' ਬੰਦ ਦਰਵਾਜ਼ੇ ਦੀ ਝਾਤ ' ਰਾਹੀਂ ਬਾਤ ਪਾਉਂਦਾ ਸ਼ਾਇਰ -ਪਵਨ ਕੁਮਾਰ ਹੋਸੀ਼
ਕਮਲੇਸ਼ ਗੋਇਲ ਖਨੌਰੀ
' ਬੰਦ ਦਰਵਾਜ਼ੇ ਦੀ ਝਾਤ ' ਲੇਖਕ ਪਵਨ ਕੁਮਾਰ ਹੋਸੀ਼ ਦਾ ਪਹਿਲਾ ਕਾਵਿ ਸੰਗ੍ਰਹਿ ਹੈ, ਜਿਸ ਨੂੰ ਸਾਦਿਕ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।ਇਸ ਕਿਤਾਬ ਦੇ 104 ਸਫ਼ੇ ਹਨ ਅਤੇ 230 ਰੁਪਏ ਕੀਮਤ ਅੰਕਿਤ ਕੀਤੀ ਗਈ ਹੈ। ਇਹ ਕਿਤਾਬ ਪਵਨ ਜੀ ਨੇ ਆਪਣੇ ਸਵਰਗੀ ਮਾਤਾ ਪਿਤਾ ਨੂੰ ਸਮਰਪਿਤ ਕਰਕੇ ਉਨ੍ਹਾਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਹੈ। ਲੇਖਕ ਪੰਜਾਬ ਪੁਲਿਸ ਚੋਂ ਸੇਵਾ ਮੁਕਤ ਹੋਣ ਉਪਰੰਤ ਸਾਹਿਤ ਵੱਲ ਮੁੜੇ ਹਨ। ਉਹਨਾਂ ਨੂੰ ਆਪਣੀ ਸਰਵਿਸ ਦੇ ਤਜ਼ਰਬਿਆਂ ਦੌਰਾਨ ਅਤੇ ਸਮਾਜ ਵਿੱਚ ਰਹਿੰਦਿਆ ਜਨਤਾ ਨੂੰ ਬੜੀ ਨੇੜਿਓਂ ਦੇਖਣ ਦਾ ਮੌਕਾ ਮਿਲਿਆ ਹੈ । ਉਹਨਾਂ ਨੇ ਸਮਾਜ ਨੂੰ ਪ੍ਰਭਾਵਿਤ ਕਰਨ ਵਾਲੇ ਵਰਤਾਰੇ ਨੂੰ ਕਵਿਤਾ ਰਾਹੀਂ ਪੇਸ਼ ਕਰਨ ਦਾ ਯਤਨ ਕੀਤਾ ਹੈ। ਲੇਖਕ ਪਵਨ ਨੇ ਅੱਜ ਦਾ ਮਨੁੱਖ ਆਪਣੇ ਦੁੱਖ ਤੋਂ ਘੱਟ ਦੁਖੀ ਲਗਦਾ ਹੈ ਪਰ ਦੂਸਰਿਆਂ ਦੇ ਸੁੱਖ ਤੋਂ ਵੱਧ ਦੁਖੀ ਲਗਦਾ ਮੰਨਿਆ ਹੈ।
ਲੋਕਾਂ ਦੀ ਏਕਤਾ ਨੂੰ ਸਿਆਸੀ ਪਾਰਟੀਆਂ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਲਈ ਕਿਵੇਂ ਖੇਰੂੰ ਖੇਰੂੰ ਕਰਦੀਆਂ ਹਨ, ਕਿਵੇਂ ਮੌਕਾਪ੍ਰਸਤ ਸਰਕਾਰਾਂ ਵੋਟਾਂ ਲੈ ਕਿ ਜਨਤਾ ਤੋਂ ਪੰਜ ਸਾਲਾਂ ਤੱਕ ਦੂਰ ਹੋ ਜਾਂਦੀਆਂ ਹਨ। ਇਨ੍ਹਾਂ ਦਾ ਗਿਰਗਿਟ ਵਾਂਗੂ ਰੰਗ ਬਦਲਣਾ ਲੇਖਕ ਨੂੰ ਚੁੱਭਦਾ ਹੈ
