" ਬਦਲਦੇ ਮੌਸਮਾਂ ਅੰਦਰ "ਸਕੂਨ ਭਾਲਦਾ ਸ਼ਾਇਰ -ਅਮਰਜੀਤ ਸਿੰਘ ਜੀਤ
ਕਮਲੇਸ਼ ਗੋਇਲ ਖਨੌਰੀ
ਸੰਗਰੂਰ 12 ਫਰਵਰੀ - ਪੰਜਾਬੀ ਸਾਹਿਤ ਵਿੱਚ ਗ਼ਜ਼ਲ ਬੜੀ ਹਰਮਨ ਪਿਆਰੀ ਹੋ ਰਹੀ ਹੈ। ਅੱਜਕਲ੍ਹ ਬਹੁਤ ਸਾਰੇ ਗ਼ਜ਼ਲਕਾਰ ਆਪਣੀ ਕਾਬਲੀਅਤ ਦਾ ਇਜ਼ਹਾਰ ਸੰਕੇਤਕ ਭਾਸ਼ਾ ਵਿੱਚ ਅਤੇ ਬਹੁਤ ਸਾਰੇ ਆਮ ਲੋਕਾਂ ਦੀ ਭਾਸ਼ਾ ਵਿੱਚ ਕਰ ਰਹੇ ਹਨ । ਇਸ ਵਿਧਾ ਵਿਚ ਸੰਪੂਰਨ ਸਿਰਜਣਾ ਕਰਨ ਲਈ ਅੱਜ ਵੀ ਉਸਤਾਦ ਅਤੇ ਸ਼ਾਗਿਰਦ ਦਾ ਰਿਸ਼ਤਾ ਨਿਭਾਉਣਾ ਪੈ ਰਿਹਾ ਹੈ। ਪੰਜਾਬ ਵਿੱਚ ਕਿਤੇ ਕਿਤੇ ਗ਼ਜ਼ਲ ਸਕੂਲ ਵੀ ਚਲ ਰਹੇ ਹਨ। ਇਸੇ ਤਰ੍ਹਾਂ ਗ਼ਜ਼ਲਕਾਰ ਅਮਰਜੀਤ ਸਿੰਘ ਜੀਤ ਵੀ 'ਦੀਪਕ ਗ਼ਜ਼ਲ ਸਕੂਲ ' ਦੇ ਸਿੱਖਿਆਰਥੀ ਰਹੇ ਹਨ।
ਹਥਲੀ ਪੁਸਤਕ ' ਬਦਲਦੇ ਮੌਸਮਾਂ ਅੰਦਰ ' ਇਨ੍ਹਾਂ ਦਾ ਦੂਸਰਾ ਗ਼ਜ਼ਲ ਸੰਗ੍ਰਹਿ ਹੈ।ਇਸ ਤੋਂ ਦਸ ਸਾਲ ਪਹਿਲਾਂ ਵੀ ਲੇਖਕ ਦੀ ਕਿਤਾਬ ' ਚਾਨਣ ਦਾ ਛੱਟਾ ' ਪਾਠਕਾਂ ਦੇ ਹੱਥਾਂ ਵਿੱਚ ਆ ਚੁੱਕੀ ਹੈ। ਇਸ ਪੁਸਤਕ ਨੂੰ ਗੋਲਡ ਮਾਇਨ ਪਬਲੀਕੇਸ਼ਨਜ਼ ਨੇ ਛਾਪਿਆ ਹੈ, ਜਿਸ ਵਿਚ 81 ਦੇ ਲੱਗਭਗ ਗ਼ਜ਼ਲਾਂ ਹਨ। ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਤੇ ਲੇਖਕ ਦੀ ਭਰਪੂਰ ਜਾਣਕਾਰੀ ਦਾ ਪ੍ਰਮਾਣ ਹਨ। ਇਸਦੇ ਅੱਗੇ ਛਪੇ ਦੋ ਮੁੱਖ ਬੰਦ ਕੁਲਦੀਪ ਸਿੰਘ ਬੰਗੀ ਅਤੇ ਗੁਰਦੇਵ ਖੋਖਰ ਨੇ ਬਹੁਤ ਹੀ ਵਧੀਆ ਪੜਚੋਲ ਕਰਕੇ ਲਿਖੇ ਹਨ। ਲੇਖਕ ਨੇ ਇਹ ਕਿਤਾਬ ਆਪਣੇ ਪੂਜਨੀਕ ਮਾਤਾ ਪਿਤਾ ਨੂੰ ਸਮਰਪਿਤ ਕੀਤੀ ਹੈ।
