Contact for Advertising

Contact for Advertising

Latest News

शनिवार, 29 जुलाई 2023

ਮਿਸ਼ਨ ਇੰਦਰਧਨੁਸ਼ ਪ੍ਰੋਗਰਾਮ ਤਹਿਤ ਜ਼ਿਲ੍ਹੇ ’ਚ ਟੀਕਾਕਰਨ ਤੋਂ ਰਹਿ ਗਏ ਬੱਚਿਆਂ ਦਾ ਟੀਕਾਕਰਨ ਬਣਾਇਆ ਜਾਵੇਗਾ ਯਕੀਨੀ : ਕੋਮਲ ਮਿੱਤਲ

 ਮਿਸ਼ਨ ਇੰਦਰਧਨੁਸ਼ ਪ੍ਰੋਗਰਾਮ ਤਹਿਤ ਜ਼ਿਲ੍ਹੇ ’ਚ ਟੀਕਾਕਰਨ ਤੋਂ ਰਹਿ ਗਏ ਬੱਚਿਆਂ ਦਾ ਟੀਕਾਕਰਨ ਬਣਾਇਆ ਜਾਵੇਗਾ ਯਕੀਨੀ : ਕੋਮਲ ਮਿੱਤਲ

-ਡਿਪਟੀ ਕਮਿਸ਼ਨਰ ਨੇ ਮਹੀਨਾਵਾਰ ਮੀਟਿੰਗਾਂ ਦੌਰਾਨ ਵੱਖ-ਵੱਖ ਵਿਭਾਗਾਂ ਦੇ ਕੰਮਾਂ ਦੀ ਕੀਤੀ ਸਮੀਖਿਆ

-ਸੜਕ ਹਾਦਸਿਆਂ ’ਚ ਜ਼ਖਮੀਆਂ ਨੂੰ ਬਚਾਉਣ ਵਾਲੇ ‘ਗੁੱਡ ਸਮਾਰੀਟਨ’ ਨੂੰ ਪੰਜਾਬ ਸਰਕਾਰ ਵਲੋਂ ਦਿੱਤੀ ਜਾਵੇਗੀ 5 ਹਜ਼ਾਰ ਰੁਪਏ ਦੀ ਸਨਮਾਨ ਰਾਸ਼ੀ

