ਇਤਿਹਾਸ ਦੇ ਗੌਰਵਮਈ ਕਿਰਦਾਰ ਨੂੰ ਜੀਵਨ ਵਿੱਚ ਢਾਲਣ ਦੀ ਲੋੜ: ਡਾ: ਮੀਤ ਖਟੜਾ
ਕਮਲੇਸ਼ ਗੋਇਲ ਖਨੌਰੀ
ਸੰਗਰੂਰ 31 ਮਾਰਚ - ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਦਾ ਮਹੀਨਾਵਾਰ ਸਾਹਿਤਕ ਸਮਾਗਮ 30 ਮਾਰਚ ਦਿਨ ਐਤਵਾਰ ਨੂੰ ਡਾ: ਮੀਤ ਖਟੜਾ ਦੀ ਪ੍ਰਧਾਨਗੀ ਵਿੱਚ ਲੇਖਕ ਭਵਨ, ਹਰੇੜੀ ਰੋਡ ਸੰਗਰੂਰ ਵਿਖੇ ਹੋਇਆ, ਜਿਸ ਵਿੱਚ ਉੱਘੇ ਸਾਹਿਤਕਾਰ ਗੁਰਨਾਮ ਸਿੰਘ ਪ੍ਰਭਾਤ ਦਾ ਇਕਾਂਗੀ ਸੰਗ੍ਰਹਿ 'ਇਤਿਹਾਸ ਬੋਲਦਾ ਹੈ' 'ਤੇ ਗੋਸ਼ਟੀ ਕਰਵਾਈ ਗਈ। ਉੱਘੇ ਲੇਖਕ ਤੇ ਆਲੋਚਕ ਨਰਿੰਜਣ ਬੋਹਾ ਨੇ ਪਰਚਾ ਪੜ੍ਹਦੇ ਹੋਏ ਕਿਹਾ ਕਿ ਸਾਡਾ ਭਵਿੱਖ ਵਰਤਮਾਨ ਦੀ ਵਿਉਂਤਬੰਦੀ 'ਤੇ ਨਿਰਭਰ ਕਰਦਾ ਹੈ ਅਤੇ ਉਪਰੋਕਤ ਇਕਾਂਗੀ ਸੰਗ੍ਰਹਿ ਵਿੱਚ ਦਰਜ ਨਾਟਕਾਂ ਦਾ ਮੰਚਨ ਹੋਣਾ ਚਾਹੀਦਾ ਹੈ। ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਉੱਘੇ ਸਾਹਿਤਕਾਰ ਬਲਬੀਰ ਲੌਂਗੋਵਾਲ ਨੇ ਕਿਹਾ ਕਿ ਉਪਰੋਕਤ ਇਕਾਂਗੀ ਸੰਗ੍ਰਹਿ ਵਿੱਚ ਔਰਤ ਪਾਤਰਾਂ ਨੂੰ ਇੱਕ ਨਾਇਕ ਵਜੋਂ ਪੇਸ਼ ਕਰਨਾ ਬਹੁਤ ਸ਼ਲਾਘਾਯੋਗ ਗੱਲ ਹੈ। ਤਰਕਸ਼ੀਲ ਆਗੂ ਜੁਝਾਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਉਪਰੋਕਤ ਇਕਾਂਗੀ ਸੰਗ੍ਰਹਿ ਵਿੱਚ ਔਰਤਾਂ ਦੀ ਸ਼ਹਿਣਸ਼ੀਲਤਾ ਤੇ ਕੁਰਬਾਨੀ ਨੂੰ ਸੁਚੱਜੇ ਢੰਗ ਨਾਲ ਉਭਾਰਿਆ ਗਿਆ ਹੈ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡਾ: ਜਪਪ੍ਰੀਤ ਕੌਰ ਭੰਗੂ ਨੇ ਉਪਰੋਕਤ ਇਕਾਂਗੀ ਸੰਗ੍ਰਹਿ ਦੇ ਲੇਖਕ ਗੁਰਨਾਮ ਸਿੰਘ ਪ੍ਰਭਾਤ ਦੇ ਸਾਹਿਤਕ ਜੀਵਨ ਤੇ ਲਿਖਣ ਪ੍ਰਕਿਰਿਆ ਬਾਰੇ ਚਾਨਣਾ ਪਾਇਆ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਉੱਘੇ ਸਾਹਿਤਕਾਰ ਡਾ: ਮੀਤ ਖਟੜਾ ਕਿਹਾ ਕਿ ਇਤਿਹਾਸ ਦੇ ਗੌਰਵਮਈ ਕਿਰਦਾਰ ਨੂੰ ਜੀਵਨ ਵਿੱਚ ਢਾਲਣਾ ਸਮੇਂ ਦੀ ਅਣਸਰਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਗੁਰਨਾਮ ਸਿੰਘ ਪ੍ਰਭਾਤ ਵੱਲੋਂ ਸਿੱਖ ਇਤਿਹਾਸ ਦੀ ਪੂਰੀ ਤਰ੍ਹਾਂ ਪੜਚੋਲ ਕਰ ਕੇ ਉਪਰੋਕਤ ਇਕਾਂਗੀ ਸੰਗ੍ਰਹਿ ਲਿਖਿਆ ਗਿਆ ਹੈ। ਸਭਾ ਦੇ ਪ੍ਰੈੱਸ ਸਕੱਤਰ ਪਵਨ ਕੁਮਾਰ ਹੋਸ਼ੀ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਡਾ: ਮੀਤ ਖਟੜਾ, ਜੱਗੀ ਮਾਨ, ਧਰਮਵੀਰ, ਬਲਵੰਤ ਸਿੰਘ ਜੋਗਾ, ਪਵਨ ਕੁਮਾਰ ਹੋਸ਼ੀ, ਬਹਾਦਰ ਸਿੰਘ ਧੌਲਾ, ਰਜਿੰਦਰ ਸਿੰਘ ਰਾਜਨ, ਸੁਖਵਿੰਦਰ ਸਿੰਘ ਲੋਟੇ, ਕਰਮ ਸਿੰਘ ਜ਼ਖ਼ਮੀ, ਬਲਬੀਰ ਲੌਂਗੋਵਾਲ, ਮੂਲ ਚੰਦ ਸ਼ਰਮਾ, ਨਿਰੰਜਣ ਬੋਹਾ, ਡਾ: ਜਪਪ੍ਰੀਤ ਕੌਰ ਭੰਗੂ, ਜੁਝਾਰ ਸਿੰਘ ਲੌਂਗੋਵਾਲ, ਕੁਲਦੀਪ ਸਿੰਘ, ਨੈਬ ਸਿੰਘ, ਰਾਜਦੀਪ ਸਿੰਘ, ਗੁਰੀ ਚੰਦੜ, ਬੱਲੀ ਬਲਜਿੰਦਰ ਈਲਵਾਲ, ਸੁਰਜੀਤ ਸਿੰਘ ਮੌਜੀ, ਸਰਬਜੀਤ ਸੰਗਰੂਰਵੀ, ਕੁਲਵੰਤ ਖਨੌਰੀ, ਭੁਪਿੰਦਰ ਨਾਗਪਾਲ, ਦੇਸ਼ ਭੂਸ਼ਣ, ਬਲਵੰਤ ਕੌਰ ਘਨੌਰੀ ਕਲਾਂ, ਖੁਸ਼ਪ੍ਰੀਤ ਕੌਰ, ਇੰਦਰਪ੍ਰੀਤ ਕੌਰ ਅਤੇ ਮੁਲਖ ਰਾਜ ਲਹਿਰੀ ਆਦਿ ਕਵੀਆਂ ਨੇ ਹਿੱਸਾ ਲਿਆ। ਅੰਤ ਵਿੱਚ ਕਰਮ ਸਿੰਘ ਜ਼ਖ਼ਮੀ ਨੇ ਸਾਰੇ ਸਾਹਿਤਕਾਰਾਂ ਤੇ ਸਰੋਤਿਆਂ ਲਈ ਧੰਨਵਾਦੀ ਸ਼ਬਦ ਕਹੇ ਅਤੇ ਮੰਚ ਸੰਚਾਲਨ ਦੀ ਭੂਮਿਕਾ ਰਜਿੰਦਰ ਸਿੰਘ ਰਾਜਨ ਨੇ ਬਾਖ਼ੂਬੀ ਨਿਭਾਈ।
0 comments:
एक टिप्पणी भेजें