ਸਟੇਟ ਬੈਂਕ ਆਫ ਇੰਡੀਆ ਵੱਲੋਂ ਲੋਨ ਲੈਣ ਵਾਲੇ ਵਿਅਕਤੀ ਦੀ ਅਸਲ ਰਜਿਸਟਰੀ ਗੁੰਮ ਕਰਨ ਦੇ ਸਬੰਧ ਵਿੱਚ 1,00,000/- ਰੁਪਏ ਹਰਜ਼ਾਨਾ ਅਤੇ 15,000/- ਰੁਪਏ ਖਰਚਾ ਮੁਕੱਦਮਾ ਅਦਾ ਕਰਨ ਦਾ ਹੁਕਮ
ਬਰਨਾਲਾ
ਮਾਨਯੋਗ ਉਪਭੋਗਤਾ ਕਮਿਸ਼ਨ ਬਰਨਾਲਾ ਦੇ ਪ੍ਰਧਾਨ ਅਸ਼ੀਸ਼ ਕੁਮਾਰ ਗਰੋਵਰ ਅਤੇ ਮੈਂਬਰ ਨਵਦੀਪ ਕੁਮਾਰ ਗਰਗ ਅਤੇ ਮੈਂਬਰ ਉਰਮਿਲਾ ਕੁਮਾਰੀ ਦੇ ਬੈਂਚ ਵੱਲੋਂ ਸਟੇਟ ਬੈਂਕ ਆਫ ਇੰਡੀਆ, ਐਸ.ਐਮ.ਈ. ਬਰਾਂਚ ਨੇੜੇ ਸਿਵਲ ਹਸਪਤਾਲ ਬਰਨਾਲਾ ਨੂੰ ਲੋਨ ਲੈਣ ਵਾਲੀ ਅੋਰਤ ਰਾਜ ਰਾਣੀ ਪਤਨੀ ਵਿਜੈ ਕੁਮਾਰ ਵਾਸੀ ਲੱਖੀ ਕਲੋਨੀ, ਬਰਨਾਲਾ ਦੀ ਅਸਲ ਰਜਿਸਟਰੀ ਗੁੰਮ ਕਰਨ ਦੇ ਸਬੰਧ ਵਿੱਚ 1,00,000/- ਰੁਪਏ ਹਰਜ਼ਾਨਾ ਅਤੇ 15,000/- ਰੁਪਏ ਖਰਚਾ ਮੁਕੱਦਮਾ ਅਦਾ ਕਰਨ ਦਾ ਹੁਕਮ ਸਾਦਰ ਫਰਮਾਇਆ ਗਿਆ। ਸ੍ਰੀ ਚੰਦਰ ਬਾਂਸਲ, ਐਡਵੋਕੇਟ, ਬਰਨਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਜ ਰਾਣੀ ਪਤਨੀ ਵਿਜੈ ਕੁਮਾਰ ਵਾਸੀ ਬਰਨਾਲਾ ਵੱਲੋਂ ਆਪਣੇ ਮਕਾਨ ਪਰ 10,50,000/- ਰੁਪਏ ਦਾ ਸਟੇਟ ਬੈਂਕ ਆਫ ਇੰਡੀਆ, ਐਸ.ਐਮ.ਈ. ਬਰਾਂਚ ਬਰਨਾਲਾ ਪਾਸੋਂ ਲੋਨ ਹਾਸਲ ਕੀਤਾ ਗਿਆ ਸੀ। ਜਿਸਦੇ ਸਬੰਧ ਵਿੱਚ ਆਪਣੀ ਅਸਲ ਰਜਿਸਟਰੀ ਬਤੌਰ ਗਾਰੰਟੀ ਬੈਂਕ ਪਾਸ ਜਮ੍ਹਾਂ ਕਰਵਾਈ ਗਈ ਸੀ । ਜੋ ਬਾਦ ਵਿੱਚ ਉਕਤ ਰਾਜ ਰਾਣੀ ਵੱਲੋਂ ਬੈਂਕ ਦੀ ਸਾਰੀ ਰਕਮ ਅਦਾ ਕਰਕੇ “ਬਕਾਇਆ ਨਹੀਂ ਦਾ ਸਰਟੀਫਿਕੇਟ" ਹਾਸਲ ਕੀਤਾ ਗਿਆ ਪ੍ਰੰਤੂ ਬੈਂਕ ਵੱਲੋਂ ਅਸਲ ਰਜਿਸਟਰੀ ਇਹ ਕਹਿ ਕੇ ਕਿ ਗੁੰਮ ਹੋ ਗਈ ਹੈ, ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਤੋਂ ਬਾਦ ਰਾਜ ਰਾਣੀ ਵੱਲੋਂ ਸ਼੍ਰੀ ਚੰਦਰ ਬਾਂਸਲ, ਐਡਵੋਕੇਟ, ਬਰਨਾਲਾ ਰਾਹੀਂ ਸਟੇਟ ਬੈਂਕ ਆਫ ਇੰਡੀਆ, ਐਸ.ਐਮ.ਈ. ਬਰਾਂਚ ਨੇੜੇ ਸਿਵਲ ਹਸਪਤਾਲ ਬਰਨਾਲਾ ਦੇ ਖਿਲਾਫ ਕੇਸ ਦਾਇਰ ਕੀਤਾ ਗਿਆ ਜੋ ਮਾਨਯੋਗ ਉਪਭੋਗਤਾ ਕਮਿਸ਼ਨ ਨੇ ਚੰਦਰ ਬਾਂਸਲ ਐਡਵੋਕੇਟ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਬੈਂਕ ਨੇ ਆਪਣੇ ਜਵਾਬ ਦਾਵਾ ਵਿੱਚ ਰਜਿਸਟਰੀ ਗੁੰਮ ਹੋਣ ਦੀ ਗੱਲ ਨੂੰ ਖੁਦ ਮੰਨਿਆ ਹੈ ਜੋ ਬੈਂਕ ਦੀ ਲਾਪਰਵਾਹੀ ਅਤੇ ਗਲਤੀ ਦਾ ਨਤੀਜਾ ਹੈ ਅਤੇ ਬੈਂਕ ਦੀ ਗਲਤੀ ਕਾਰਨ ਰਾਜ ਰਾਣੀ ਬਿਨਾਂ ਅਸਲ ਰਜਿਸਟਰੀ ਤੋਂ ਨਾ ਤਾਂ ਆਪਣੀ ਪ੍ਰੋਪਰਟੀ ਕਿਸੇ ਪਾਸ ਅੱਗੇ ਵੇਚ ਸਕਦੀ ਹੈ ਅਤੇ ਨਾ ਹੀ ਕਿਸੇ ਹੋਰ ਬੈਂਕ ਪਾਸੋਂ ਜ਼ਰੂਰਤ ਪੈਣ ਤੇ ਕੋਈ ਲੋਨ ਹਾਸਲ ਕਰ ਸਕਦੀ ਹੈ, ਸਟੇਟ ਬੈਂਕ ਆਫ ਇੰਡੀਆ, ਐਸ.ਐਮ.ਈ. ਬਰਾਂਚ ਨੇੜੇ ਸਿਵਲ ਹਸਪਤਾਲ ਬਰਨਾਲਾ ਨੂੰ 1,00,000/- ਰੁਪਏ ਹਰਜ਼ਾਨਾ ਅਤੇ 15,000/- ਰੁਪਏ ਖਰਚਾ ਮੁਕੱਦਮਾ ਅਦਾ ਕਰਨ ਦਾ ਹੁਕਮ ਸਾਦਰ ਫਰਮਾਇਆ ਗਿਆ।
0 comments:
एक टिप्पणी भेजें