ਜ਼ਿਮਨੀ ਚੋਣ: ਜਨਰਲ, ਖਰਚਾ ਤੇ ਪੁਲਿਸ ਨਿਗਰਾਨਾਂ ਨੇ ਚੋਣ ਅਮਲੇ ਨਾਲ ਕੀਤੀਆਂ ਮੀਟਿੰਗਾਂ
* ਸੁਤੰਤਰ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਦੇ ਦਿੱਤੇ ਨਿਰਦੇਸ਼
ਬਰਨਾਲਾ, 25 ਅਕਤੂਬਰ
13 ਨਵੰਬਰ ਨੂੰ ਹੋਣ ਜਾ ਰਹੀ ਬਰਨਾਲਾ ਜ਼ਿਮਨੀ ਚੋਣ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਲਾਏ ਗਏ ਜਨਰਲ, ਖਰਚਾ ਤੇ ਪੁਲਿਸ ਅਬਜ਼ਰਵਰਾਂ ਨੇ ਅੱਜ ਅਧਿਕਾਰੀਆਂ ਅਤੇ ਚੋਣ ਅਮਲੇ ਨਾਲ ਅਹਿਮ ਮੀਟਿੰਗਾਂ ਕੀਤੀਆਂ।
ਜਨਰਲ ਨਿਗਰਾਨ ਨਵੀਨ ਐਸਐਲ, ਖਰਚਾ ਨਿਗਰਾਨ ਜੋਸਫ ਗੌੜਾ ਅਤੇ ਪੁਲਿਸ ਨਿਗਰਾਨ ਉਡੰਦੀ ਉਦੈਯਾ ਕਿਰਨ ਨੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਅਤੇ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਦੀ ਮੌਜੂਦਗੀ ਵਿੱਚ ਚੋਣ ਅਮਲੇ ਨਾਲ ਮੀਟਿੰਗ ਕੀਤੀ।
ਚੋਣ ਅਮਲੇ ਨਾਲ ਮੀਟਿੰਗ ਕਰਦਿਆਂ ਜਨਰਲ ਅਬਜ਼ਰਵਰ ਨਵੀਨ ਐਸ.ਐਲ. ਨੇ ਬਰਨਾਲਾ ਵਿਖੇ ਚੋਣ ਪ੍ਰਬੰਧਾਂ 'ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਚੋਣਾਂ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਕਰਵਾਈਆਂ ਜਾਣ। ਈਵੀਐਮ ਮਸ਼ੀਨਾਂ ਦੀ ਸਟੋਰੇਜ ਨੂੰ ਯਕੀਨੀ ਬਣਾਉਣ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਚੋਣ ਅਮਲੇ ਨੂੰ ਵਾਰ-ਵਾਰ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਪੋਲਿੰਗ ਵਾਲੇ ਦਿਨ ਸਬੰਧੀ ਸ਼ੰਕਿਆਂ ਨੂੰ ਦੂਰ ਕੀਤਾ ਜਾ ਸਕੇ ਅਤੇ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।
ਜ਼ਿਲ੍ਹਾ ਚੋਣ ਅਫ਼ਸਰ ਪੁਨਮਦੀਪ ਕੌਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ 2024 ਦੌਰਾਨ ਏ.ਆਰ.ਓ ਮਹਿਲ ਕਲਾਂ ਸਤਵੰਤ ਸਿੰਘ ਵਲੋਂ ਵੋਟਾਂ ਵਾਲੇ ਦਿਨ ਦੀ ਚੋਣ ਅਮਲੇ ਦੀ ਜ਼ਿੰਮੇਵਾਰੀ ਸਬੰਧੀ ਵੀਡੀਓ ਤਿਆਰ ਕਰਵਾਈ ਗਈ ਸੀ। ਇਸ ਇੱਕ ਘੰਟੇ ਦੀ ਵੀਡੀਓ ਵਿੱਚ ਵੱਖ-ਵੱਖ ਫਾਰਮਾਂ ਦਾ ਵੀ ਜ਼ਿਕਰ ਹੈ ਜੋ ਟੀਮ ਨੇ ਪੋਲਿੰਗ ਦੇ ਵੱਖ-ਵੱਖ ਪੜਾਵਾਂ ਵਿੱਚ ਭਰਨੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਵੀਡੀਓ ਹੁਣ ਉਪਲਬਧ ਹੈ ਜਿਸ ਨਾਲ ਚੋਣ ਸਟਾਫ਼ ਨੂੰ ਵੋਟਾਂ ਵਾਲੇ ਦਿਨ ਦੀ ਡਿਊਟੀ ਸਮਝਣ ਵਿੱਚ ਆਸਾਨੀ ਹੋਵੇਗੀ।
ਖਰਚਾ ਨਿਗਰਾਨ ਜੋਸਫ ਗੌੜਾ ਨੇ ਨਿਰਦੇਸ਼ ਦਿੱਤੇ ਕਿ ਸਾਰੇ ਖਰਚਾ ਰਜਿਸਟਰ ਅਤੇ ਉਹਨਾਂ ਦੇ ਸ਼ੈਡੋ ਰਜਿਸਟਰਾਂ ਦੀ ਸਹੀ ਢੰਗ ਨਾਲ ਭਰਿਆ ਜਾਵੇ। ਪੁਲਿਸ ਅਬਜ਼ਰਵਰ ਨੇ ਪੁਲਿਸ ਨੂੰ ਹਦਾਇਤ ਕੀਤੀ ਕਿ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਪੋਲਿੰਗ ਬੂਥਾਂ ਦੇ ਅੰਦਰ ਮੋਬਾਈਲ ਫੋਨਾਂ ਲਿਜਾਣ ਦੀ ਸਖਤੀ ਮਨਾਹੀ ਹੈ ਤੇ ਇਨ੍ਹਾਂ ਹੁਕਮਾਂ ਦਾ ਧਿਆਨ ਰੱਖਿਆ ਜਾਵੇ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਸੁਰੱਖਿਆ ਦੇ ਸਾਰੇ ਪ੍ਰਬੰਧ ਪੁਖ਼ਤਾ ਹੋਣ।
ਇਸ ਮੌਕੇ ਏ.ਡੀ.ਸੀ (ਜ) ਲਤੀਫ਼ ਅਹਿਮਦ, ਏ.ਡੀ.ਸੀ.(ਵਿਕਾਸ) ਸਤਵੰਤ ਸਿੰਘ, ਐਸ.ਡੀ.ਐਮ ਬਰਨਾਲਾ ਗੁਰਬਿੰਦਰ ਸਿੰਘ ਕੋਹਲੀ, ਸਹਾਇਕ ਕਮਿਸ਼ਨਰ (ਜ) ਰਾਜਨ ਗੋਇਲ, ਐਸ.ਪੀ ਸੰਦੀਪ ਸਿੰਘ, ਡੀ.ਐਸ.ਪੀ ਸਤਵੀਰ ਸਿੰਘ, ਡੀ.ਐਸ.ਪੀ ਪਰਮਜੀਤ ਸਿੰਘ ਡੋਡ ਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।
0 comments:
एक टिप्पणी भेजें