ਬਰਨਾਲਾ ਜ਼ਿਲ੍ਹਾ ਪ੍ਰਧਾਨ ਨੇ ਸਮਰਥਕਾਂ ਨਾਲ ਮਿਲ ਕੇ ਕੀਤੀ ਪ੍ਰੈਸ ਕਾਨਫਰੰਸ
ਪਾਰਟੀ ਤੇ ਵਰਕਰਾਂ ਨੂੰ ਅਣਗੌਲਿਆਂ ਕਰਨ ਦੇ ਲਗਾਏ ਆਰੋਪ।
ਟਿਕਟ ਦੇ ਸਨ ਮੁੱਖ ਦਾਅਵੇਦਾਰ ।
ਦਿਖਾਏ ਬਗਾਵਤੀ ਤੇਵਰ ।
ਬਰਨਾਲਾ,20 ਅਕਤੂਬਰ
-ਬਰਨਾਲਾ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਲਈ ਟਿਕਟ ਦਾ ਐਲਾਨ ਹੋਣ ਤੋਂ ਤੁਰੰਤ ਬਾਅਦ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਬਗਾਵਤ ਦਾ ਬਿਗਲ ਵਜਾ ਦਿੱਤਾ ਹੈ। ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ ਪੋਸਟ ਰਾਹੀਂ ਆਮ ਆਦਮੀ ਪਾਰਟੀ ਦੇ ਸਮਰਪਿਤ ਵਰਕਰਾਂ ਨੂੰ ਸੁਨੇਹਾ ਦਿੱਤਾ ਕਿ ਉਹ ਆਮ ਆਦਮੀ ਪਾਰਟੀ ਵਿੱਚ ਫੈਲ ਚੁੱਕੇ ਪਰਿਵਾਰਵਾਦ ਦੇ ਖ਼ਿਲਾਫ਼ ਝੰਡਾ ਚੁੱਕਣ ਲਈ ਤਿਆਰ ਰਹਿਣ। ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਉਹ ਜਲਦੀ ਹੀ ਕੋਈ ਵੱਡਾ ਫੈਸਲਾ ਲੈਣਗੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਈ ਸਾਲਾਂ ਤੋਂ ਪਾਰਟੀ ਦੀ ਖਾਤਰ ਮਰ ਮਿਟ ਕੇ ਮਿਹਨਤ ਕਰਨ ਵਾਲੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਅੱਖੋਂ ਪਰੋਖੇ ਕੀਤਾ ਹੈ। ਪਾਰਟੀ ਵਿੱਚ ਫੈਲ ਚੁੱਕੇ ਪਰਿਵਾਰਵਾਦ ਦਾ ਜ਼ਿਕਰ ਕਰਦੇ ਹੋਏ ਗੁਰਦੀਪ ਸਿੰਘ ਬਾਠ ਨੇ ਬਰਨਾਲਾ ਦੇ ਨਾਲ ਨਾਲ ਗਿੱਦੜਬਿਹਾ ਤੇ ਚੱਬੇਵਾਲ ਦੀ ਟਿਕਟ ਦਾ ਵੀ ਜ਼ਿਕਰ ਕੀਤਾ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੀ ਸਿਫਾਰਸ਼ ‘ਤੇ ਉਹਨਾਂ ਦੇ ਨੇੜਲੇ ਸਾਥੀ ਹਰਿੰਦਰ ਸਿੰਘ ਧਾਲੀਵਾਲ ਨੂੰ ਟਿਕਟ ਦਿੱਤੀ ਹੈ। ਮੰਨਿਆ ਜਾ ਰਿਹਾ ਸੀ ਕਿ ਪਾਰਟੀ ਹਾਈ ਕਮਾਂਡ ਗੁਰਦੀਪ ਸਿੰਘ ਬਾਠ ਨੂੰ ਮਨਾ ਕੇ ਹਰਿੰਦਰ ਧਾਲੀਵਾਲ ਦੀ ਚੋਣ ਮੁਹਿੰਮ ਵਿੱਚ ਨਾਲ ਤੋਰ ਲਵੇਗੀ ਪ੍ਰੰਤੂ ਟਿਕਟ ਦਾ ਐਲਾਨ ਹੋਣ ਤੋਂ ਕੁਝ ਸਮਾਂ ਬਾਅਦ ਹੀ ਗੁਰਦੀਪ ਸਿੰਘ ਬਾਠ ਦੀ ਸੋਸ਼ਲ ਮੀਡੀਆ ‘ਤੇ ਇਹ ਵਾਇਰਲ ਵੀਡੀਓ ਨੇ ਆਮ ਆਦਮੀ ਪਾਰਟੀ ‘ਚ ਤਰਥੱਲੀ ਮਚਾ ਦਿੱਤੀ ਹੈ। ਇੱਕ ਪਾਸੇ ਮੈਂਬਰ ਪਾਰਲੀਮੈਂਟ ਦੇ ਖੇਮੇ ਵੱਲੋਂ ਹਰਿੰਦਰ ਧਾਲੀਵਾਲ ਨੂੰ ਟਿਕਟ ਮਿਲਣ ਦੀ ਖੁਸ਼ੀ ਵਿੱਚ ਲੱਡੂ ਵੰਡਣ ਦੀ ਪ੍ਰੋਗਰਾਮ ਬਣਾਇਆ ਜਾ ਰਿਹਾ ਦੂਜੇ ਪਾਸੇ ਜ਼ਿਲ੍ਹਾ ਪ੍ਰਧਾਨ ਦੇ ਖੇਮੇ ਨੇ ਖੁਸ਼ੀ ਦੇ ਲੱਡੂਆਂ ਵਿੱਚ ਬਗਾਵਤ ਰੂਪੀ ਰੇਤਾ ਪਾ ਦਿੱਤਾ ਹੈ। ਇੱਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਗੁਰਦੀਪ ਸਿੰਘ ਬਾਠ ਨੂੰ ਉਹੀ ਵਰਕਰ ਟਿਕਟ ਦੇਣ ਦੀ ਮੰਗ ਕਰ ਰਹੇ ਸਨ ਜਿਹੜੇ ਕਿ ਪਿਛਲੀਆਂ ਕਈ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਦਿੱਗਜ ਆਗੂਆਂ ਨੂੰ ਪਟਕਣੀ ਦੇ ਕੇ ਮੀਤ ਹੇਅਰ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ। ਦੂਜੇ ਪਾਸੇ ਚਰਚਾ ਇਹ ਵੀ ਹੈ ਕਿ ਗੁਰਦੀਪ ਸਿੰਘ ਬਾਠ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਚੋਣ ਲੜਨ ਦਾ ਮਨ ਬਣਾ ਰਹੇ ਹਨ। ਬਾਠ ਦੇ ਇੱਕ ਨੇੜਲੇ ਸਾਥੀ ਨੇ ਦੱਸਿਆ ਕਿ ਗੁਰਦੀਪ ਸਿੰਘ ਬਿਠ ਖੁਦ ਆਜ਼ਾਦ ਚੋਣ ਲੜਨ ਦੇ ਚਾਹਵਾਨ ਹਨ ਜਦਕਿ ਉਹਨਾਂ ਦੇ ਬਹੁਤੇ ਸਾਥੀ ਹਵਾ ਦੇ ਰੁੱਖ ਅਨੁਸਾਰ ਚੱਲਣ ਦੀ ਸਲਾਹ ਦੇ ਰਹੇ ਹਨ।
0 comments:
एक टिप्पणी भेजें