ਹੁਸ਼ਿਆਰਪੁਰ= ਦਲਜੀਤ ਅਜਨੋਹਾ 

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਮਹੀਨਾਵਾਰ ਮੀਟਿੰਗਾਂ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇੰਟੈਂਸੀਫਾਈਡ ਮਿਸ਼ਨ ਇੰਦਰਧਨੁਸ਼ ਪ੍ਰੋਗਰਾਮ ਤਹਿਤ 0-5 ਸਾਲ ਦੇ ਜਿਨ੍ਹਾਂ ਬੱਚਿਆਂ ਦਾ ਐਮ.ਆਰ-1, ਐਮ.ਆਰ.-2, ਡੀ.ਪੀ.ਟੀ ਬੂਸਟਰ ਅਧੂਰਾ ਰਹਿ ਗਿਆ ਹੈ, ਉਨ੍ਹਾਂ ਦੀ ਪਹਿਚਾਣ ਕਰਕੇ ਉਨ੍ਹਾਂ ਦਾ ਟੀਕਾਕਰਨ ਯਕੀਨੀ ਬਣਾਇਆ ਜਾਵੇ। ਉਨ੍ਹਾਂ ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ, ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਟੀਕਾਕਰਨ ਮੁਹਿੰਮ ਵਿਚ ਉਹ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦੇਣ। ਉਨ੍ਹਾਂ ਦੱਸਿਆ ਕਿ ਇੰਦਰਧਨੁਸ਼ ਪ੍ਰੋਗਰਾਮ 11 ਸਤੰਬਰ ਤੋਂ ਦਸਬੰਰ 2023 ਤੱਕ ਪੂਰੇ ਜ਼ਿਲ੍ਹੇ ਵਿਚ ਚੱਲੇਗਾ। ਇਸ ਦੌਰਾਨ ਉਨ੍ਹਾਂ ਟੀਕਾਕਰਨ ਜਾਗਰੂਕਤਾ ਸਬੰਧੀ ਪੈਂਫਲਿਟ ਵੀ ਜਾਰੀ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਨਾਲ ਜ਼ਿਲ੍ਹੇ ਵਿਚ ਕਾਨੂੰਨ ਵਿਵਸਥਾ ਨੂੰ ਸੁਚਾਰੂ ਰੂਪ ਨਾਲ ਚਲਾਉਣ ਸਬੰਧ ਵੀ ਅਧਿਕਾਰੀਆਂ ਨੂੰ ਉਚਿਤ ਦਿਸ਼ਾ-ਨਿਰਦੇਸ਼ ਦਿੱਤੇ। ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਲਰਾਜ ਸਿੰਘ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਨੇ ਸਿਹਤ ਅਧਿਕਾਰੀਆਂ ਨੂੰ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਲੱਗਣ ਵਾਲੇ ਰੂਟੀਨ ਟੀਕਾਕਰਨ ਨੂੰ ਮਜ਼ਬੂਤ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਦੌਰਾਨ ਉਨ੍ਹਾਂ ਨੇ ਮੀਜ਼ਲ ਰੂਬੇਲਾ ਐਲੀਮਿਨੇਸ਼ਨ ਦੇ ਕੰਮਾਂ ’ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਕਿਹਾ ਕਿ ਦਸਬੰਰ 2023 ਤੱਕ ਇਸ ਬਿਮਾਰੀ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਦੀ ਡਿਜੀਟਲਾਈਜ਼ੇਸ਼ਨ ਹੁਣ ਯੂ-ਵਿਨ ਪੋਰਟਲ ’ਤੇ ਹੋ ਰਹੀ ਹੈ, ਜੋਕਿ ਮੋਬਾਇਲ ਬੈਸਟ ਐਪਲੀਕੇਸ਼ਨ ਹੈ, ਜਿਸ ਵਿਚ ਸਮੂਹ ਏ. ਐਨ.ਐਮਜ਼ ਵਲੋਂ ਟੀਕਾਕਰਨ ਤੋਂ ਬਾਅਦ ਪੂਰੀ ਡਿਟੇਲ ਯੂ-ਵਿਨ ਪੋਰਟਲ ’ਤੇ ਅਪਡੇਟ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਿਸ਼ਨ ਇੰਦਰਧਨੁਸ਼ ਤਹਿਤ ਹੋਣ ਵਾਲੇ ਟੀਕਾਕਰਨ ਨੂੰ ਵੀ ਯੂ-ਵਿਨ ਪੋਰਟਲ ’ਤੇ ਅਪਡੇਟ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ 1-7 ਅਗਸਤ ਤੱਕ ਚੱਲਣ ਵਾਲੇ ਵਿਸ਼ਵ ਸਤਨਪਾਨ ਦਿਵਸ ਦੇ ਸਬੰਧ ਵਿਚ ਨਿਰਦੇਸ਼ ਦਿੱਤੇ ਕਿ ਸਾਰੀਆਂ ਆਸ਼ਾ ਵਰਕਰਾਂ ਰਾਹੀਂ ਮਾਤਾਵਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ ਆਪਣੇ 0-6 ਮਹੀਨੇ ਤੱਕ ਦੇ ਬੱਚਿਆਂ ਨੂੰ ਕੇਵਲ ਮਾਂ ਦਾ ਦੁੱਧ ਹੀ ਪਿਲਾਉਣ ਅਤੇ ਮਾਂ ਦੇ ਦੁੱਧ ਦੇ ਫਾਇਦਿਆਂ ਬਾਰੇ ਵੀ ਜਾਗਰੂਕ ਕਰਨ। ਉਨ੍ਹਾਂ ਸਿਹਤ ਵਿਭਾਗ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਸਰਕਾਰੀ ਸਿਹਤ ਕੇਂਦਰਾਂ ਵਿਚ ਸੁਚਾਰੂ ਢੰਗ ਨਾਲ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਇਕ ਮੁਹਿੰਮ ਦੇ ਤੌਰ ’ਤੇ ਗਤੀਵਿਧੀਆਂ ਹੋਰ ਤੇਜ਼ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕ ਰਾਹੀਂ ਲੋਕਾਂ ਤੱਕ ਬਿਹਰਤ ਢੰਗ ਨਾਲ ਸਿਹਤ ਸੁਵਿਧਾਵਾਂ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਦੀ ਡਿਲੀਵਰੀ ਵੱਧ ਤੋਂ ਵੱਧ ਸਰਕਾਰੀ ਹਸਪਤਾਲਾਂ ਵਿਚ ਕਰਵਾਉਣ ਲਈ ਗਤੀਵਿਧੀਆਂ ਹੋਰ ਤੇਜ਼ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ  ਡਿਲੀਵਰੀ ਦੌਰਾਨ ਬੀ.