ਖਨੌਰੀ ਵਿਖੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਵਿਚ 27 ਜਣਿਆਂ ਨੂੰ ਮਾਰੇ ਜਾਣ ਦੇ ਵਿਰੋਧ ਵਿੱਚ ਕੀਤਾ ਗਿਆ ਰੋਸ ਪ੍ਰਦਰਸ਼ਨ
ਖਨੌਰੀ ਇਲਾਕੇ ਦੇ ਲੋਕਾਂ ਅਤੇ ਵੱਖ ਵੱਖ ਜਥੇਬੰਦੀਆਂ ਨੇ ਸ਼ਹਿਰ ਵਿੱਚ ਕੱਢਿਆ ਰੋਸ ਮਾਰਚ
ਖਨੌਰੀ ਵਾਸੀਆਂ ਨੇ ਸਾੜਿਆ ਪਾਕਿਸਤਾਨ ਦਾ ਪੁਤਲਾ
ਰੋਸ ਮਾਰਚ ਸ੍ਰੀ ਨੈਨਾਂ ਦੇਵੀ ਮੰਦਰ ਤੋਂ ਆਰੰਭ ਹੋ ਵੱਖ ਵੱਖ ਥਾਵਾਂ ਤੇ ਹੁੰਦਾ ਹੋਇਆ ਬੱਸ ਸਟੈਂਡ ਵਾਲੇ ਕੱਟ ਤੇ ਪਹੁੰਚਿਆ ਜਿਥੇ ਸਾੜਿਆ ਗਿਆ ਪਾਕਿਸਤਾਨ ਅੱਤਵਾਦ ਦਾ ਪੁਤਲਾ
ਕਮਲੇਸ਼ ਗੋਇਲ ਖਨੌਰੀ
ਖਨੌਰੀ , 25 ਅਪ੍ਰੈਲ - ਖਨੌਰੀ ਇਲਾਕੇ ਦੇ ਲੋਕਾਂ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਹੋਏ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਨਿਰਦੋਸ਼ ਹਿੰਦੂ ਲੋਕਾਂ ਪ੍ਰਤੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਉਹਨਾਂ ਨੇ ਇਸ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਅਤੇ ਪਾਕਿਸਤਾਨ ਦਾ ਪੁਤਲਾ ਵੀ ਸਾੜਿਆ। ਜੰਮੂ ਕਸ਼ਮੀਰ ਦੇ ਅਨੰਤ ਨਾਗ ਜ਼ਿਲੇ ਦੇ ਪਹਿਲਗਾਮ ਵਿੱਚ ਕੱਲ ਦੁਪਹਿਰ ਸਮੇਂ ਅੱਤਵਾਦੀਆਂ ਨੇ ਇੱਕ ਪ੍ਰਸਿੱਧ ਘਾਹ ਦੇ ਮੈਦਾਨ ਵਿੱਚ ਸਿੱਧੀਆਂ ਗੋਲੀਆਂ ਚਲਾ ਕੇ 28 ਨਿਰਦੋਸ਼ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਮਰਨ ਵਾਲਿਆਂ ਵਿਚ ਜਿਆਦਾਤਰ ਸੈਲਾਨੀ ਸਨ। ਇਹ ਅੱਤਵਾਦੀ ਹਮਲਾ 2019 ਚ ਪੁਲਵਾਮਾ ਹਮਲੇ ਤੋਂ ਬਾਅਦ ਘਾਟੀ ਵਿੱਚ ਸਭ ਤੋਂ ਵੱਡਾ ਘਾਤਕ ਹਮਲਾ ਹੈ। ਅੱਜ ਸ਼ਹਿਰ ਦੀਆਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਤੇ ਵਰਕਰ, ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੇ ਅਹੁਦੇਦਾਰਾਂ ਸਮੇਤ ਸਮੁੱਚੇ ਸ਼ਹਿਰ ਦੇ ਲੋਕ ਇਸ ਹੋਈ ਮਾੜੀ ਘਟਨਾ ਦੇ ਰੋਸ ਵਜੋਂ ਸ਼ਹਿਰ ਦੇ ਸ਼੍ਰੀ ਨੈਣਾ ਦੇਵੀ ਮੰਦਰ ਵਿਖੇ ਇਕੱਠੇ ਹੋਏ। ਜਿੱਥੇ ਵੱਖ ਵੱਖ ਆਗੂਆਂ ਨੇ ਇਸ ਅੱਤਵਾਦੀ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਪਾਕਿਸਤਾਨ ਦਾ ਇਹ ਘਿਨੋਉਣਾ ਕਾਰਾ ਦੱਸਿਆ। ਇਹਨਾਂ ਆਗੂਆਂ ਨੇ ਕਿਹਾ ਕਿ ਪਾਕਿਸਤਾਨ ਆਪਣੀਆਂ ਕੋਝੀਆਂ ਚਾਲਾਂ ਤੋਂ ਬਾਜ ਜਾਵੇ ਨਹੀਂ ਤਾਂ ਉਸ ਨੂੰ ਮੂੰਹ ਦੀ ਖਾਣੀ ਪਵੇਗੀ। ਇਸ ਉਪਰੰਤ ਸ਼ਹਿਰ ਦੇ ਲੋਕਾਂ ਵੱਲੋਂ ਹੱਥ ਵਿੱਚ ਬੈਨਰ ਫੜ ਕੇ ਜਿਸ ਤੇ "ਪਾਕਿਸਤਾਨ ਇਸਲਾਮਿਕ ਅੱਤਵਾਦ ਮੁਰਦਾਬਾਦ" ਆਦਿ ਦੇ ਨਾਅਰੇ ਲਿਖੇ ਹੋਏ ਸਨ, ਅਤੇ ਇੱਕ ਗੱਡੀ ਤੇ ਪਾਕਿਸਤਾਨ ਅੱਤਵਾਦ ਦਾ ਪੁਤਲਾ ਲੱਦ ਕੇ ਰੋਸ ਮਾਰਚ ਸ਼ੁਰੂ ਕੀਤਾ ਅਤੇ ਇਸ ਰੋਸ ਪ੍ਰਦਰਸ਼ਨ ਦੌਰਾਨ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਹਿਰ ਵਾਸੀ ਪਾਕਿਸਤਾਨ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਆਪਣਾ ਰੋਸ ਪ੍ਰਦਰਸ਼ਨ ਕਰਦੇ ਜਾ ਰਹੇ ਸਨ। ਇਹ ਰੋਸ ਮਾਰਚ ਸ੍ਰੀ ਨੈਣਾ ਦੇਵੀ ਮੰਦਰ ਤੋਂ ਸ਼ੁਰੂ ਹੋ ਕੇ ਟਰੱਕ ਮਾਰਕੀਟ ਵਿੱਚੋਂ ਦੀ ਹੁੰਦਾ ਆਇਆ ਮੇਨ ਬਾਜ਼ਾਰ, ਕੈਥਲ ਰੋਡ, ਨਰਵਾਣਾ ਰੋਡ ਤੋਂ ਹੁੰਦਾ ਹੋਇਆ ਬੱਸ ਸਟੈਂਡ ਵਾਲੇ ਕੱਟ ਵਿਖੇ ਪਹੁੰਚਿਆ ਜਿੱਥੇ ਸ਼ਹਿਰ ਵਾਸੀਆਂ ਨੇ ਪਾਕਿਸਤਾਨ ਦਾ ਪੁਤਲਾ ਸਾੜਿਆ।
0 comments:
एक टिप्पणी भेजें