ਪੰਥਕ ਉਮੀਦਵਾਰ ਗੋਵਿੰਦ ਸਿੰਘ ਸੰਧੂ ਨੇ ਚੋਣ ਪ੍ਰਚਾਰ ਦੌਰਾਨ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦਾ ਦਿੱਤਾ ਹੋਕਾ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ 17 ਨਵੰਬਰ :-- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪੰਥਕ ਜਥੇਬੰਦੀਆਂ ਦੇ ਉਮੀਦਵਾਰ ਸ. ਗੋਵਿੰਦ ਸਿੰਘ ਸੰਧੂ ਨੇ ਅੱਜ ਹਲਕੇ ਦੇ ਨੰਗਲ, ਠੁੱਲੇਵਾਲ, ਅਮਲਾ ਸਿੰਘ ਵਾਲਾ, ਸੇਖਾ, ਜਲੂਰ, ਖੁੱਡੀ ਕਲਾਂ ਅਤੇ ਬਰਨਾਲਾ ਸ਼ਹਿਰ ਦੇ ਰਾਏਕੋਟ ਰੋਡ, ਮਾਤਾ ਗੁਜਰੀ ਨਗਰ, ਦਦਾਹੂਰ ਬਸਤੀ, ਸੰਧੂ ਪੱਤੀ ਅਤੇ ਪਿਆਰਾ ਕਲੋਨੀ ਸਮੇਤ ਵੱਖ ਵੱਖ ਥਾਵਾਂ 'ਤੇ ਚੋਣ ਪ੍ਰਚਾਰ ਕਰਦਿਆਂ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾ ਕੇ ਗੁਰੂ ਘਰਾਂ ਨਾਲ ਜੋੜਨ ਦਾ ਹੋਕਾ ਦਿੱਤਾ।
ਚੋਣ ਮੀਟਿੰਗਾਂ ਵਿੱਚ ਹੋਏ ਭਰਵੇਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ. ਸੰਧੂ ਨੇ ਨਸ਼ਿਆਂ ਨਾਲ ਹੋ ਰਹੀ ਬਰਬਾਦੀ ਬਾਰੇ ਲੋਕਾਂ ਨੂੰ ਵਿਸਥਾਰ ਵਿਚ ਜਾਣੂ ਕਰਵਾਉਂਦਿਆਂ ਨਸ਼ੇ ਵੰਡ ਕੇ ਵੋਟਾਂ ਹਾਸਲ ਕਰਨ ਵਾਲਿਆਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਵੋਟਾਂ ਵਿੱਚ ਦੋ ਦਿਨ ਰਹਿ ਗਏ ਹਨ। ਇਹਨਾਂ ਦੋ ਦਿਨਾਂ ਦੇ ਵਿੱਚ ਵੱਖ ਵੱਖ ਪਾਰਟੀਆਂ ਦੇ ਆਗੂ ਤੁਹਾਡੇ ਘਰਾਂ ਤੱਕ ਸ਼ਰਾਬ, ਭੁੱਕੀ, ਅਫੀਮ ਸਮੇਤ ਹੋਰ ਵੱਖ ਵੱਖ ਨਸ਼ੇ ਲੈ ਕੇ ਵੋਟਾਂ ਹਾਸਲ ਕਰਨ ਲਈ ਆਉਣਗੇ, ਜਿਨ੍ਹਾਂ ਨੂੰ ਤੁਸੀਂ ਲਾਹਣਤਾਂ ਪਾ ਕੇ ਪਿੰਡ ਵਿੱਚੋਂ ਭਜਾਉਣਾ ਹੈ।
