-ਮਿਸ਼ਨ ਇੰਦਰਧਨੁਸ਼ ਤਹਿਤ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਤੇ ਗਰਭਵਤੀ ਔਰਤਾਂ ਦਾ ਕੀਤਾ ਜਾਵੇਗਾ ਟੀਕਾਕਰਨ : ਰਾਹੁਲ ਚਾਬਾ
-ਵਧੀਕ ਡਿਪਟੀ ਕਮਿਸ਼ਨਰ ਨੇ ਟੀਕਾਕਰਨ ਸਬੰਧੀ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਦੀ ਕੀਤੀ ਪ੍ਰਧਾਨਗੀ
-ਕਿਹਾ, ਟੀਕਾਕਰਨ ਦੀ ਮਜ਼ਬੂਤੀ ਲਈ ਯੂ-ਵਿਨ ਪੋਰਟਲ ’ਤੇ ਅਪਲੋਡ ਕੀਤਾ ਜਾਵੇਗਾ ਟੀਕਾਕਰਨ ਦਾ ਡਾਟਾ
ਹੁਸ਼ਿਆਰਪੁਰ= ਦਲਜੀਤ ਅਜਨੋਹਾ
ਟੀਕਾਕਰਨ ਸਬੰਧੀ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ। ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵਿੰਦਰ ਕੁਮਾਰ ਡਮਾਣਾ ਦੀ ਅਗਵਾਈ ਵਿਚ ਆਯੋਜਿਤ ਇਸ ਮੀਟਿੰਗ ਵਿਚ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਵਲੋਂ ਜ਼ਿਲ੍ਹੇ ਵਿਚ ਚੱਲ ਰਹੀਆਂ ਰੂਟੀਨ ਟੀਕਾਕਰਨ ਸੇਵਾਵਾਂ, ਮੀਜਲ ਰੁਬੇਲਾ ਦੇ ਖਾਤਮੇ ਅਤੇ ਸਤੰਬਰ ਮਹੀਨੇ ਤੋਂ ਸ਼ੁਰੂ ਹੋ ਰਹੇ ਮਿਸ਼ਨ ਇੰਦਰਧਨੁਸ਼ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ (ਜ) ਨੇ ਦੱਸਿਆ ਕਿ ਮੀਜਲ ਤੇ ਰੁਬੇਲਾ ਦੇ ਖਾਤਮੇ ਲਈ ਸਿਹਤ ਵਿਭਾਗ ਵਲੋਂ ਦਸੰਬਰ 2023 ਦਾ ਟੀਚਾ ਰੱਖਿਆ ਗਿਆ ਹੈ। ਇਸ ਦੇ ਖਾਤਮੇ ਲਈ ਐਮ.ਆਰ ਵੈਕਸੀਨ ਲਗਾਈ ਜਾ ਰਹੀ ਹੈ, ਜਿਸ ਦੀ ਜ਼ਿਲ੍ਹੇ ਦੀ ਕਵਰੇਜ਼ 95 ਫੀਸਦੀ ਤੋਂ ਵੱਧ ਹੈ। ਉਨ੍ਹਾਂ ਦੱਸਿਆ ਕਿ ਇੰਟੈਨਸੀਫਾਈਡ ਮਿਸ਼ਨ ਇੰਦਰਧਨੁਸ਼ 5.0 ਦੀ ਸ਼ੁਰੂਆਤ ਸਤੰਬਰ ਮਹੀਨੇ ਤੋਂ ਹੋ ਰਹੀ ਹੈ। ਇਸ ਮੁਹਿੰਮ ਤਹਿਤ ਕਿਸੇ ਕਾਰਨ ਕਰਕੇ ਟੀਕਾਕਰਨ ਤੋਂ ਵਾਂਝੇ ਰਹਿ ਗਏ ਅਤੇ ਅਧੁਰੇ ਰਹਿ ਗਏ 0 ਤੋਂ 5 ਸਾਲ ਤੱਕ ਦੇ ਬੱਚਿਆਂ ਤੇ ਗਰਭਵਤੀ ਔਰਤਾਂ ਦਾ ਟੀਕਾਰਕਨ ਕੀਤਾ ਜਾਵੇਗਾ ਅਤੇ ਇਹ ਮੁਹਿੰਮ 3 ਪੜਾਵਾਂ ਵਿਚ ਚੱਲੇਗੀ।
ਰਾਹੁਲ ਚਾਬਾ ਨੇ ਕਿਹਾ ਕਿ ਟੀਕਾਕਰਨ ਦੀ ਮਜ਼ਬੂਤੀ ਲਈ ਸ਼ੁਰੂ ਕੀਤਾ ਗਿਆ ਯੂ-ਵਿਨ ਪੋਰਟਲ ਮੈਨਡੇਟਰੀ ਹੈ, ਜਿਸ ਲਈ ਮਨ੍ਹਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਇਸ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਨੇ ਦੱਸਿਆ ਕਿ ਇਸ ਦੌਰਾਨ ਲਗਾਤਾਰ 6 ਦਿਨ ਟੀਕਾਕਰਨ ਕੀਤਾ ਜਾਵੇਗਾ। ਇਸ ਦਾ ਪਹਿਲਾ ਰਾਊਂਡ 11 ਸਤੰਬਰ ਤੋਂ 16 ਸਤੰਬਰ, ਦੂਜਾ ਰਾਊਂਡ 9 ਅਕਤੂਬਰ ਤੋਂ 14 ਅਕਤੂਬਰ ਅਤੇ ਤੀਜਾ ਰਾਊਂਡ 20 ਨਵੰਬਰ ਤੋਂ 25 ਨਵੰਬਰ ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਯੂ-ਵਿਨ ਪੋਰਟਲ ’ਤੇ ਸਾਰਾ ਡਾਟਾ ਅਪਲੋਡ ਕੀਤਾ ਜਾਵੇਗਾ, ਜਿਸ ਨਾਲ ਕਰਵਾਏ ਗਏ ਟੀਕਾਕਰਨ ਸਬੰਧੀ ਜਾਣਕਾਰੀ ਕਿਤੇ ਵੀ ਕਿਸੇ ਸਮੇਂ ਵੀ ਮਿਲ ਸਕੇਗੀ। ਉਨ੍ਹਾਂ ਰੂਟੀਨ ਟੀਕਾਕਰਨ ਨੂੰ ਮਜ਼ਬੂਤ ਕਰਨ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤੇ ਕੁਝ ਬਲਾਕਾਂ ਵਿਚ ਸਟਾਫ਼ ਦੀ ਕਮੀ ਸਬੰਧੀ ਜਾਣੂ ਕਰਵਾਇਆ।
ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡਮਾਣਾ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਭਰੋਸਾ ਦਿਵਾਇਆ ਗਿਆ ਕਿ ਟੀਕਾਕਰਨ ਸਬੰਧੀ ਸਾਰਾ ਡਾਟਾ ਯੂ-ਵਿਨ ਪੋਰਟਲ ’ਤੇ ਸਮੇਂ ਸਿਰ ਅਪਲੋਡ ਕੀਤਾ ਜਾਵੇਗਾ। ਉਨ੍ਹਾਂ ਸਮੂਹ ਐਸ.ਐਮ.ਓਜ਼ ਨੂੰ ਇਸ ਦਾ ਹੱਲ ਜਲਦ ਤੋਂ ਜਲਦ ਆਪਣੇ ਪੱਧਰ ’ਤੇ ਕਰਨ ਦੇ ਨਿਰਦੇਸ਼ ਦਿੱਤੇ।
ਮੀਟਿੰਗ ਵਿਚ ਮੈਡੀਕਲ ਅਫ਼ਸਰ ਡਬਲਯੂ.ਐਚ.ਓ ਡਾ. ਗਗਨ ਸ਼ਰਮਾ, ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਸਿਵਲ ਹਸਪਤਾਲ ਡਾ. ਸਵਾਤੀ ਸ਼ੀਮਾਰ, ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਮੋਹਲ ਸਿੰਘ, ਸਮੂਹ ਬਲਾਕਾਂ ਦੇ ਐਸ.ਐਮ.ਓਜ਼, ਡਾ. ਮੀਤ ਦਵਿੰਦਰ ਸਿਘੰ, ਡਿਪਟੀ ਮਾਸ ਮੀਡੀਆ ਅਫ਼ਸਰ ਰਮਨਦੀਪ ਕੌਰ, ਡੀ.ਪੀ.ਐਮ ਮੁਹੰਮਦ ਆਸਿਫ, ਬੀ.ਸੀ.ਸੀ. ਐਮ ਉਪਕਾਰ ਸਿੰਘ, ਬੀ.ਸੀ.ਸੀ. ਕੋਆਰਡੀਨੇਟਰ ਅਮਨਦੀਪ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਹਾਜ਼ਰ ਸਨ। ੂ
(ਬਾਕਸ)
ਮਾਤਾ ਚਿੰਤਪੁਰਨੀ ਮੇਲੇ ਦੌਰਾਨ ਚੌਹਾਲ ’ਚ ਕੀਤਾ ਗਿਆ ਵਿਸ਼ੇਸ਼ ਟੀਕਾਕਰਨ ਦਾ ਪ੍ਰਬੰਧ
ਡਾ. ਸੀਮਾ ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਤਾ ਚਿੰਤਪੁਰਨੀ ਮੇਲੇ ਦੇ ਮੱਦੇਨਜ਼ਰ ਈ.ਐਸ.ਆਈ ਡਿਸਪੈਂਸਰੀ ਚੌਹਾਲ ਵਿਚ ਵਿਸ਼ੇਸ਼ ਤੌਰ ’ਤੇ ਟੀਕਾਕਰਨ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਵਿਚ 0 ਤੋਂ 5 ਸਾਲ, 10 ਤੋਂ 16 ਸਾਲ ਦੇ ਬੱਚਿਆਂ ਤੇ ਗਰਭਵਤੀ ਔਰਤਾਂ ਲਈ ਟੀਕਾਕਰਨ ਸੁਵਿਧਾ 25 ਅਗਸਤ ਤੱਕ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਰੋਜ਼ਾਨਾ ਦਿੱਤੀ ਜਾਵੇਗੀ।
0 comments:
एक टिप्पणी भेजें