ਜਿਵੇਂ -
*ਚਲੋ ਆ ਜੋ ਨੇਤਾ ਜੀ ਇੱਕ ਸਕੀਮ ਬਣਾਈਏ।
ਆਪਣੇ ਦੇਸ਼ ਨੂੰ ਹੁਣ ਆਪਾਂ ਰਲਕੇ ਖਾਈਏ।
*ਜਿਵੇਂ ਇੱਜ਼ਤਾਂ ਹਾਕਮ ਰੋਲ਼ੀ ਜਾਂਦੇ,
ਕਿਉਂ ਅੰਦਰ ਉਠਦਾ ਤੂਫ਼ਾਨ ਨਹੀਂ।
ਲੇਖਕ ਨੇ ਪਿਆਰ, ਮਹੱਬਤ ਅਤੇ ਮਿਤਰਤਾ ਦੇ ਤਿੜਕਦੇ ਰਿਸ਼ਤਿਆਂ ਵਿੱਚ ਖਟਾਸ ਦੀ ਗੱਲ ਕਰਦਿਆਂ ਲਿਖਿਆ ਹੈ:-
ਤੂੰ ਤਾਂ ਬਦਲ ਜਾਂਦਾ ਏਂ, ਹਵਾ ਦੇ ਰੁਖ ਵਾਂਗੂੰ,
ਪਰ ਸਾਥੋਂ ਤਾਂ ਯਾਰਾ ਪਾਸੇ ਵੱਟੇ ਨਹੀਂ ਜਾਂਦੇ।
ਧਨ ਦੌਲਤ ਨੂੰ ਆਉਣੀ ਜਾਣੀ ਚੀਜ਼ ਜਾਂ ਹੱਥਾਂ ਦੀ ਮੈਲ਼ ਕਹਿੰਦਿਆਂ ਹੋਸੀ਼ ਜੀ ਲਿਖਦੇ ਹਨ :-
ਸੱਚਾ ਸੌਦਾ ਅੱਜ ਕਾਫ਼ਰ ਕਰਦੇ,
ਖਵਰੇ ਤੇਰਾਂ ਤੇਰਾਂ ਤੋਲੂ ਕੌਣ ।
ਪਵਨ ਕੁਮਾਰ ਹੋਸੀ਼ ਇਸ ਕਾਵਿ ਸੰਗ੍ਰਹਿ ਰਾਹੀਂ ਦੋਗਲਾ ਕਿਰਦਾਰ ਨਹੀਂ ਨਿਭਾਉਣਾ ਚਾਹੁੰਦਾ, ਉਹ ਇੱਕ ਪਾਸੇ ਹੋ ਕਿਰਤੀ ਲੋਕਾਂ ਦੇ ਹੱਕ ਵਿੱਚ ਖੜਨਾ ਪਸੰਦ ਕਰਦਾ ਹੈ। ਉਸ ਦੇ ਦਿਲ ਨੂੰ ਮਨੁੱਖ ਦੀਆਂ ਜਾਤਾਂ ਪਾਤਾਂ ਅਤੇ ਧਰਮਾਂ ਦੇ ਨਾਂਅ ਤੇ ਵੰਡੀਆਂ ਠੇਸ ਪਹੁੰਚਾਉਂਦੀਆਂ ਹਨ।
ਲੇਖਕ ਨੂੰ ਨੌਜਵਾਨਾਂ ਦਾ ਪ੍ਰਵਾਸੀ ਬਣ ਕੇ ਦੂਜੇ ਦੇਸ਼ਾਂ ਦੀ ਗੁਲਾਮੀ ਕਰਨਾ ਆਪਣੇ ਸ਼ਹੀਦਾਂ ਦੀ ਤੌਹੀਨ ਲੱਗਦਾ ਹੈ, ਕਿਉਂਕਿ ਉਨ੍ਹਾਂ ਨੇ ਦੇਸ਼ ਆਜ਼ਾਦ ਕਰਵਾਉਣ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਸਨ। ਲੇਖਕ ਮਾੜੇ ਸਿਸਟਮ ਦੀ ਘੋਰ ਨਿੰਦਾ ਕਰਦਾ ਹੈ। ਭਾਰਤ ਵਿਚ ਹੱਕ ਮੰਗਣ ਅਤੇ ਸੱਚ ਬੋਲਣ ਲਿਖਣ ਤੇ ਪਾਬੰਦੀਆਂ ਲਗਾਉਣ ਦੇ ਵਰਤਾਰੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦਿਆਂ ਜ਼ੁਬਾਨਬੰਦੀ ਖ਼ਿਲਾਫ਼ ਇੱਕਜੁਟ ਰਹਿਣ ਕਹਿੰਦਾ ਹੈ:-
