ਸ਼ਿਰੋਮਣੀ ਅਕਾਲੀ ਦਲ (ਬ) ਨੇ ਗੋਵਿੰਦ ਸਿੰਘ ਸੰਧੂ ਦੇ ਹੱਕ ਵਿੱਚ ਕੀਤੀ ਹਮਾਇਤ
ਬਰਨਾਲਾ / ਧਨੌਲਾ 18 ਨਵੰਬਰ ( ਸੰਜੀਵ ਗਰਗ ): ਚੋਣ ਪ੍ਰਚਾਰ ਦੇ ਆਖਰੀ ਦਿਨ ਬਰਨਾਲਾ ਜਿਮਨੀ ਚੋਣ ਵਿੱਚ ਉਸ ਸਮੇਂ ਵੱਡਾ ਸਿਆਸੀ ਧਮਾਕਾ ਹੋਇਆ, ਜਦੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗੁਰਦੁਆਰਾ ਸਿੰਘ ਸਭਾ ਵਿਖੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਸਮੇਂ ਅਕਾਲੀ ਦਲ (ਬਾਦਲ) ਦੀ ਸਮੁੱਚੀ ਲੀਡਰਸ਼ਿਪ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਪਹੁੰਚ ਗਈ, ਜਿਨਾਂ ਵਿੱਚ ਹਲਕਾ ਇੰਚਾਰਜ ਕੁਲਵੰਤ ਸਿੰਘ ਕਾਂਤਾ, ਐਸ.ਜੀ.ਪੀ.ਸੀ. ਦੇ ਅੰਤਰਿੰਗ ਕਮੇਟੀ ਮੈਂਬਰ ਪਰਮਜੀਤ ਸਿੰਘ ਖਾਲਸਾ, ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਦੀਵਾਨਾ, ਰੁਪਿੰਦਰ ਸਿੰਘ ਸੰਧੂ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰਸਟ, ਸੰਜੀਵ ਸੋਰੀ ਸਾਬਕਾ ਪ੍ਰਧਾਨ ਨਗਰ ਕੌਂਸਲ, ਤਜਿੰਦਰ ਸਿੰਘ ਸੋਨੀ ਐਮਸੀ ਸਮੇਤ ਅਕਾਲੀ ਦਲ (ਬਾਦਲ) ਨਾਲ ਸੰਬੰਧਿਤ ਹੋਰ ਲੀਡਰਸ਼ਿਪ ਆਗੂ ਅਤੇ ਵਰਕਰ ਸਾਹਿਬਾਨ ਸ਼ਾਮਿਲ ਹੋਏ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਕਾਂਤਾ ਨੇ ਕਿਹਾ ਕਿ ਪੰਥਕ ਉਮੀਦਵਾਰ ਗੋਵਿੰਦ ਸਿੰਘ ਸੰਧੂ ਨੂੰ ਪੰਥ ਅਤੇ ਪੰਜਾਬ ਦੇ ਵਡੇਰੇ ਹਿਤਾਂ ਲਈ ਹਿਮਾਇਤ ਦੇਣਾ ਜਰੂਰੀ ਹੈ। ਇਥੇ ਵਰਨਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਹ ਕੰਨਸੂਹਾਂ ਚੱਲ ਰਹੀਆਂ ਸਨ ਕਿ ਕਿਸੇ ਵੀ ਸਮੇਂ ਬਰਨਾਲਾ ਦੀ ਸਿਆਸਤ ਵਿੱਚ ਇੱਕ ਵੱਡਾ ਐਲਾਨ ਹੋ ਸਕਦਾ ਹੈ। ਇਹ ਵੀ ਚਰਚਾ ਜੋਰਾਂ 'ਤੇ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਨ ਵੱਲੋਂ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਪੰਥਕ ਉਮੀਦਵਾਰ ਗੋਵਿੰਦ ਸਿੰਘ ਸੰਧੂ ਦੀ ਹਮਾਇਤੀ ਵਿਚ ਡੱਟ ਕੇ ਖੜਨ ਲਈ ਸਖਤ ਹਿਦਾਇਤਾ ਕਰ ਦਿੱਤੀਆਂ ਗਈਆਂ ਹਨ। ਸ਼ਹੀਦੀ ਦਿਹਾੜਾ ਮਨਾਉਣ ਉਪਰੰਤ ਹੰਡਿਆਇਆ ਬਾਜ਼ਾਰ ਵਿਖੇ ਵੱਡਾ ਇਕੱਠ ਕੀਤਾ ਗਿਆ,ਜਿਸ ਨੂੰ ਪਾਰਟੀ ਦੇ ਵੱਖ-ਵੱਖ ਬੁਲਾਰਿਆਂ ਵੱਲੋਂ ਸੰਬੋਧਨ ਕਰਕੇ ਲੋਕਾਂ ਨੂੰ ਗੋਵਿੰਦ ਸਿੰਘ ਸੰਧੂ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ। ਇਸ ਉਪਰੰਤ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਪੈਦਲ ਰੇਲੀ ਕੱਢ ਕੇ ਲੋਕਾਂ ਨੂੰ ਹਲਕੇ ਦੀ ਖੁਸ਼ਹਾਲੀ ਲਈ ਚੋਣ ਨਿਸ਼ਾਨ ਬਾਲਟੀ ਵਾਲਾ ਬਟਨ ਦਬਾਉਣ ਦੀ ਅਪੀਲ ਕੀਤੀ ਗਈ। ਰੈਲੀ ਦਾ ਪੂਰਾ ਪ੍ਰਬੰਧ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਹਨਾ ਦੀ ਅਗਵਾਈ ਹੇਠ ਸਮੁੱਚੇ ਵਪਾਰ ਮੰਡਲ ਬਰਨਾਲਾ ਵੱਲੋਂ ਕੀਤਾ ਗਿਆ। ਰੈਲੀ ਵਿੱਚ ਵਿਸ਼ਾਲ ਇਕੱਠ ਹੋਣ ਕਾਰਨ ਇਹ ਰੇਲੀ ਮਹਾਂ ਰੈਲੀ ਦਾ ਰੂਪ ਧਾਰਨ ਕਰ ਗਈ।
ਇਸ ਮੌਕੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਸਿਮਰਨਜੀਤ ਸਿੰਘ ਮਾਨ ਨੇ ਬਰਨਾਲਾ ਦੇ ਵਪਾਰੀ, ਮੁਲਾਜ਼ਮ, ਕਿਸਾਨ, ਮਜ਼ਦੂਰ ਸਮੇਤ ਸਾਰੇ ਵਰਗਾਂ ਨੂੰ ਅਪੀਲ ਕੀਤੀ ਕਿ ਗੋਵਿੰਦ ਸਿੰਘ ਸੰਧੂ ਹਮੇਸ਼ਾ ਤੁਹਾਡਾ ਵਫਾਦਾਰ ਬਣ ਕੇ ਰਹੇਗਾ ਅਤੇ ਹਮੇਸ਼ਾ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹੇਗਾ। ਉਹਨਾਂ ਕਿਹਾ ਕਿ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਹੋਣਾ ਜਰੂਰੀ ਹੁੰਦਾ ਹੈ। ਮੈਨੂੰ ਪੂਰਾ ਯਕੀਨ ਹੈ ਕਿ ਗੋਵਿੰਦ ਸਿੰਘ ਸੰਧੂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਵਜੋਂ ਵਧੀਆ ਰੋਲ ਨਿਭਾਏਗਾ। ਪੰਜਾਬ ਵਿੱਚ ਵੱਧ ਰਹੀ ਨਸ਼ਾਖੋਰੀ, ਲੁੱਟਾਂ ਖੋਹਾਂ ਅਤੇ ਲੋਕਾਂ ਨਾਲ ਜੁੜੇ ਹੋਰ ਅਹਿਮ ਮਸਲਿਆਂ ਨੂੰ ਬੇਵਾਕੀ ਨਾਲ ਉਭਾਰੇਗਾ।
ਇਸ ਮੌਕੇ ਗੋਵਿੰਦ ਸਿੰਘ ਸੰਧੂ ਨੇ ਵੋਟਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਬਰਨਾਲਾ ਅੰਦਰ ਹਾਇਰਐਜੂਕੇਸ਼ਨ ਅਤੇ ਵਧੀਆ ਮੈਡੀਕਲ ਸਹੂਲਤਾਂ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਹਲਕੇ ਨੂੰ ਨਸ਼ਾ ਮੁਕਤ ਤੇ ਭ੍ਰਿਸ਼ਟਾਚਾਰ ਮੁਕਤ ਕਰਨਾ ਸਾਡਾ ਮੁੱਖ ਮੰਤਵ ਹੋਵੇਗਾ। ਇਸ ਤੋਂ ਇਲਾਵਾ ਟਰੈਫਿਕ ਸਮੱਸਿਆ ਦਾ ਜੋ ਵੱਡਾ ਮਸਲਾ ਹੈ ਉਸ ਨੂੰ ਵੀ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਉਹ ਸਰਬਤ ਦੇ ਭਲੇ ਵਾਲੀ ਰਾਜਨੀਤੀ ਕਰਨਗੇ।
ਇਸ ਮੌਕੇ ਪਾਰਟੀ ਦੀ ਸਮੁੱਚੀ ਪੀਏਸੀ, ਜਿਲ੍ਹਾਂ ਜਥੇਦਾਰ ਸਾਹਿਬਾਨ ਅਤੇ ਵਰਕਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੀ ਸੰਗਤ ਹਾਜ਼ਰ ਸੀ।
0 comments:
एक टिप्पणी भेजें