*ਭੋਗ 'ਤੇ ਵਿਸੇਸ਼*
*ਪੰਥ ਪ੍ਰਸਤੀ ਅਤੇ ਵਫਾਦਾਰੀ ਦਾ ਮੁਜੱਸਮਾ ਸੀ ਜਥੇਦਾਰ ਗੁਰਬਚਨ ਸਿੰਘ ਬਿੱਲੂ*
ਬਰਨਾਲਾ : ਕੁੱਝ ਵਿਰਲੇ ਹੀ ਇਨਸਾਨ ਅਜਿਹੇ ਹੁੰਦੇ ਹਨ, ਜਿਹਨਾਂ ਦੇ ਰਗਾਂ ਵਿੱਚ ਵਫਾਦਾਰੀ ਅਤੇ ਪੰਥ ਪ੍ਰਸਤੀ ਦਾ ਖੂਨ ਵਗਦਾ ਹੁੰਦਾ ਹੈ ਅਤੇ ਅਜਿਹੇ ਇਨਸਾਨ ਨੂੰ ਨਾ ਕੋਈ ਲਾਲਚ ਡੁਲਾ ਸਕਦਾ ਹੈ ਅਤੇ ਨਾ ਹੀ ਮੌਤ ਦਾ ਖੌਫ ਡਰਾ ਸਕਦਾ ਹੈ। ਅਜਿਹੀ ਹੀ ਸਖਸੀਅਤ ਸਨ ਜਥੇਦਾਰ ਗੁਰਬਚਨ ਸਿੰਘ ਬਿੱਲੂ, ਜਿਹਨਾਂ ਨੇ ਇਸ ਕਰਕੇ ਆਪਣੇ ਗਲੇ ਦਾ ਅਪ੍ਰੇਸਨ ਨਹੀਂ ਕਰਵਾਇਆ ਕਿ ਡਾਕਟਰਾਂ ਨੇ ਦਾੜੀ ਦੇ ਵਾਲ ਕੱਟਣ ਲਈ ਕਹਿ ਰਹੇ ਸਨ ਅਤੇ ਰਾਜਨੀਤਕ ਤੌਰ 'ਤੇ ਸਾਬਕਾ ਮੁੱਖ ਮੰਤਰੀ ਸ੍ਰ: ਸੁਰਜੀਤ ਸਿੰਘ ਬਰਨਾਲਾ ਨਾਲ ਵਫਾਦਾਰੀ ਪਾਲਦਿਆਂ ਉਹ ਸਾਰਾ ਜੀਵਨ ਭਾਵ ਆਖਰੀ ਸਾਹ ਤੱਕ 'ਬਰਨਾਲਾ ਪਰਵਾਰ' ਨਾਲ ਚਟਾਨ ਵਾਂਗ ਖੜੇ ਰਹੇ।
ਬਰਨਾਲਾ ਵਿਖੇ 1956 ਵਿੱਚ ਜਥੇਦਾਰ ਨਾਨਕ ਸਿੰਘ ਦੇ ਘਰ ਜਨਮੇ ਗੁਰਬਚਨ ਸਿੰਘ ਨੇ ਮੁੱਢਲੀ ਸਿੱਖਿਆ ਸਰਕਾਰੀ ਸਕੂਲ ਬਰਨਾਲਾ ਤੋਂ ਪ੍ਰਾਪਤ ਕੀਤੀ। ਘਰ ਵਿੱਚ ਸਿੱਖੀ ਦਾ ਮਾਹੌਲ ਹੋਣ ਕਰਕੇ ਗੁਰਬਚਨ ਸਿੰਘ ਬਚਪਣ ਵਿੱਚ ਹੀ ਪੰਜ ਬਾਣੀਆਂ ਦੇ ਨਿੱਤਨੇਮੀ ਹੋ ਗਏ ਅਤੇ ਉਹ ਛੋਟੀ ਉਮਰ ਵਿੱਚ ਹੀ ਅੰਮ੍ਰਿਤਧਾਰੀ ਹੋ ਗਏ। ਜਵਾਨੀ ਦੇ ਦਿਨਾਂ ਵਿੱਚ ਹੀ ਉਹ ਸ੍ਰ: ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ 'ਚ ਸ੍ਰੋਮਣੀ ਅਕਾਲੀ ਦਲ ਵਿੱਚ ਸਾਮਲ ਹੋ ਕੇ ਰਾਜਨੀਤਿਕ ਖੇਤਰ ਵਿੱਚ ਵਿਚਰਨ ਲੱਗੇ। ਇਹ ਵੀ ਜਥੇਦਾਰ ਗੁਰਬਚਨ ਸਿੰਘ ਬਿੱਲੂ ਦੇ ਹਿੱਸੇ ਹੀ ਆਇਆ ਹੈ ਕਿ ਉਹਨਾਂ ਆਖਰੀ ਸਵਾਸ ਤਾਂ ਨਾ ਤਾਂ ਆਪਣਾ ਨਿੱਤਨੇਮ ਛੱਡਿਆ ਅਤੇ ਨਾ ਹੀ ਸ੍ਰ: ਸੁਰਜੀਤ ਸਿੰਘ ਬਰਨਾਲਾ ਦੇ ਪਰਵਾਰ ਦਾ ਸਾਥ ਛੱਡਿਆ। ਜਥੇਦਾਰ ਗੁਰਬਚਨ ਸਿੰਘ ਦੀ ਸਾਦੀ ਬੀਬੀ ਸੁਰਜੀਤ ਕੌਰ ਨਾਲ ਹੋਈ ਅਤੇ ਉਹਨਾਂ ਦੇ ਘਰ ਤਿੰਨ ਪੁੱਤਰਾਂ ਨੇ ਜਨਮ ਲਿਆ। ਰਾਜਨੀਤੀਕ ਖੇਤਰ ਵਿੱਚ ਬਹੁਤ ਜਲਦੀ ਹੀ ਉਹਨਾਂ ਦੀ ਪਹਿਚਾਣ ਜਥੇਦਾਰ ਗੁਰਬਚਨ ਸਿੰਘ ਬਿੱਲੂ ਵੱਜੋਂ ਬਣ ਗਈ ਅਤੇ ਉਹ ਸ੍ਰੋਮਣੀ ਅਕਾਲੀ ਦੇ ਸਰਕਲ ਪ੍ਰਧਾਨ ਬਣ ਗਏ।ਇਸ ਉਪਰੰਤ ਉਹ ਕਈ ਵਾਰ ਜਿਲਾ ਸੀਨੀਅਰ ਮੀਤ ਪ੍ਰਧਾਨ ਅਤੇ ਹੋਰ ਆਹੁਦਿਆਂ 'ਤੇ ਵੀ ਰਹੇ। ਅਕਾਲੀ ਸਰਕਾਰਾਂ ਸਮੇਂ ਉਹ ਸਿਹਤ ਵਿਭਾਗ, ਪੁਲਸ ਪ੍ਰਸਾਸਨ ਅਤੇ ਸਿਵਲ ਪ੍ਰਸਾਸ਼ਨ ਨਾਲ ਸਬੰਧਿਤ ਕਈ ਕਮੇਟੀ ਦੇ ਮੈਂਬਰ ਵੀ ਰਹੇ। ਗੁਰਚਰਨ ਸਿੰਘ ਬਿੱਲੂ ਨੇ ਐਮਰਜੈਂਸੀ ਮੋਰਚੇ, ਧਰਮਯੁੱਧ ਮੋਰਚੇ ਦੌਰਾਨ ਅਤੇ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਸਮੇਂ ਜੇਲ੍ਹ ਵਿੱਚ ਵੀ ਕੱਟੀ। ਕਿਸੇ ਲਾਲਚ ਜਾਂ ਲਾਲਸਾ ਤੋਂ ਨਿਰਲੇਪ ਜਥੇਦਾਰ ਗੁਰਬਚਨ ਸਿੰਘ ਬਿੱਲੂ ਨੇ ਪਾਰਟੀ ਜਾਂ ਬਰਨਾਲਾ ਪਰਵਾਰ ਤੋਂ ਕਦੇ ਵੀ ਆਪਣੇ ਜਾਂ ਆਪਣੇ ਪਰਵਾਰ ਲਈ ਕੁੱਝ ਨਹੀਂ ਮੰਗਿਆ, ਸਗੋਂ ਹਰ ਸਮੇਂ ਆਪਣੇ ਦੂਸਰੇ ਸਾਥੀਆਂ ਨੂੰ ਅੱਗੇ ਕਰਦੇ ਰਹੇ। ਇਸ ਦੌਰਾਨ ਉਹਨਾਂ ਨੇ ਲਗਤਾਰ 14 ਸਾਲ ਗੁਰਦੁਆਰਾ ਨਾਨਕਪੁਰਾ ਗੱਡਾਖਾਨਾ ਚੌਂਕ ਬਰਨਾਲਾ ਦੇ ਪ੍ਰਧਾਨ ਵੱਜੋਂ ਸੇਵਾਵਾਂ ਨਿਭਾਈਆਂ । ਹੁਣ ਪਿਛਲੇ 15 ਸਾਲਾਂ ਤੋਂ ਉਹਨਾਂ ਨੇ ਜਦੋਂ ਰਾਮ ਰਾਜਯ ਕਾਲੋਨੀ ਵਿੱਚ ਆਪਣੀ ਰਿਹਾਇਸ ਕਰ ਲਈ ਤਾਂ ਉਸ ਸਮੇਂ ਤੋਂ ਹੀ ਉਹਨਾਂ ਨੇ ਰਾਜਨੀਤੀ ਤੋਂ ਬਿਲਕੁੱਲ ਕਿਨਾਰਾ ਕਰ ਲਿਆ ਅਤੇ ਉਹ ਆਪਣਾ ਨਿੱਤਨੇਮ ਕਰਨ ਉਪਰੰਤ ਸਾਰਾ ਦਿਨ ਗੁਰੂ ਗਰੰਥ ਸਾਹਿਬ ਦੇ ਚਰਨਾਂ ਵਿੱਚ ਹੀ ਬਤੀਤ ਕਰਨ ਲੱਗੇ। ਪਿਛਲੇ ਕੁੱਝ ਸਾਲਾਂ ਤੋਂ ਉਹਨਾਂ ਦੇ ਗਲੇ ਵਿੱਚ ਫੂਡ ਪਾਇਪ ਅੰਦਰ ਕੋਈ ਨੁਕਸ ਆ ਗਿਆ, ਪਰ ਉਹਨਾਂ ਨੇ ਇਸ ਕਰਕੇ ਗਲੇ ਦਾ ਆਪ੍ਰੇਸ਼ਨ ਨਹੀਂ ਕਰਵਾਇਆ ਕਿ ਡਾਕਟਰਾਂ ਨੇ ਅਪ੍ਰੇਸਨ ਲਈ ਦਾੜੀ ਦੇ ਵਾਲ ਕੱਟਣ ਲਈ ਕਹਿ ਦਿੱਤਾ ਸੀ। ਜਥੇਦਾਰ ਗੁਰਬਚਨ ਸਿੰਘ ਬਿੱਲੂ ਦੇ ਤਿੰਨਾਂ ਪੁੱਤਰਾਂ ਵਿਚੋਂ ਵੱਡਾ ਪੁੱਤਰ ਬਲਵੰਤ ਸਿੰਘ ਚੰਡੀਗੜ੍ਹ ਵਿਖੇ ਹਾਈਕੋਰਟ ਵਿੱਚ ਸੇਵਾਵਾਂ ਨਿਭਾ ਰਿਹਾ ਹੈ, ਵਿਚਕਾਰਲਾ ਪੁੱਤਰ ਤਰਲੋਕ ਸਿੰਘ ਬੀਬੀ ਸੁਰਜੀਤ ਕੌਰ ਬਰਨਾਲਾ ਅਤੇ ਗਗਨਦੀਪ ਸਿੰਘ ਬਰਨਾਲਾ ਨਾਲ ਪੀ.ਏ ਦੇ ਤੌਰ 'ਤੇ ਸੇਵਾ ਨਿਭਾ ਰਿਹਾ ਹੈ, ਜਦਕਿ ਛੋਟਾ ਪੁੱਤਰ ਬਲਜਿੰਦਰ ਸਿੰਘ ਚੌਹਾਨ ਪੱਤਰਕਾਰੀ ਖੇਤਰ ਵਿੱਚ ਸਰਗਰਮ ਹੈ ਅਤੇ ਪੱਤਰਕਾਰਾਂ ਦੀ ਕਈ ਜਥੇਬੰਦੀਆਂ ਦਾ ਆਹੁਦੇਦਾਰ ਹੈ। ਅਖੀਰ ਆਪਣੇ ਅਕੀਦੇ ਦੇ ਪੱਕੇ ਰਹਿੰਦਿਆਂ, ਸਿੱਖੀ ਨੂੰ ਕੇਸਾਂ ਸਵਾਸਾਂ ਨਾਲ ਨਿਭਾਕੇ 29 ਜਨਵਰੀ 2025 ਨੂੰ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਵਿਰਾਜੇ ਜਥੇਦਾਰ ਗੁਰਬਚਨ ਸਿੰਘ ਬਿੱਲੂ ਦੇ ਨਮਿੱਤ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 7 ਫਰਵਰੀ 2025 ਦਿਨ ਸੁਕਰਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਬਾਬਾ ਕਾਲਾ ਮਹਿਰ ਬਰਨਾਲਾ ਵਿਖੇ ਹੋਵੇਗੀ, ਜਿਥੇ ਰਿਸਤੇਦਾਰਾਂ ਅਤੇ ਸੱਜਣ-ਸਨੇਹੀਆਂ ਸਮੇਤ ਇਲਾਕੇ ਦੀਆਂ ਰਾਜਸੀ, ਧਾਰਮਿਕ, ਸਮਾਜਿਕ ਅਤੇ ਜਨਤਕ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਉਹਨਾਂ ਨੂੰ ਸਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਹਨ।
.... ਜਗਸੀਰ ਸਿੰਘ ਸੰਧੂ
0 comments:
एक टिप्पणी भेजें