ਮੁੱਲ ਚੋਖਾ ਮਿਲ ਜਾਂਦਾ, ਗੁੱਛੇ ਵਿਚ ਅੰਗੂਰਾਂ ਦਾ,
ਪਰ ਕੌਡੀ ਭਾਅ ਨਹੀਂ ਪੈਂਦਾ,ਜਦ ਹੋਵਣ ਕੱਲੇ ਕੱਲੇ।
ਲੇਖਕ ਬਰਾਬਰਤਾ ਦਾ ਹਾਮੀ ਹੈ,ਉਹ ਮਾਪਿਆਂ ਨੂੰ ਧੀ ਪੁੱਤਰ ਪ੍ਰਤੀ ਵੱਖ ਵੱਖ ਰੱਵਈਆ ਰੱਖਣ ਤੋਂ ਵਰਜਦਾ ਹੈ ਹੈ ਜਿਵੇਂ -
" ਧੀ ਕਮਾਵੇ ਇਸ਼ਕ ਤਾਂ ਫਿਰ ਖੂਨ ਤੇਰਾ ਖੌਲਦਾ,
ਜਦ ਪੁੱਤ ਚਾੜ੍ਹੇ ਚੰਨ, ਤਾਂ ਫੇਰ ਕਿਓਂ ਨੀ ਬੋਲਦਾ।"
ਇਸ ਕਾਵਿ ਸੰਗ੍ਰਹਿ ਵਿਚ ਹੋਰ ਵੀ ਬਹੁਤ ਵਧੀਆ ਕਵਿਤਾਵਾਂ ਹਨ ਜਿਵੇਂ ਭਰੂਣ ਹੱਤਿਆ ਬੰਦ ਕਰੋ, ਇਨਸਾਨੀਅਤ ਬਿਮਾਰ ਹੈ, ਮਾਂ ਤਾਂ ਮਾਂ ਹੁੰਦੀ ਹੈ ਅਤੇ ਲਾਹੌਰ ਨੂੰ ਜਾਂਦੀਏ ਸੜਕੇ ਰਾਹੀਂ ਕਵੀ ਨੇ ਬਹੁਤ ਕੁੱਝ ਬਿਆਨ ਕੀਤਾ ਹੈ। ਇਨ੍ਹਾਂ ਕਵਿਤਾਵਾਂ ਵਿਚ ਮੁਹਾਵਰਿਆਂ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਜਿਸ ਕਰਕੇ ਲੇਖਕ ਦੇ ਅਥਾਹ ਸ਼ਬਦ ਭੰਡਾਰ ਲਈ ਦਾਦ ਦੇਣੀ ਬਣਦੀ ਹੈ।
" ਬੰਦ ਦਰਵਾਜ਼ੇ ਦੀ ਝਾਤ" ਦਾ ਪਾਠ ਕਰਦਿਆਂ ਪਰੂਫ ਰੀਡਿੰਗ ਅਤੇ ਵਜ਼ਨ ਬਹਿਰ ਦੀ ਵਾਧ ਘਾਟ ਰੜਕਦੀ ਹੈ। ਲੇਖਕ ਦਾ ਵਧੀਆ ਵਿਚਾਰਾਂ ਦਾ ਧਾਰਨੀ ਹੋਣ ਕਾਰਨ ਉਨ੍ਹਾਂ ਨੂੰ ਇਸ ਪੁਸਤਕ ਦੀਆਂ ਬਹੁਤ -ਬਹੁਤ ਮੁਬਾਰਕਾਂ ਹੋਣ।
ਰਜਿੰਦਰ ਸਿੰਘ ਰਾਜਨ
9876184954
ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰ :1 ਹਰੇੜੀ ਰੋਡ ਸੰਗਰੂਰ।
0 comments:
एक टिप्पणी भेजें