ਪੀ.ਐਲ. ਪਰਿਵਾਰਾਂ ਨਾਲ ਸਬੰਧਤ ਔਰਤਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਵੀ ਸੁਚਾਰੂ ਢੰਗ ਨਾਲ ਦਿੱਤੀ ਜਾਵੇ। ਉਨ੍ਹਾਂ ਡਰੱਗ ਐਂਡ ਕਾਸਮੈਟਿਕ ਐਕਟ ਤਹਿਤ ਮੈਡੀਕਲ ਸਟੋਰਾਂ ਦੀ ਜਾਂਚ ਯਕੀਨੀ ਬਣਾਉਣ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਬੇਨਿਯਮੀਆਂ ਸਾਹਮਣੇ ਆਉਣ ’ਤੇ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਟੀ.ਬੀ ਦੀ ਬਿਮਾਰੀ ਸਬੰਧੀ ਵੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ ਅਤੇ ਇਸ ਤਰ੍ਹਾਂ ਦੇ ਮਰੀਜ਼ ਸਾਹਮਣੇ ਆਉਣ ’ਤੇ ਉਨ੍ਹਾਂ ਦਾ ਫੌਰੀ ਇਲਾਜ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਇਸ ਤੋਂ ਪਹਿਲਾਂ ਰੋਡ ਸੇਫਟੀ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੜਕ ਹਾਦਸਿਆਂ ਨੂੰ ਰੋਕਣ ਲਈ ਜ਼ਿਲ੍ਹੇ ਵਿਚ ਸ਼ਨਾਖਤ ਕੀਤੇ ਗਏ ਬਲਾਇੰਡ ਸਪਾਟਸ ’ਤੇ ਕੰਮ ਕੀਤਾ ਜਾਵੇ ਅਤੇ ਉਥੇ ਟ੍ਰੈਫਿਕ ਲਾਈਟਾਂ ਤੋਂ ਇਲਾਵਾ ਹਰੇਕ ਜ਼ਰੂਰੀ ਪ੍ਰਬੰਧ ਯਕੀਨੀ ਬਣਾਏ ਜਾਣ, ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੜਕ ਹਾਦਸਿਆਂ ਦੇ ਪੀੜਤਾਂ ਦੀ ਜਾਨ ਬਚਾਉਣ ਵਾਲੇ ਮਦਦਗਾਰ ਵਿਅਕਤੀਆਂ ਨੂੰ 5-5 ਹਜ਼ਾਰ ਰੁਪਏ ਪੁਰਸਕਾਰ ਰਾਸ਼ੀ ਵਜੋਂ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਮਦਦਗਾਰ ਵਿਅਕਤੀ ਨੂੰ ਹਸਪਤਾਲ ਦੇ ਡਾਕਟਰ ਜਾਂ ਪੁਲਿਸ ਦੁਆਰਾ ਗੁੱਡ ਸਮਾਰੀਟਨ ਸਰਟੀਫਿਕੇਟ ਦਿੱਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਜਿਥੇ ਸੇਫ਼ ਸਕੂਲ ਵਾਹਨ ਸਕੀਮ ਦੀ ਸਮੀਖਿਆ ਕੀਤੀ, ਉਥੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਯਕੀਨੀ ਬਣਾਉਣ ਕਿ ਜ਼ਿਲ੍ਹੇ ਦੇ ਕਿਸੇ ਵੀ ਬੱਸ ਸਟੈਂਡ ਦੇ ਬਾਹਰ ਵਾਹਨ ਨਾਲ ਖੜ੍ਹੇ ਹੋਣ। ਉਨ੍ਹਾਂ ਸਕੂਲ ਸਿੱਖਿਆ ਵਿਭਾਗ ਦੇ ਕੰਮਾਂ ਦੀ ਸਮੀਖਿਆ ਕਰਦਿਆਂ ਚੁਣੇ ਗਏ ਪੰਜ ਸਕੂਲ ਆਫ਼ ਐਮੀਨੈਂਸ ’ਤੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮਿਡ-ਡੇ-ਮੀਲ ਤਹਿਤ ਦਿੱਤੇ ਜਾ ਰਹੇ ਖਾਣੇ ਦੀ ਗੁਣਵੱਤਾ ਬਰਕਰਾਰ ਰੱਖਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਸਕੂਲਾਂ ਵਿਚ ਵਾਸ਼ਰੂਮਾਂ ਤੇ ਕਮਰਿਆਂ ਦੀ ਸਾਫ-ਸਫਾਈ ਤੋਂ ਇਲਾਵਾ ਹੋਰ ਸੁਵਿਧਾਵਾਂ ਵੀ ਯਕੀਨੀ ਬਣਾਉਣ, ਤਾਂ ਜੋ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਚੰਗਾ ਮਾਹੌਲ ਮੁਹੱਈਆ ਕਰਵਾਇਆ ਜਾ ਸਕੇ। ਇਸ ਦੌਰਾਨ ਉਨ੍ਹਾਂ ਸਮੱਗਰ ਸਿੱਖਿਆ ਅਭਿਅਨ ਅਤੇ ਸਕੂਲ ਸਿੱਖਿਆ ਵਿਭਾਗ ਦੇ ਹੋਰਨਾਂ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਨਗਰ ਕੌਂਸਲਾਂ ਦੇ ਕਾਰਜਸਾਧਕ ਅਫ਼ਸਰਾਂ ਅਤੇ ਬੀ.ਡੀ.ਪੀ.ਓਜ਼ ਨੂੰ ਪੈਂਡਿੰਗ ਕੰਮ ਜਲਦ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਜਲ ਜੀਵਨ ਮਿਸ਼ਨ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਮਗਨਰੇਗਾ, ਸਮਾਰਟ ਵਿਲੇਜ ਕੰਪੇਨ, ਪੰਜਾਬ ਨਿਰਮਾਣ, ਯੂ.ਈ.ਆਈ.ਪੀ ਪ੍ਰੋਗਰਾਮ, ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ, ਪੋਸ਼ਣ ਅਭਿਆਨ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ, ਜੀ.ਐਸ.ਟੀ, ਐਕਸਾਈਜ, ਇੰਟੀਗੇ੍ਰਟਿਡ ਚਾਈਲਡ ਡਿਵੈਲਪਮੈਂਟ ਸਕੀਮ, ਬੇਟੀ ਬਚਾਓ-ਬੇਟੀ ਪੜ੍ਹਾਓ, ਸਖੀ ਵਨ ਸਟਾਪ ਸੈਂਟਰ, ਖੇਤੀਬਾੜੀ ਵਿਭਾਗ, ਸਮਾਰਟ ਰਾਸ਼ਨ ਕਾਰਡ, ਫੂਡ ਸੇਫਟੀ, ਸਹਿਕਾਰਤਾ ਵਿਭਾਗ, ਪਸ਼ੂ ਪਾਲਣ ਵਿਭਾਗ, ਸਮਾਜਿਕ ਸੁਰੱਖਿਆ ਵਿਭਾਗ ਦੇ ਕੰਮਾਂ ਦੀ ਵੀ ਸਮੀਖਿਆ ਕੀਤੀ।

ਇਸ ਮੌਕੇ ਐਸ.ਪੀ (ਹੈਡ:) ਮਨਜੀਤ ਕੌਰ, ਐਸ.ਡੀ.ਐਮ. ਹੁਸ਼ਿਆਰਪੁਰ ਪ੍ਰੀਤ ਇੰਦਰ ਸਿੰਘ ਬੈਂਸ, ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਆਰ.ਐਸ ਗਿੱਲ, ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਜਿਲ੍ਹਾ ਵਿਕਾਸ ਫੈਲੋ ਜੋਇਆ ਸਦੀਕੀ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ, ਐਸ.ਐਮ.ਓ ਡਾ. ਸਵਾਤੀ ਸ਼ੀਂਮਾਰ, ਸਚਦੇਵਾ ਸਟਾਕਸ ਤੋਂ ਰਣਵੀਰ ਸਚਦੇਵਾ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

 ਮਿਸ਼ਨ ਇੰਦਰਧਨੁਸ਼ ਪ੍ਰੋਗਰਾਮ ਤਹਿਤ ਜ਼ਿਲ੍ਹੇ ’ਚ ਟੀਕਾਕਰਨ ਤੋਂ ਰਹਿ ਗਏ ਬੱਚਿਆਂ ਦਾ ਟੀਕਾਕਰਨ ਬਣਾਇਆ ਜਾਵੇਗਾ ਯਕੀਨੀ : ਕੋਮਲ ਮਿੱਤਲ
  • Title : ਮਿਸ਼ਨ ਇੰਦਰਧਨੁਸ਼ ਪ੍ਰੋਗਰਾਮ ਤਹਿਤ ਜ਼ਿਲ੍ਹੇ ’ਚ ਟੀਕਾਕਰਨ ਤੋਂ ਰਹਿ ਗਏ ਬੱਚਿਆਂ ਦਾ ਟੀਕਾਕਰਨ ਬਣਾਇਆ ਜਾਵੇਗਾ ਯਕੀਨੀ : ਕੋਮਲ ਮਿੱਤਲ
  • Posted by :
  • Date : जुलाई 29, 2023
  • Labels :
  • Blogger Comments
  • Facebook Comments

0 comments:

एक टिप्पणी भेजें

Top