ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਨਹੀਂ ਰਹੇ।
ਚੰਡੀਗੜ੍ਹ, 4 ਅਗਸਤ, ਡ ਰਾਕੇਸ਼ ਪੁੰਜ
ਪੰਜਾਬੀ ਦੇ ਸਿਰਕੱਢ ਅਖ਼ਬਾਰ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਦਾ ਅੱਜ ਦੇਹਾਂਤ ਹੋ ਗਿਆ।ਉਹਨਾਂ 83 ਸਾਲ ਦੀ ਉਮਰ ਵਿਚ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਦਿੱਤਾ। ਉਹ ਇਕ ਦ੍ਰਿੜ੍ਹ ਇਰਾਦੇ ਵਾਲੇ ਅਤੇ ਸੁਲਝੇ ਹੋਏ ਇਨਸਾਨ ਸਨ। ਮਿਲੀ ਜਾਣਕਾਰੀ ਮੁਤਾਬਕ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ਅਤੇ ਉਹਨਾਂ ਦਾ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਉਹ ਆਪਣੇ ਪਿੱਛੇ ਦੋ ਬੇਟੀਆਂ ਅਤੇ ਪਤਨੀ ਛੱਡ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਸੋਮਵਾਰ 5 ਅਗਸਤ ਨੂੰ ਦੁਪਹਿਰ 12 ਵਜੇ ਚੰਡੀਗੜ੍ਹ ਦੇ ਸੈਕਟਰ 25 ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।
ਪੱਤਰਕਾਰਤਾ ਦੇ ਖੇਤਰ ਵਿਚ ਉਹਨਾਂ ਨੇ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਨੂੰ ਪ੍ਰਫੁਲਿਤ ਕਰਨ ਲਈ ਸੰਨ 1994 ਵਿਚ ਮਹੀਨਾਵਾਰ ਮੈਗਜ਼ੀਨ ਸਪੋਕਸਮੈਨ ਰਾਹੀਂ ਵਿਸ਼ਵ ਭਰ ਵਿਚ ਸਿੱਖ ਮੁੱਦਿਆਂ ਨੂੰ ਉਠਾਇਆ, ਜਿਸ ਨਾਲ ਮੈਗਜ਼ੀਨ ਨੂੰ ਕਾਫੀ ਪ੍ਰਸਿੱਧੀ ਮਿਲੀ। ਉਪਰੰਤ 2005 ਵਿਚ ਉਹਨਾਂ ਮੋਹਾਲੀ ਤੋਂ ਰੋਜ਼ਾਨਾ ਸਪੋਕਸਮੈਨ ਅਖਬਾਰ ਦੀ ਸ਼ੁਰੂਆਤ ਕੀਤੀ। ਉਹਨਾਂ ਦੀ ਲੇਖਣੀ ਅਤੇ ਦੂਰਅੰਦੇਸ਼ੀ ਸਦਕਾ ਦੁਨੀਆ ਭਰ ਦੇ ਲੋਕਾਂ ਨੇ ਅਖਬਾਰ ਨੂੰ ਭਰਵਾਂ ਪਿਆਰ ਦਿੱਤਾ।
ਉਨ੍ਹਾਂ ਨੇ ਹਮੇਸ਼ਾ ਰਾਜ ਸਰਕਾਰ ਦੇ ਭ੍ਰਿਸ਼ਟਾਚਾਰ ਅਤੇ ਕੁਸ਼ਾਸਨ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ। ਉਨ੍ਹਾਂ ਦੀ ਅਵਾਜ਼ ਨੂੰ ਦਬਾਉਣ ਦੀਆਂ ਬੇਅੰਤ ਕੋਸ਼ਿਸ਼ਾਂ ਹੋਈਆਂ ਪਰ ਸਭ ਵਿਅਰਥ ਗਈਆਂ ਅਤੇ ਰੋਜ਼ਾਨਾ ਸਪੋਕਸਮੈਨ ਉਨ੍ਹਾਂ ਦੀ ਅਗਵਾਈ ਵਿੱਚ ਇੱਕ ਸੁਤੰਤਰ ਪ੍ਰਿੰਟ ਅਤੇ ਡਿਜੀਟਲ ਮੀਡੀਆ ਪੱਤਰਕਾਰੀ ਵਿਚ ਤੇਜ਼ੀ ਨਾਲ ਲੋਕਾਂ ’ਚ ਮਕਬੂਲੀਅਤ ਹਾਸਲ ਕਰ ਗਿਆ। ਇਸ ਕਾਰਜ ਲਈ ਉਹਨਾਂ ਦੀ ਧਰਮਪਤਨੀ ਅਤੇ ਅਖ਼ਬਾਰ ਦੀ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਜਗਜੀਤ ਕੌਰ ਨੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਜ਼ਿੰਦਗੀ ਭਰ ਸਾਥ ਨਿਭਾਇਆ। ਉਹਨਾਂ ਦੀ ਮੌਤ ਨਾਲ ਪੰਜਾਬੀ ਪੱਤਰਕਾਰੀ ਵਿਚ ਇਕ ਵੱਡਾ ਖਲਾਅ ਪੈਦਾ ਹੋ ਗਿਆ ਹੈ।
ਉਨ੍ਹਾਂ ਦਾ ਜਨਮ 20 ਫਰਵਰੀ 1941 ਨੂੰ ਕਸਬਾ ਚੇਲੀਆਂਵਾਲਾ (ਪਾਕਿਸਤਾਨ) ਵਿਖੇ ਡਾ. ਇੰਦਰਜੀਤ ਸਿੰਘ ਤੇ ਮਾਤਾ ਸੁੰਦਰ ਕੌਰ ਦੇ ਘਰ ਹੋਇਆ। ਉਨ੍ਹਾਂ ਨੇ ਮੈਟਰਿਕ ਤੇ ਬੀ.ਏ. ਮੁਕੰਦ ਲਾਲ ਨੈਸ਼ਨਲ ਹਾਈ ਸਕੂਲ/ਕਾਲਜ, ਯਮੁਨਾ ਨਗਰ ਤੋਂ ਅਤੇ ਕਾਨੂੰਨ ਦੀ ਪੜ੍ਹਾਈ (ਐਲ.ਐਲ.ਬੀ.) ਚੰਡੀਗੜ੍ਹ ਤੋਂ ਕੀਤੀ।
#JoginderSingh #RozanaSpokesman #abcpunjab
0 comments:
एक टिप्पणी भेजें