ਲੇਖਕ ਕਾਮਰੇਡ ਵਿਚਾਰਾਂ ਦਾ ਧਾਰਨੀ ਹੈ ਜਿਹੜਾ ਕਿ ਹਰ ਗ਼ਜ਼ਲ ਨੂੰ ਪੜ੍ਹਨ ਅਤੇ ਵਾਚਣ ਤੋਂ ਪਤਾ ਚਲਦਾ ਹੈ। ਇਨ੍ਹਾਂ ਦੀ ਹਰ ਗ਼ਜ਼ਲ ਦੀ ਆਪਣੀ ਵੱਖਰੀ ਹੀ ਫ਼ਬਤ ਅਤੇ ਆਪਣਾ ਵੱਖਰਾ ਹੀ ਜਲੌਅ ਹੈ। ਲੇਖਕ ਨੇ ਨਿਰਾਸ਼ਤਾ ਦੇ ਆਲਮ ਵਿੱਚ ਵਿਚਰ ਰਹੀ ਅਤੇ ਪ੍ਰਵਾਸ ਲਈ ਕਾਹਲੀ ਪਈ ਨੌਜਵਾਨ ਪੀੜ੍ਹੀ ਤੇ ਫ਼ਿਕਰ ਦਾ ਇਜ਼ਹਾਰ ਕੀਤਾ ਹੈ ਜਿਵੇਂ -
ਵਿਦੇਸ਼ਾਂ ਵਿੱਚ ਕਈ ਤੁਰ ਗਏ ਨੇ ਇਕ ਰੁਜ਼ਗਾਰ ਦੀ ਖਾਤਰ,
ਕਦੇ ਸ਼ੋਸ਼ਿਤ ਕਦੇ ਗੁੰਮਰਾਹ ਵੀ ਕੀਤੀ ਗਈ ਜਵਾਨੀ।
ਇਸੇ ਗ਼ਜ਼ਲ ਦੇ ਦੂਸਰੇ ਸ਼ੇਅਰ ਵਿਚ ਨਸ਼ਿਆਂ ਦੇ ਚਲ ਰਹੇ ਦਰਿਆ ਨੂੰ ਫੜਿਆ ਹੈ -
ਕਿਤੇ ਚੋਰੀ ਕਿਤੇ ਜ਼ਾਹਿਰ ਨਸ਼ੇ ਖਾ ਲਈ ਜਵਾਨੀ ਹੈ।
ਜ਼ਰਾ ਸੋਚੋ ਅਕਲਦਾਨੋ ਕਿਧਰੇ ਜਾ ਰਹੀ ਜਵਾਨੀ ਹੈ।
ਵਧੀਆ ਸਮਾਜ ਦੀ ਸਿਰਜਣਾ ਕਰਨ ਵਾਲਾ ਲੇਖਕ ਹਮੇਸ਼ਾ ਆਸਵੰਦ ਰਹਿਣ ਦੀ ਕਾਮਨਾ ਕਰਦਾ ਹੈ। ਸਿਆਸਤ ਨੂੰ ਕੋਸਦਾ ਹੈ, ਧਰਮ ਦੇ ਸ਼ਾਹ ਅਸਵਾਰਾਂ ਨੂੰ ਕਾਣੀ ਵੰਡ ਰੋਕਣ ਲਈ ਘੇਰਦਾ ਹੈ। ਲੋਕਾਂ ਦੇ ਹੌਕੇ ਹਾਵੇ, ਜੀਤ ਦੀ ਗ਼ਜ਼ਲ ਦੇ ਸ਼ਿਅਰਾਂ ਵਿਚ ਆ ਢਲਦੇ ਹਨ। ਜਨਤਾ ਨੂੰ ਏਕੇ ਦੀ ਬਰਕਤ ਦੱਸਣ ਲਈ ਸ਼ੇਅਰ ਘੜਦਾ ਹੈ -
ਜਨਤੰਤਰ ਹੈ ਜਨਤਾ ਦਾ ਕਿਸੇ ਜਾਬਰ ਦੀ ਜੰਗੀਰ ਨਹੀਂ,
