋਡਲ ਅਫਸਰ ਪਿ੍ਰੰ. ਡਾ. ਜਸਪਾਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਉੱਚ ਸਿੱਖਿਆ ਵਿਭਾਗ ਵੱਲੋਂ ਕੇਂਦਰੀਕ੍ਰਿਤ ਦਾਖਲਾ ਪੋਰਟਲ ਦੁਆਰਾ ਵਿਦਿਆਰਥੀਆਂ ਦਾ ਸੂਬੇ ਦੇ ਕਾਲਜਾਂ ਵਿੱਚ ਦਾਖਿਲਾ ਕਰਨ ਦਾ ਲਿਆ ਫੈਸਲਾ ਮੰਦਭਾਗਾ ਤੇ ਪੱਖਪਾਤੀ ਹੈ ਜਿਸਦੇ ਵਿਰੋਧ ਵਿੱਚ ਜੁਆਇੰਟ ਐਕਸ਼ਨ ਕਮੇਟੀ ਸੂਬੇ ਭਰ ਵਿੱਚ ਸੰਘਰਸ਼ 'ਤੇ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇੇ ਨਾਲ ਪਹਿਲਾਂ ਤੋਂ ਹੀ ਵਿੱਤੀ ਘਾਟੇ ਅਤੇ ਵਿਦਿਆਰਥੀਆਂ ਦੀ ਘੱਟ ਗਿਣਤੀ ਨਾਲ ਗੰਭੀਰ ਸੰਕਟ ਵਿੱਚ ਚੱਲ ਰਹੇ ਕਾਲਜ ਹੋਰ ਮੁਸ਼ਕਿਲਾਂ ਵਿੱਚ ਘਿਰ ਜਾਣਗੇ । ਇਸ ਮੌਕੇ ਯੂਨਿਟ ਦੇ ਪ੍ਰਧਾਨ ਡਾ. ਜੇ.ਬੀ.ਸੇਖੋਂ, ਪ੍ਰੋ ਅਰਾਧਨਾ ਦੁੱਗਲ, ਪ੍ਰੋ ਜਸਵਿੰਦਰ ਸਿੰਘ, ਡਾ ਰਾਜ ਕੁਮਾਰ, ਪ੍ਰੋ ਤਜਿੰਦਰ ਸਿੰਘ,ਡਾ. ਰਾਕੇਸ਼ ਕੁਮਾਰ, ਡਾ ਪ੍ਰਭਜੋਤ ਕੌਰ ਅਤੇ ਪ੍ਰੋ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਇਸ ਦਾਖਲਾ ਪੋਰਟਲ ਤੋਂ ਬਾਹਰ ਰੱਖ ਕੇ ਉਨ੍ਹਾਂ ਨੂੰ ਸਿੱਧਾ ਲਾਭ ਪੁਜਾਉਣ ਦੀ ਯੋਜਨਾ ਹੈ ਜਦਕਿ ਆਨਲਾਈਨ ਦਾਖਲਾ ਪੋਰਟਲ 'ਤੇ ਵਿਦਿਆਰਥੀਆ ਅਤੇ ਮਾਪਿਆਂ ਦੀ ਖੱਜਲ ਖੁਆਰੀ ਵਿੱਚ ਵਾਧਾ ਹੋਵੇਗਾ। ਇਸ ਮੌਕੇ ਆਗੂਆਂ ਨੇ ਉਕਤ ਕੇਂਦਰੀਕ੍ਰਿਤ ਦਾਖਲਾ ਪੋਰਟਲ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ।
0 comments:
एक टिप्पणी भेजें