ਸ. ਸੰਧੂ ਨੇ ਕਿਹਾ ਕਿ ਉਹ ਕੋਈ ਨਿੱਜੀ ਹਿੱਤਾਂ ਦੀ ਪੂਰਤੀ ਲਈ ਚੋਣ ਨਹੀਂ ਲੜ ਰਹੇ ਸਗੋਂ ਸੂਬੇ ਦੀ ਨੌਜਵਾਨੀ ਨੂੰ ਬਚਾਉਣ ਪ੍ਰਤੀ ਆਪਣਾ ਫਰਜ਼ ਨਿਭਾ ਰਹੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਸਮੇਤ ਹੋਰਨਾਂ ਸਾਰੀਆਂ ਰਿਵਾਇਤੀ ਪਾਰਟੀਆਂ ਦੇ ਰਾਜ ਵੇਖ ਚੁੱਕੇ ਹੋ, ਜਿਨ੍ਹਾਂ ਵੱਲੋਂ ਝੂਠੇ ਵਾਅਦਿਆਂ ਤੇ ਦਾਵਿਆਂ ਦੇ ਸਿਰ 'ਤੇ ਸੱਤਾ ਹਾਸਲ ਕਰਨ ਤੋਂ ਬਾਅਦ ਲੋਕਾਂ ਦਾ ਕੁਝ ਨਹੀਂ ਸੰਵਾਰਿਆ ਗਿਆ। ਉਹਨਾਂ ਕਿਹਾ ਕਿ ਨਸ਼ੇ ਦਾ ਖਾਤਮਾ ਕਰਨ ਦੇ ਦਾਅਵੇ ਕਰਕੇ ਸਰਕਾਰਾਂ ਬਣਾਉਣ ਵਾਲਿਆਂ ਨੇ ਹੁਣ ਨਸ਼ੇ ਬਾਰੇ ਬੋਲਣਾ ਹੀ ਬੰਦ ਕਰ ਦਿੱਤਾ ਹੈ ਕਿਉਂਕਿ ਦਿੱਲੀ ਤੋਂ ਚੱਲਣ ਵਾਲੀਆਂ ਇਹ ਪਾਰਟੀਆਂ ਖੁਦ ਨਸ਼ਾ ਵਿਕਾਉਂਦੀਆਂ ਹਨ। ਅਜਿਹਾ ਕਰਕੇ ਉਹਨਾਂ ਨੂੰ ਮੋਟੀ ਆਮਦਨ ਹੁੰਦੀ। ਉਹਨਾਂ ਕਿਹਾ ਕਿ ਇੱਕ ਹਲਕੇ ਵਿੱਚ ਚੋਣ ਲੜਨ 'ਤੇ ਲਗਭਗ ਪੰਜ ਕਰੋੜ ਰੁਪਏ ਦਾ ਖਰਚਾ ਆਉਂਦਾ ਹੈ। ਹੁਣ ਤੁਸੀਂ ਅੰਦਾਜਾ ਲਗਾ ਸਕਦੇ ਹੋ ਕਿ ਖੁਦ ਨੂੰ ਆਮ ਅਤੇ ਗਰੀਬ ਦੱਸਣ ਵਾਲੀਆਂ ਇਹਨਾਂ ਪਾਰਟੀਆਂ ਕੋਲ ਪੰਜਾਬ ਸਮੇਤ ਵੱਖ-ਵੱਖ ਸਟੇਟਾਂ ਵਿੱਚ ਚੋਣ ਲੜਨ ਲਈ ਪੈਸਾ ਕਿੱਥੋਂ ਆਉਂਦਾ ਹੈ।
ਉਹਨਾਂ ਕਿਹਾ ਕਿ ਕੋਈ ਵੀ ਸਰਕਾਰ ਵਿਕਾਸ ਦੇ ਕੰਮ ਕਰਕੇ ਤੁਹਾਡੇ ਉੱਪਰ ਅਹਿਸਾਨ ਨਹੀਂ ਕਰਦੀ, ਸਗੋਂ ਇਹ ਤੁਹਾਡਾ ਹੀ ਪੈਸਾ ਹੈ। ਇਸ ਤੋਂ ਇਲਾਵਾ ਇਹ ਪਾਰਟੀਆਂ ਨਸ਼ਾ ਵੇਚ ਕੇ ਪੈਸਾ ਕਮਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਹਨਾਂ ਸਰਕਾਰਾਂ ਵੱਲੋਂ ਘਰ ਘਰ ਨਸ਼ਾ ਪਹੁੰਚਾ ਕੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਕਰਾਹੇ ਪਾਇਆ ਜਾ ਰਿਹਾ ਹੈ ਤਾਂ ਜੋ ਬਿਨਾਂ ਕਿਸੇ ਰੋਕ ਟੋਕ ਤੋਂ ਰਾਜ ਕੀਤਾ ਜਾ ਸਕੇ।
ਸ. ਸੰਧੂ ਨੇ ਕਿਹਾ ਕਿ ਜਿੱਤ ਹਾਰ ਉਹਨਾਂ ਲਈ ਕੋਈ ਮਾਇਨੇ ਨਹੀਂ ਰੱਖਦੀ। ਉਹ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਲਈ ਅਤੇ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾ ਕੇ ਗੁਰਬਾਣੀ ਅਤੇ ਆਪਣੇ ਸੱਭਿਆਚਾਰ ਨਾਲ ਜੋੜਨ ਲਈ ਤੁਰੇ ਹਨ,ਜਿਸ ਵਿੱਚ ਤੁਹਾਡੇ ਸਾਰਿਆਂ ਦੇ ਸਾਥ ਦੀ ਲੋੜ ਹੈ। ਰਹੀ ਗੱਲ ਤੁਹਾਡੇ ਕੰਮਾਂ ਦੀ ਉਹ ਵਾਹਿਗੁਰੂ ਨੇ ਐਨੀ ਤਾਕਤ ਬਖਸ਼ੀ ਹੈ ਕਿ ਨਾ ਅੱਜ ਤੱਕ ਲੋਕਾਂ ਦੇ ਕੰਮ ਰੁਕਣ ਦਿੱਤੇ ਹਨ ਅਤੇ ਨਾ ਹੀ ਰੁਕਣ ਦਿਆਂਗੇ।
ਇਸ ਮੌਕੇ ਸਮਾਜ ਸੇਵੀ ਲੱਖਾ ਸਿਧਾਣਾ,ਪਾਰਟੀ ਦੇ ਸੀਨੀਅਰ ਆਗੂ ਗੁਰਜੰਟ ਸਿੰਘ ਕੱਟੂ, ਯੂਥ ਪ੍ਰਧਾਨ ਜਤਿੰਦਰ ਸਿੰਘ ਥਿੰਦ, ਬੀਬੀ ਨਵਜੋਤ ਕੌਰ ਢੀਂਡਸਾ, ਕੰਵਲਜੀਤ ਸਿੰਘ ਢੀਡਸਾ, ਸਰਪੰਚ ਧਰਮ ਸਿੰਘ ਠੁੱਲੇਵਾਲ, ਮੱਗਰ ਸਿੰਘ ਠੁੱਲੇਵਾਲ, ਵਿੱਕੀ ਠੁੱਲੇਵਾਲ, ਚਰਨ ਪ੍ਰੀਤ ਸਿੰਘ ਠੁੱਲੇਵਾਲ, ਹਰਦੀਪ ਸਿੰਘ ਨਾਰੀਕੇ, HB ਸਰਪੰਚ ਸੁਖਵਿੰਦਰ ਸਿੰਘ ਕਲਕੱਤਾ, ਲੱਖਾ ਸਿੰਘ ਮਨਿੰਦਰ ਸਿੰਘ, ਗੁਰਪ੍ਰੀਤ ਸਿੰਘ ਖੁੱਡੀ, ਸੁੱਖੀ ਜਾਗਲ ਸਮੇਤ ਵੱਡੀ ਗਿਣਤੀ ਵਿੱਚ ਪਿੰਡਾਂ ਦੀਆਂ ਇਕਾਈਆਂ ਦੇ ਆਗੂ ਅਤੇ ਵਰਕਰ ਸਾਹਿਬਾਨ ਹਾਜਰ ਸਨ।
0 comments:
एक टिप्पणी भेजें