ਜਨਤਾ ਅੱਗੇ ਜਿਹੜਾ ਅੜਦਾ ਆਖਰ ਉਸਨੇ ਝੜਨਾ ਹੈ।
ਅਮਰਜੀਤ ਸਿੰਘ ਜੀਤ 'ਬਦਲਦੇ ਮੌਸਮਾਂ ਅੰਦਰ ' ਗ਼ਜ਼ਲ ਸੰਗ੍ਰਹਿ ਰਾਹੀਂ ਸਕੂਨ ਭਰੀ ਜ਼ਿੰਦਗੀ ਦੀ ਤਲਾਸ਼ ਕਰ ਰਿਹਾ ਹੈ। ਆਸ਼ਾਵਾਦੀ ਹੋ ਕੇ ਫੁੱਲਾਂ ਵਾਂਗ ਖਿੜੇ ਰਹਿਣ ਲਈ ਪ੍ਰੇਰਦਾ ਹੈ। ਇਤਿਹਾਸ ਦੇ ਪੰਨਿਆਂ ਤੇ ਸੁਨਿਹਰੀ ਹਰਫ਼ਾਂ ਵਿਚ ਦਰਜ਼ ਨਾਇਕਾਂ ਨੂੰ ਵੀ ਯਾਦ ਕਰਦਾ ਹੈ -
ਬੇਸ਼ੱਕ ਸਿਕੰਦਰ ਜੇਤੂ ਰਹੇ,ਸਾਡਾ ਨਾਇਕ ਪੋਰਸ ਹੈ,
'ਜੀਤ' ਹਾਂ ਭਗਤ ਸਰਾਭੇ ਦੇ ਵਾਰਿਸ, ਲੋਕਾਂ ਲਈ ਹਾਂ ਆਸ ਅਸੀਂ।
ਇਕ ਹੋਰ ਸ਼ੇਅਰ
" ਪੋਰਸ ਨਲੂਏ ਮਹਾਂਬਲੀ ਰਾਜੇ ਰਣਜੀਤ ਸਿੰਹਾਂ, ਅੱਗੇ ਅੜਣ ਨਾ ਦਿੱਤੇ ਨਾਢੂ ਖਾਂ,ਪੰਜਾਬੀਏ ਨੀ।"
ਅਮਰਜੀਤ ਨੇ ਇਸ ਕਿਤਾਬ ਵਿਚ ਬਹੁਤ ਸਾਰੇ ਵਿਸ਼ਿਆਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਹੈ। ਕੁੱਝ ਸ਼ੇਅਰਾਂ ਰਾਹੀਂ -
*ਸੱਜਣ ਪਿਆਰੇ ਲਈ ਤਾਂ ਸ਼ੀਸ਼ਾ ਬਣ ਜਾਨੇ ਆਂ,
ਗੁੱਸੇ ਜੇ ਉਹ ਹੋਵੇ ਪਿਆਰ ਨਾਲ ਮਨਾਈਦੈ।
*ਸ਼ਹਿਰ ਚ ਆ ਕੇ ਭੁੱਲ ਗਿਆ ਹੈ ਉਹ ਪਿੰਡ ਨੂੰ ਮੁੜਨਾ,
ਕੱਲ੍ਹ ਹੀ ਬਾਪੂ ਉਸ ਨੂੰ ਯਾਦ ਕਰਾ ਕੇ ਆਇਆ ਹੈ।
*ਹਰ ਨਾਰੀ ਦਾ ਕਰ ਸਤਿਕਾਰ
ਤੇਰੀ ਹੈ ਜਾਂ ਮੇਰੀ ਭੈਣ।
