ਖਨੌਰੀ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਘਰ ਦੇ ਦਰਵਾਜ਼ੇ ਦਾ ਅਤੇ ਅਲਮਾਰੀਆਂ ਦੇ ਤਾਲੇ ਤੋੜ ਕੇ ਸੋਨਾ ਨਗਦੀ ਤੇ ਹੋਰ ਸਮਾਨ ਦੀ ਕੀਤੀ ਗਈ ਚੋਰੀ
ਸੀਨੀਅਰ ਪੱਤਰਕਾਰ ਨੂੰ ਵੀ ਨਹੀਂ ਬਖਸ਼ਿਆ ਚੋਰਾਂ ਨੇ
ਸ਼ਹਿਰ ਵਿੱਚ ਲਗਾਤਾਰ ਹੀ ਹੋ ਰਹੀਆਂ ਹਨ ਚੋਰੀਆਂ ਪਰ ਪੁਲਿਸ ਚੋਰਾਂ ਨੂੰ ਕਾਬੂ ਕਰਨ ਵਿੱਚ ਹੋ ਰਹੀ ਹੈ ਅਸਫਲ
ਪਿੱਛੇ ਹੋਈਆਂ ਚੋਰੀਆਂ ਦੀ ਸੀ ਟੀ ਸੀ ਫੁਟੇਜ ਦੇਣ ਦੇ ਬਾਵਜੂਦ ਵੀ ਚੋਰ ਨਹੀਂ ਫੜੇ ਜਾ ਸਕੇ
ਇਸ ਚੋਰੀ ਸਮੇਤ ਪਿਛੇ ਹੋਈਆਂ ਚੋਰੀਆਂ ਵਿਚ ਕੈਮਰੇ ਚ ਕੈਦ ਹੋ ਰਹੇ ਤਿੰਨ ਚੋਰ ਮੂੰਹਾਂ ਤੇ ਕਪੜੇ ਬੰਨ੍ਹ ਕੇ ਬੇਖੌਫ ਹੋ ਚੋਰੀਆਂ ਕਰਨ ਦੀਆਂ ਕਰ ਰਹੇ ਹਨ ਵਾਰਦਾਤਾਂ
ਬੀ ਬੀ ਸੀ ਬਿਉਰੋ
ਖਨੌਰੀ, 28 ਫਰਵਰੀ - ਖਨੌਰੀ ਸਹਿਰ ਵਿੱਚ ਚੋਰੀ ਦੀਆਂ ਘਟਨਾਵਾਂ ਦਿਨੋਂ ਦਿਨ ਇੰਨੀਆਂ ਵੱਧ ਗਈਆਂ ਹਨ ਮਾਨੋਂ ਇੰਨਾਂ ਨੂੰ ਪੂਲੀਸ ਦਾ , ਪ੍ਰਸ਼ਾਸ਼ਨ ਦਾ ਸਰਕਾਰ ਦਾ ਜਾਂ ਰੱਬ ਦਾ ਡਰ ਹੀ ਨਹੀਂ ਰਿਹਾ । ਸ਼ਹਿਰ ਵਿੱਚ ਚੋਰੀਆਂ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਚੋਰ ਬੇਖੌਫ ਹੋ ਚੋਰੀਆਂ ਨੂੰ ਅੰਜਾਮ ਦੇ ਰਹੇ ਹਨ ਪਰ ਪੁਲਿਸ ਚੋਰਾਂ ਨੂੰ ਕਾਬੂ ਕਰਨ ਵਿੱਚ ਨਾਕਾਮਯਾਬ ਨਜ਼ਰ ਆ ਰਹੀ ਹੈ ਤੇ ਭਾਵੇਂ ਕਿ ਪੁਲਿਸ ਨੇ ਪਿਛਲੇ ਦਿਨੀਂ ਬੈਟਰੇ ਚੋਰੀ ਕਰਨ ਵਾਲੇ ਦੋ ਚੋਰਾਂ ਨੂੰ ਕਾਬੂ ਕਰ ਕੁਝ ਵਾਹ ਵਾਹ ਖੱਟੀ ਹੈ ਪਰ ਜ਼ਿਆਦਾਤਰ ਹੋਈਆਂ ਚੋਰੀਆਂ ਦਾ ਕੋਈ ਸੁਰਾਗ਼ ਨਹੀਂ ਲੱਗਾ। ਬੀਤੀ ਰਾਤ ਸ਼ਹਿਰ ਦੇ ਵਾਰਡ ਨੰਬਰ 5 ਵਿਚ ਚੋਰਾਂ ਨੇ ਭਰੀ ਆਬਾਦੀ ਵਾਲੀ ਗਲੀ ਵਿਚ ਕਮਲੇਸ਼ ਗੋਇਲ ਪੱਤਰਕਾਰ ਦੇ ਘਰ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਇਸ ਹੋਈ ਚੋਰੀ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਕਮਲੇਸ਼ ਗੋਇਲ ਦੇ ਘਰ ਦੇ ਸਾਹਮਣੇ ਰਹਿਣ ਵਾਲਿਆਂ ਜਦੋਂ ਸਵੇਰੇ ਉੱਠੇ ਤਾਂ ਬਾਹਰ ਨਿਕਲਣ ਲਈ ਜਦੋਂ ਗੇਟ ਖੋਲਣਾ ਚਾਹਿਆ ਪਰ ਗੇਟ ਦੇ ਬਾਹਰੋਂ ਕੁੰਡੀ ਲੱਗੀ ਸੀ ਤਾਂ ਉਹਨਾਂ ਨੇ ਕਿਸੇ ਹੋਰ ਗਵਾਂਢੀ ਨੂੰ ਫੋਨ ਕਰਕੇ ਆਪਣੇ ਘਰ ਦੀ ਕੁੰਡੀ ਖੁਲਵਾਈ ਤੇ ਜਦ ਦੇਖਿਆ ਤਾਂ ਕਮਲੇਸ਼ ਗੋਇਲ ਦੇ ਘਰ ਦਾ ਤਾਲਾ ਟੁੱਟਾ ਪਿਆ ਸੀ ਤੇ ਉਹਨਾਂ ਨੇ ਜਾਂ ਦੇਖਿਆ ਤਾਂ ਘਰ ਦਾ ਸਾਰਾ ਸਮਾਨ ਵੀ ਖਿਲਰਿਆ ਪਿਆ ਸੀ ਤੇ ਉਹਨਾਂ ਨੇ ਇਸ ਬਾਰੇ ਫੋਨ ਤੇ ਕਮਲੇਸ਼ ਗੋਇਲ ਨੂੰ ਸੂਚਿਤ ਕੀਤਾ। ਇਸ ਬਾਰੇ ਲੋਕਾਂ ਦਾ ਕਹਿਣਾ ਹੈ ਕਿ ਚੋਰਾਂ ਨੇ ਕਮਲੇਸ਼ ਗੋਇਲ ਦੇ ਘਰ ਦੇ ਸਾਹਮਣੇ ਵਾਲੇ ਘਰ ਅਤੇ ਇੱਕ ਦੋ ਹੋਰ ਘਰਾਂ ਦੇ ਬਾਹਰ ਵੀ ਕੁੰਡੀ ਲਗਾ ਦਿੱਤੀ ਸੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਲੇਸ਼ ਗੋਇਲ ਨੇ ਦੱਸਿਆ ਕਿ ਉਹ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਗਏ ਹੋਏ ਸਨ ਘਰ ਦੇ ਦਰਵਾਜ਼ੇ ਨੂੰ ਤਾਲਾ ਲਗਾ ਕੇ ਗਏ ਸਨ ਤੇ ਉਹਨਾਂ ਨੂੰ ਫੋਨ ਤੇ ਜਾਣਕਾਰੀ ਮਿਲੀ ਕਿ ਉਹਨਾਂ ਦੇ ਘਰ ਵਿਖੇ ਚੋਰੀ ਹੋ ਗਈ ਹੈ ਜਦੋਂ ਘਰ ਆ ਕੇ ਦੇਖਿਆ ਤਾਂ ਘਰ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ ਤੇ ਕਮਰੇ ਵਿੱਚ ਪਈ ਅਲਮਾਰੀ ਜਿਸ ਦੇ ਵੀ ਤਾਲੇ ਤੋੜੇ ਹੋਏ ਸਨ, ਵਿੱਚੋਂ ਸੋਨਾ, ਨਗਦੀ ਤੇ ਹੋਰ ਪਿਆ ਸਮਾਨ ਵੀ ਚੋਰੀ ਕਰ ਲਿਆ ਗਿਆ। ਕਮਲੇਸ਼ ਗੋਇਲ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਵਰਨਣ ਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਸ਼ਹਿਰ ਦੇ ਸਿਟੀ ਲਾਈਟ ਟੇਲਰਜ਼ ਦੀ ਦੁਕਾਨ ਤੇ ਲਗਾਤਾਰ ਦੋ ਵਾਰੀ ਚੋਰੀ ਹੋ ਗਈ ਸੀ ਅਤੇ ਉਹਨਾਂ ਨੇ ਸੀਟੀਸੀ ਕੈਮਰੇ ਦੀ ਫੁਟੇਜ ਵੀ ਪੁਲਿਸ ਨੂੰ ਦਿੱਤੀਆਂ ਗਈਆਂ ਸਨ ਪ੍ਰੰਤੂ ਇਸ ਦੇ ਬਾਵਜੂਦ ਵੀ ਚੋਰੀਆਂ ਦਾ ਕੋਈ ਪਤਾ ਨਹੀਂ ਸੀ ਲੱਗ ਸਕਿਆ। ਇਹਨਾਂ ਚੋਰੀਆਂ ਤੋਂ ਇਲਾਵਾ ਸ਼ਹਿਰ ਵਿੱਚ ਕਈ ਹੋਰ ਵੀ ਚੋਰੀਆਂ ਹੋਈਆਂ ਸਨ ਜਿਨਾਂ ਦਾ ਵੀ ਕੋਈ ਸੁਰਾਗ ਨਹੀਂ ਸੀ ਲੱਗਾ। ਖਨੌਰੀ ਵਿਖੇ ਲਗਾਤਾਰ ਹੋ ਰਹੀਆਂ ਚੋਰੀਆਂ ਪ੍ਰਤੀ ਸਥਾਨਕ ਲੋਕਾਂ ਵਿੱਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਚਾਹੀਦਾ ਹੈ ਕਿ ਉਹ ਮੁਸਤੈਦੀ ਨਾਲ ਚੋਰੀਆਂ ਕਰਨ ਵਾਲਿਆਂ ਨੂੰ ਕਾਬੂ ਕਰੇ ਤਾਂ ਜੋ ਲਗਾਤਾਰ ਹੋ ਰਹੀਆਂ ਚੋਰੀਆਂ ਤੋ ਰਾਹਤ ਮਿਲ ਸਕੇ।
0 comments:
एक टिप्पणी भेजें