*ਸਰਕਾਰ ਕੰਪਿਊਟਰ ਅਧਿਆਪਕਾਂ ਨਾਲ ਚੋਣਾਂ ਦੌਰਾਨ ਕੀਤਾ ਵਾਇਦਾ ਪੂਰਾ ਕਰੇ:- ਨਰਿੰਦਰ ਅਜਨੋਹਾ
ਹੁਸ਼ਿਆਰਪੁਰ =ਦਲਜੀਤ ਅਜਨੋਹਾ
ਪੰਜਾਬ ਦੀ ਸੱਤਾ ਤੇ ਕਾਬਜ ਹੋਣ ਤੋਂ ਪਹਿਲਾਂ ਆਮ ਆਦਮੀ ਦੀ ਗੱਲ ਕਰਨ ਵਾਲੀ ਅਤੇ ਮੁਲਾਜਮਾਂ ਲਈ ਪਹਿਲੀ ਕੈਬਨਿਟ ਮੀਟਿੰਗ ਵਿੱਚ ਹਰੇ ਪੈਨ ਨਾਲ ਸੇਵਾਵਾਂ ਰੈਗੂਲਰ ਕਰਨ ਵਾਲੀ ਭਗਵੰਤ ਮਾਨ ਸਰਕਾਰ, ਸੰਗਰੂਰ ਵਿਖੇ ਕੰਪਿਊਟਰ ਅਧਿਆਪਕਾਂ ਵਲੋਂ ਕੀਤੀ 'ਕਰੋ ਜਾਂ ਮਰੋ ਰੈਲੀ ਵਿੱਚ' ਸੇਵਾਵਾਂ ਰੈਗੂਲਰ ਕਰਨ ਦੀ ਬਜਾਏ ਲਾਠੀਚਾਰਜ ਕਰਵਾ ਕੇ ਤਸ਼ੱਦਦ ਢਾਅ ਰਹੀ ਹੈ। ਸਰਕਾਰ ਲਈ ਇਹ ਕਦਮ ਆਉਣ ਵਾਲੇ ਸਮੇਂ ਵਿੱਚ ਘਾਤਕ ਸਿੱਧ ਹੋਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੌਰਮਿੰਟ ਟੀਚਰ ਯੂਨੀਅਨ ਬਲਾਕ ਕੋਟ ਫਤੂਹੀ ਦੇ ਪ੍ਰਧਾਨ ਨਰਿੰਦਰ ਅਜਨੋਹਾ , ਕੰਪਿਊਟਰ ਅਧਿਆਪਕ ਅਮਨਜੀਤ ਕੌਰ ਅਤੇ ਦੀਪਕ ਕੁਮਾਰ ਨੇ ਮੀਟਿੰਗ ਵਿੱਚ ਕੀਤਾ। ਜਨਰਲ ਸਕੱਤਰ ਉਂਕਾਰ ਸਿੰਘ ਅਤੇ ਵਿੱਤ ਸਕੱਤਰ ਹਰਮਨੋਜ ਕੁਮਾਰ ਨੇ ਕਿਹਾ ਕਿ ਪੰਜਾਬ ਵਿੱਚ ਇੱਕ ਪਾਸੇ ਹੜਾਂ ਨੇ ਤਬਾਹੀ ਮਚਾਈ ਹੋਈ ਹੈ, ਲੋਕ ਘਰਾਂ ਤੋਂ ਬੇਘਰ ਹੋ ਰਹੇ ਹਨ, ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਰਹੀਆਂ ਹਨ, ਹੱਕ ਮੰਗਦੇ ਮੁਲਾਜਮਾਂ ਤੇ ਸਰਕਾਰ ਪੁਲਿਸ ਤਸ਼ੱਦਦ ਕਰਵਾ ਰਹੀ ਹੈ ਅਤੇ ਭਗਵੰਤ ਮਾਨ ਦੂਜੇ ਸੂਬਿਆਂ ਵਿੱਚ ਪਾਰਟੀ ਪ੍ਰਚਾਰ ਵਿੱਚ ਮਸਤ ਹਨ। ਆਗੂਆਂ ਵਲੋਂ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਕੰਪਿਊਟਰ ਅਧਿਆਪਕਾਂ ਨੂੰ ਬਿਨਾਂ ਸ਼ਰਤ ਸਿੱਖਿਆ ਮਹਿਕਮੇ ਵਿੱਚ ਮਰਜ ਕਰਕੇ ਬਣਦੇ ਹੱਕ ਦੇ ਕੇ ਇਹਨਾਂ ਨਾਲ ਇਨਸਾਫ ਕਰੇ ਨਹੀਂ ਤਾਂ ਸਰਕਾਰ ਸੰਘਰਸ਼ ਲਈ ਤਿਆਰ ਰਹੇ। ਮੁਲਾਜਮਾਂ ਨੇ ਸਰਕਾਰ ਦੀ ਇਸ ਕਾਰਵਾਈ ਵਿਰੁੱਧ ਕਾਲੇ ਬਿੱਲੇ ਲਗਾ ਕੇ ਆਪਣੇ ਰੋਸ ਦਾ ਇਜਹਾਰ ਕੀਤਾ।ਇਸ ਮੌਕੇ ਰਾਜਵਿੰਦਰ ਕੌਰ, ਲਵਦੀਪ ਕੌਰ, ਅਬਿਨਾਸ਼ ਕੌਰ, ਜਸਪ੍ਰੀਤ ਕੌਰ, ਜਤਿੰਦਰ ਸਿੰਘ, ਧਰਮਿੰਦਰ ਸਿੰਘ, ਹਾਫਿਜ ਪਦਮ, ਬਲਵਿੰਦਰ ਸਿੰਘ ਅਤੇ ਸੋਹਣ ਸਿੰਘ ਹਾਜਰ ਸਨ।*
0 comments:
एक टिप्पणी भेजें