ਲੇਖਕ ਨੇ ਆਪਣੇ ਸ਼ੇਅਰਾਂ ਰਾਹੀਂ ਮਾਂ ਬੋਲੀ ਪੰਜਾਬੀ ਅਤੇ ਕੁਦਰਤ ਦਾ ਸਤਿਕਾਰ ਵਧਾਇਆ ਹੈ। ਸੱਚ ਦੀ ਸਰਾਹਨਾ ਕਰਦਿਆਂ ਬਿਲਕੁਲ ਸਿੱਧੀ ਸਾਦੀ ਭਾਸ਼ਾ ਇਸਤੇਮਾਲ ਕੀਤੀ ਹੈ ਤਾਂ ਕਿ ਲੋਕਾਂ ਨੂੰ ਸਮਝ ਆ ਜਾਵੇ। ਜਿਵੇਂ -
ਸੱਚ ਦੇ ਅੱਗੇ "ਜੀਤ" ਕਦੇ ਕੁੱਝ ਅੜਦਾ ਨਹੀਉਂ,
ਸੱਚ ਦਾ ਸੂਰਜ ਚੜ੍ਹਿਆ ਸੀ ਉਹ ਜਿੱਤ ਗਿਆ।
ਕਿਤਾਬ ' ਬਦਲਦੇ ਮੌਸਮਾਂ ਅੰਦਰ ' ਵਿਚਲੇ ਸ਼ੇਅਰਾਂ ਦਾ ਪਾਠ ਕਰਦਿਆਂ ਬਹੁਤ ਵਾਰ ਮਾਤਰਾ ਦਾ ਗਿਰਨਾ ਰੜਕਦਾ ਹੈ। ਜਿਸਨੂੰ ਸਾਹਤਿਕ ਪ੍ਰੇਮੀ ਤਾਂ ਸਮਝ ਸਕਦੇ ਹਨ ਆਮ ਪਾਠਕ ਦਾ ਤਾਂ ਸੁਆਦ ਜਾਂ ਲੈਅ ਹੀ ਖਰਾਬ ਹੁੰਦਾ ਹੈ। ਪੰਨਾ ਨੰ 31 ਤੇ ਇਕ ਗ਼ਜ਼ਲ ਦੇ ਇੱਕ ਸ਼ੇਅਰ ਵਿਚ ਤਿੰਨ ਵਾਰ ਅਤੇ ਪੰਨਾ ਨੰ 33 ਤੇ ਇਕ ਗ਼ਜ਼ਲ ਵਿਚ ਪੰਜ ਵਾਰ ਮਾਤਰਾ ਦਾ ਗਿਰਨਾ ਗ਼ਜ਼ਲਕਾਰ ਕੋਲ ਸ਼ਬਦਾਵਲੀ ਦੇ ਭੰਡਾਰ ਦੀ ਘਾਟ ਦਾ ਸੰਕੇਤ ਜ਼ਾਹਰ ਕਰਦੇ ਹਨ।
ਅਮਰਜੀਤ ਸਿੰਘ ਜੀਤ ਦਾ 'ਬਦਲਦੇ ਮੌਸਮਾਂ ਅੰਦਰ ' ਗ਼ਜ਼ਲ ਸੰਗ੍ਰਹਿ ਵਿਚਾਰਧਾਰਕ ਤੌਰ ਤੇ ਅਤੇ ਵਜ਼ਨ ਬਹਿਰ ਦੇ ਵਿਆਕਰਣਕ ਪੱਖੋਂ ਬਹੁਤ ਵਧੀਆ ਅਤੇ ਦਿਲਚਸਪ ਹੈ। ਗ਼ਜ਼ਲਕਾਰ ਨੂੰ ਮੁਬਾਰਕਬਾਦ ਅਤੇ ਸਾਹਿਤ ਪ੍ਰੇਮੀਆਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ।
ਰਜਿੰਦਰ ਸਿੰਘ ਰਾਜਨ
ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰ਼1 ਹਰੇੜੀ ਰੋਡ ਸੰਗਰੂਰ।
9876184954
0 comments:
एक टिप्पणी भेजें