ਸ਼ਰਾਬ ਪੀ ਕੇ ਗੱਡੀ ਚਲਾਉਂਦੇ ਹੋਏ ਐਕਸੀਡੈਂਟ ਕਰਨ ਦੇ ਕੇਸ ਵਿੱਚੋਂ ਮੁਲਜ਼ਮ ਬਾਇੱਜ਼ਤ ਬਰੀ
ਮਾਨਯੋਗ ਅਦਾਲਤ ਮੈਡਮ ਸੁਖਮੀਤ ਕੌਰ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸਾਹਿਬ, ਬਰਨਾਲਾ ਵੱਲੋਂ ਰਵੀ ਕਾਂਤ ਪੁੱਤਰ ਕ੍ਰਿਸ਼ਨ ਕਾਂਤ ਵਾਸੀ ਗੁਰੂ ਤੇਗ ਬਹਾਦਰ ਨਗਰ, ਬਰਨਾਲਾ ਨੂੰ ਸ਼ਰਾਬ ਪੀ ਕੇ ਤੇਜ ਰਫਤਾਰੀ ਅਤੇ ਲਾਪਰਵਾਹੀ ਦੇ ਨਾਲ ਇੰਡੀਕਾ ਵਿਜ਼ਟਾ ਕਾਰ ਚਲਾਉਂਦੇ ਹੋਏ ਐਕਸੀਡੈਂਟ ਕਰਨ ਅਤੇ ਰਾਜਪਾਲ ਸਿੰਘ ਨਾਮਕ ਵਿਅਕਤੀ ਦੇ ਸੱਟਾਂ ਮਾਰਨ ਦੇ ਕੇਸ ਵਿੱਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਰਾਜਪਾਲ ਸਿੰਘ ਪੁੱਤਰ ਪਰਮਾਨੰਦ ਵਾਸੀ ਮਾਨਾ ਪੱਤੀ, ਧਨੌਲਾ ਨੇ ਪੁਲਿਸ ਥਾਣਾ ਸਿਟੀ-2 ਬਰਨਾਲਾ ਪਾਸ ਬਿਆਨ ਦਰਜ਼ ਕਰਵਾਇਆ ਕਿ ਮਿਤੀ 01-03-2021 ਨੂੰ ਉਹ ਸਵੇਰੇ 10:50 ਮਿੰਟ ਤੇ ਆਪਣੀ ਸਵਿਫਟ ਕਾਰ ਪਰ ਧਨੌਲਾ ਤੋਂ ਸਿਵਲ ਹਸਪਤਾਲ ਬਰਨਾਲਾ ਜਾ ਰਿਹਾ ਸੀ ਤਾਂ ਕਚਹਿਰੀ ਚੌਂਕ ਵਾਲੇ ਫਲਾਈ ਓਵਰ ਤੇ ਰਵੀ ਕਾਂਤ ਆਪਣੀ ਇੰਡੀਕਾ ਵਿਜ਼ਟਾ ਕਾਰ ਨੂੰ ਤੇਜ਼ ਰਫਤਾਰੀ, ਲਾਪਰਵਾਹੀ ਅਤੇ ਡਿੱਕ ਡੋਲੇ ਖਵਾਉਂਦਾ ਹੋਇਆ ਆ ਰਿਹਾ ਸੀ ਜਿਸਨੇ ਸਿੱਧੀ ਕਾਰ ਰਾਜਪਾਲ ਸਿੰਘ ਦੀ ਕਾਰ ਵਿੱਚ ਮਾਰੀ ਅਤੇ ਰਵੀ ਕਾਂਤ ਦੀ ਉਸ ਵਕਤ ਸ਼ਰਾਬ ਪੀਤੀ ਹੋਈ ਸੀ, ਜਿਸ ਨਾਲ ਰਾਜਪਾਲ ਸਿੰਘ ਦੇ ਸੱਟਾਂ ਲੱਗੀਆਂ ਅਤੇ ਉਸਦੀ ਕਾਰ ਦਾ ਨੁਕਸਾਨ ਹੋ ਗਿਆ। ਜਿਸ ਤੇ ਪੁਲਿਸ ਵੱਲੋਂ ਇੱਕ ਐਫ.ਆਈ.ਆਰ. ਨੰਬਰ 146 ਮਿਤੀ 30-03-2021, ਜੇਰ ਧਾਰਾ 279/337/427 ਆਈ.ਪੀ.ਸੀ. ਤਹਿਤ ਥਾਣਾ ਸਿਟੀ ਬਰਨਾਲਾ ਵਿਖੇ ਰਵੀ ਕਾਂਤ ਦੇ ਖਿਲਾਫ ਦਰਜ਼ ਕੀਤੀ ਗਈ। ਜੋ ਹੁਣ ਮਾਨਯੋਗ ਅਦਾਲਤ ਵੱਲੋਂ ਮੁਲਜ਼ਮ ਦੇ ਵਕੀਲ ਸ਼੍ਰੀ ਧੀਰਜ ਕੁਮਾਰ, ਐਡਵੋਕੇਟ ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਰਵੀ ਕਾਂਤ ਦਾ ਸ਼ਰਾਬ ਪੀਤੀ ਹੋਣ ਬਾਰੇ ਕੋਈ ਡਾਕਟਰੀ ਮੁਆਇਨਾ ਨਹੀਂ ਹੋਇਆ ਅਤੇ ਗਵਾਹਨ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ ਅਤੇ ਰਵੀ ਕਾਂਤ ਦੀ ਪੁਲਿਸ ਨੇ ਦੌਰਾਨੇ ਪੁੱਛਗਿੱਛ ਸ਼ਨਾਖਤੀ ਪਰੇਡ ਨਹੀਂ ਕਰਵਾਈ ਅਤੇ ਨਾ ਹੀ ਸਬੰਧਤ ਇੰਡੀਕਾ ਵਿਜ਼ਟਾ ਕਾਰ ਦੀ ਮੁਦਈ ਧਿਰ ਪਾਸੋਂ ਸ਼ਨਾਖਤ ਕਰਵਾਈ, ਉਕਤ ਕੇਸ ਵਿੱਚੋਂ ਮੁਲਜ਼ਮ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।
0 comments:
एक टिप्पणी भेजें