ਕਿੱਥੋਂ ਲੱਭੀਏ ਸੱਚੀਆਂ ਸੁੱਚੀਆਂ ਸੁਰਾਂ----?
ਹੋ ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ" ..... ਕਹੀ ਮੋਢੇ 'ਤੇ , ਖਾਲ ਦੀ ਵੱਟ ਤੇ ਤੁਰੇ ਜਾਂਦੇ ਬਾਬੇ ਜਦੋਂ ਕਲੀ
ਲੈਂਦੇ ਤਾਂ ਕੁਦਰਤ ਵੀ ਨਾਲ ਸਾਜ ਵਜਾਉਂਦੀ ਦਿਸਦੀ
ਮੈਂ ਅਣਭੋਲ ਨੇ ਉਸ ਵੇਲੇ ਬਜ਼ੁਰਗਾਂ ਨੂੰ ਪੁੱਛਿਆ ਵੀ ਇਹ ਕੱਲੇ ਹੀ ਕਿਉਂ ਗਾਉਂਦੇ ਫਿਰਦੇ ਆ ਕੀਹਨੂੰ ਸੁਣਾਉਦੇ ਆ ?"
ਤਾਂ ਜਵਾਬ ਸੀ ਕਿ ਆਪਣੇ ਆਪ ਨੂੰ| ਇਕੱਲਤਾ ਮਹਿਸੂਸ ਨੀ ਹੁੰਦੀ, ਡਰ ਨੀ ਲੱਗਦਾ , ਜੀਅ ਜਾ ਲੱਗਿਆ ਰਹਿੰਦੈ |
ਹਲ਼ ਵਾਹੁੰਦੇ, ਪਾਣੀ ਲਾਉਂਦੇ, ਖਾਲ ਘੜਦੇ, ਕਣਕਾਂ ਵੱਢਦੇ , ਫਲੇ ਗਾਹੁੰਦੇ ,,,, ਹਾਲੀ , ਪਾਲ਼ੀ ਸਭ ਸੁਰ ਚ ਸੁਰ ਮਿਲਾਉਂਦੇ ਦਿਸਦੇ ,
ਸਵੇਰੇ ਉੱਠ ਕੇ ਜਦੋਂ ਬੇਬੇ ਹੁਰੀਆਂ ਰਿੜਕਣੇ ਚ ਮਧਾਣੀ ਪਾ ਕੇ , ਹੱਥ ਚ ਨੇਤਰਾ ਫੜ੍ਹ ਪਾਠ ਕਰਦੀਆਂ.....
ਲੱਗਦੀ ਆਂ ਵਾਂਗ ਰਾਣੀ ਜੱਟੀਏ,
ਜਦੋਂ ਚਾਟੀ 'ਚ ਪਾਉਂਦੀ ਆਂ ਮਧਾਣੀ ਜੱਟੀਏ |
ਤੇਰਾ ਸੱਚੀਂ ਉਦੋਂ ਪੂਰਾ ਠਾਠ ਹੁੰਦੈ ,
ਹੱਥੀਂ ਨੇਤਰਾ ਤੇ ਮੂੰਹ ਦੇ ਵਿੱਚ ਪਾਠ ਹੁੰਦੈ |
ਪਰ ਅਫ਼ਸੋਸ ਕਿ ਹੁਣ ਅਸੀਂ ਸੁਰਾਂ ਤਿਆਗ ਦਿੱਤੀਆਂ ਨੇ ਗੁਣਗਣਾਉਣਾ ਛੱਡ ਦਿੱਤਾ | ਗਾਉਣ ਦਾ ਕੰਮ ਹੁਣ ਅਸੀਂ ਮੰਡੀ ਦੇ ਹਵਾਲੇ ਕਰ ਦਿੱਤੈ ਤੇ ਮੰਡੀ ਜਿਸ ਤਰ੍ਹਾਂ ਚਾਹੁੰਦੀ ਆ ,ਆਪਣੇ ਫਾਇਦੇ ਅਨੁਸਾਰ ਸਾਨੂੰ ਪਰੋਸ ਕੇ ਦਿੰਦੀ ਆ |
ਅਸੀਂ ਫਿਰ ਮੰਡੀ ਸੱਭਿਆਚਾਰ 'ਤੇ ਕੂਕਲੀਆਂ ਮਾਰ ਮਾਰ ਕੇ ਉਹਦੀ ਹਾਮੀ ਭਰਦੇ ਆ , ਦਾਦ ਦਿੰਦੇ ਆ , ਸਵਾਗਤ ਕਰਦੇ ਆ , ਮੰਡੀ ਸਾਡੇ ਮੁੜ੍ਹਕੇ ਦੀ ਕਮਾਈ ਨਾਲ ਆਪਣੇ ਆਪ ਨੂੰ ਮੁੜ੍ਹਕਾ ਨੀ ਆਉਣ ਦਿੰਦੀ |
ਕਿਸੇ ਨੇ ਮੰਡੀ ਸੱਭਿਆਚਾਰ ਦੇ ਵਹਾਅ ਚ ਆ ਕੇ ਕਿਹਾ ਕਿ ਓਏ ਟਰੈਂਡ ਆ ਇਹ , ਭੀੜ ਦੇਖ , ਸੌਖੀ ਗੱਲ ਥੋੜ੍ਹੀ ਆ .......
ਮੈਂ ਕਿਹਾ ਬਾਈ ਜੀ "ਭੀੜਾਂ ਕਦੋਂ ਤੋਂ ਸੱਚ ਦਾ ਮਾਪ ਦੰਡ ਹੋ ਗਈਆਂ ? "
ਬਾਬਾ ਨਾਨਕ ਮਲਿਕ ਭਾਗੋ ਦੀ ਭੀੜ ਛੱਡ ਕੇ , ਇਕੱਲੇ ਭਾਈ ਲਾਲੋ ਜੀ ਕੋਲ ਖੜ੍ਹਿਆ ਸੀ | ਜੇ ਭੀੜ ਕੋਲ ਸੱਚ ਹੁੰਦਾ ਤਾਂ ਚਾਂਦਨੀ ਚੌਂਕ ਦੀ ਭੀੜ ਚੋਂ ਗੁਰੂ ਸਾਹਿਬ ਦਾ ਸੀਸ ਚੁੱਕਣ ਲਈ ਇਕੱਲਾ ਭਾਈ ਜੈਤਾ ਜੀ ਹੀ ਕਿਉਂ ਉੱਠਦਾ |
ਜੇ ਭੀੜ ਕੋਲ ਸੱਚ ਹੁੰਦਾ ਤਾਂ ਆਨੰਦਪੁਰ ਸਾਹਿਬ 'ਚ ਸਿਰਫ਼ ਪੰਜ ਸਿਰ ਹੀ ਕਿਉਂ ਉੱਠਦੇ, ਜਿੰਨਾ ਨੂੰ ਅੱਜ ਸਾਰੀ ਦੁਨੀਆਂ ਦੇ ਸਿਰ ਝੁਕਦੇ ਆ |
ਜੇ ਭੀੜ ਕੋਲ ਸੱਚ ਹੁੰਦਾ ਤਾਂ ਚਮਕੌਰ ਦੀ ਗੜ੍ਹੀ 'ਚ ਸਵਾ ਲੱਖ ਨਾਲ ਇੱਕ ਦਾ ਅਨੁਪਾਤ ਕਿੱਥੇ ਬਣਨਾ ਸੀ ?
ਜੇ ਭੀੜ ਕੋਲ ਸੱਚ ਹੁੰਦਾ ਤਾਂ ਸੂਬੇ ਦੀ ਕਚਹਿਰੀ 'ਚ ਇਕੱਲਾ ਨਵਾਬ ਸ਼ੇਰ ਮੁਹੰਮਦ ਖਾਂ ਹਾਅ ਦਾ ਨਾਅਰਾ ਮਾਰ ਕੇ ਮਾਲੇਰਕੋਟਲਾ ਦਾ ਨਾਂ ਕਿਵੇਂ ਚਮਕਾਉਂਦਾ, ਜੀਹਦਾ ਭੀੜਾਂ ਬਾਅਦ ਚ ਵੀ ਕੁਝ ਨਾ ਵਿਗਾੜ ਸਕੀਆਂ|
ਜੇ ਭੀੜਾਂ ਕੋਲ ਸੱਚ ਹੁੰਦਾ ਤਾਂ ਬਾਬਾ ਮੋਤੀ ਮਹਿਰਾ ਜੀ ਨੂੰ ਦੁੱਧ ਦੇ ਗੜਬੇ ਲਈ ਘਰ ਬਾਰ ਨਾ ਵੇਚਣਾ ਪੈਂਦਾ....
ਜੇ ਭੀੜਾਂ ਕੋਲ ਸੱਚ ਹੁੰਦਾ ਤਾਂ ਦੁਨੀਆਂ ਨੂੰ ਇਹ ਕਿਵੇਂ ਪਤਾ ਲੱਗਦਾ ਕਿ ਕੰਧਾਂ 'ਚ ਸਿਰਫ਼ ਇੱਟਾਂ ਨੀ ਚਿਣੀਆਂ ਜਾਂਦੀਆਂ, ਸਿਰ ਵੀ ਚਿਣੇਂ ਜਾਂਦੇ ਆ |
ਜੇ ਭੀੜਾਂ ਕੋਲ ਸੱਚ ਹੁੰਦਾ ਤਾਂ ਦੀਵਾਨ ਟੋਡਰ ਮੱਲ ਜੀ ਨੂੰ ਮੋਹਰਾਂ ਖੜ੍ਹਵੀਆਂ ਕਿਉਂ ਲਾਉਣੀਆਂ ਪੈਂਦੀਆਂ?
ਆਓ ਸੁਰਾਂ ਫੇਰ ਛੇੜੀਏ ,,,,
ਉਹ ਸੁਰਾਂ ਜਿਹੜੀਆਂ ਸੱਚ ਤੇ ਖੜ੍ਹ ਕੇ, ਲੂੰ-ਕੰਡਾ ਖੜ੍ਹਾ ਕਰਦੀਆਂ ਹੋਣ ....
"ਲੈ ਕੇ ਕਲਗ਼ੀਧਰ ਤੋਂ ਥਾਪੜਾ ...... ਹੋਅਅਅਅਅ,,,,
ਲੇਖਕ --ਜਸਵਿੰਦਰ ਸਿੰਘ ਚਾਹਲ।
(ਪੱਤਰਕਾਰ ਸੰਜੀਵ ਗਰਗ ਕਾਲੀ)
0 comments:
एक टिप्पणी भेजें